ਸੁਰਜੀਤ ਮਜਾਰੀ
ਬੰਗਾ, 25 ਨਵੰਬਰ
ਪੇਂਡੂ ਮਜ਼ਦੂਰ ਯੂਨੀਅਨ ਵੱਲੋਂ ਅੱਜ ਬੇਜ਼ਮੀਨੇ ਮਜ਼ਦੂਰਾਂ ਦੇ ਕਰਜ਼ੇ ਮੁਆਫ਼ ਕਰਨ ਲਈ ਮੁਜ਼ਾਹਰਾ ਕੀਤਾ ਗਿਆ। ਯੂਨੀਅਨ ਵਲੋਂ ਪਿੰਡ-ਪਿੰਡ ਜਾਗ੍ਰਿਤੀ ਮੁਹਿੰਮ ਤਹਿਤ ਅੱਜ ਪਿੰਡ ਖਮਾਚੋਂ ਦੀ ਸਹਿਕਾਰੀ ਸਭਾ ਅੱਗੇ ਕੀਤੇ ਗਏ ਰੋਸ ਪ੍ਰਦਰਸ਼ਨ ’ਚ ਮਜ਼ਦੂਰਾਂ ਨੇ ਭਾਰੀ ਗਿਣਤੀ ’ਚ ਹਿੱਸਾ ਲਿਆ। ਪ੍ਰਦਰਸ਼ਨ ਦੌਰਾਨ ਪੰਜਾਬ ਸਰਕਾਰ ਨੂੰ ਚੋਣਾਂ ਸਮੇਂ ਕਰਜ਼ਾ ਮੁਆਫ਼ੀ ਦਾ ਵਾਅਦਾ ਯਾਦ ਕਰਵਾਇਆ ਗਿਆ ਅਤੇ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਗਈ। ਇਸ ਮੌਕੇ ਯੂਨੀਅਨ ਦੇ ਸੂਬਾਈ ਆਗੂ ਮਹਿੰਦਰ ਸਿੰਘ ਖੈਰੜ ਨੇ ਕਿਹਾ ਕਿ ਕੈਪਟਨ ਸਰਕਾਰ ਦਾ ਮਜ਼ਦੂਰਾਂ ਦੇ ਕਰਜ਼ੇ ਮੁਆਫ਼ ਕਰਨ ਦੇ ਵਾਅਦੇ ਤੋਂ ਮੁਕਰਨਾ ਮੰਦਭਾਗਾ ਹੈ। ਉਨ੍ਹਾਂ ਕਿਹਾ ਕਿ ਮੰਗ ਪੂਰੀ ਹੋਣ ਤੱਕ ਯੂਨੀਅਨ ਦਾ ਸੰਘਰਸ਼ ਜਾਰੀ ਰਹੇਗਾ। ਪ੍ਰਦਰਸ਼ਨ ਦੌਰਾਨ ਬਿਨਾਂ ਗਰੰਟੀ ਦੇ ਇੱਕ ਲੱਖ ਦਾ ਕਰਜ਼ਾ ਦੇਣ, ਵਿਆਜ਼ ਦਰ ਚਾਰ ਫ਼ੀਸਦੀ ਕਰਨ, ਖੁਦਕਸ਼ੀਆਂ ਕਰਨ ਵਾਲੇ ਮਜ਼ਦੂਰਾਂ ਨੂੰ ਮੁਆਵਜ਼ਾ ਦੇਣ, ਸਰਕਾਰੀ ਮਨਰੇਗਾ ਦੀ ਦਿਹਾੜੀ 6ਸੌ ਕਰਨ, ਪਾਣੀ ਦੀਆਂ ਟੂਟੀਆਂ ਦੇ ਬਿੱਲ ਮੁਆਫ਼ ਕਰਨ, ਸ਼ਗਨ ਸਕੀਮ ਦਾ ਪੈਸਾ ਤੁਰੰਤ ਜਾਰੀ ਕਰਨ ਆਦਿ ਮੰਗਾਂ ਲਈ ਵੀ ਆਵਾਜ਼ ਬੁਲੰਦ ਕੀਤੀ ਗਈ। ਇਸ ਮੌਕੇ ਮਹਿੰਦਰ ਸਿੰਘ, ਦੀਪਕ ਖਮਾਚੋਂ ਅਵਤਾਰ ਕੌਰ, ਬਾਬਾ ਦਵਿੰਦਰ ਸਿੰਘ, ਕਸ਼ਮੀਰ ਕੌਰ, ਜਸਵੀਰ ਕੌਰ, ਸੰਜੀਵ ਕੁਮਾਰ ਆਦਿ ਵੀ ਸ਼ਾਮਲ ਸਨ।