ਪੱਤਰ ਪ੍ਰੇਰਕ
ਸ਼ਾਹਕੋਟ, 3 ਨਵੰਬਰ
ਸਿਹਤ ਵਿਭਾਗ ਨੇ ਡੇਂਗੂ ਸਰਵੇ ਮੁਹਿੰਮ ਤਹਿਤ ਪਿੰਡ ਬੱਗਾ ਵਿਚ ਘਰ-ਘਰ ਜਾ ਕੇ ਸਰਵੇਖਣ ਕੀਤਾ। ਜ਼ਿਕਰਯੋਗ ਹੈ ਕਿ ਪਿੰਡ ਬੱਗਾ ਵਿਚ ਡੇਂਗੂ ਦਾ ਇਕ ਪਾਜ਼ੇਟਿਵ ਮਰੀਜ਼ ਮਿਲਿਆ ਹੈ, ਜਿਸ ਨੂੰ ਸਰਕਾਰੀ ਹਸਪਤਾਲ ਸ਼ਾਹਕੋਟ ਵਿਚ ਡੇਂਗੂ ਮਰੀਜ਼ਾਂ ਲਈ ਬਣਾਏ ਗਏ ਵਿਸ਼ੇਸ਼ ਵਾਰਡ ਵਿਚ ਭਰਤੀ ਕੀਤਾ ਗਿਆ ਹੈ।
ਐਸ.ਐਮ.ਓ ਸ਼ਾਹਕੋਟ ਡਾ. ਦਵਿੰਦਰ ਪਾਲ ਸਿੰਘ ਨੇ ਦੱਸਿਆ ਕਿ ਮਰੀਜ਼ ਦੀ ਹਾਲਤ ਸਥਿਰ ਹੈ ਅਤੇ ਉਸਦਾ ਇਲਾਜ ਕੀਤਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਉਕਤ ਮਰੀਜ਼ ਦੇ ਮਿਲਣ ਤੋਂ ਬਾਅਦ ਉਨ੍ਹਾਂ ਨੇ ਵਿਭਾਗ ਦੀ ਟੀਮ ਨੂੰ ਮਰੀਜ਼ ਦੇ ਘਰ ਦੇ ਆਲੇ-ਦੁਆਲੇ ਦੇ 30 ਘਰਾਂ ਤੋਂ ਇਲਾਵਾ ਸਮੁੱਚੇ ਪਿੰਡ ਦੇ ਘਰਾਂ ਦਾ ਸਰਵੇ ਕਰਨ ਦੇ ਨਿਰਦੇਸ਼ ਦਿੱਤੇ ਸਨ। ਜਿਸ ਤਹਿਤ ਮਲਟੀਪਰਪਜ਼ ਹੈਲਥ ਵਰਕਰ ਵਰਿੰਦਰ ਕੁਮਾਰ, ਆਸ਼ਾ ਫੈਸਿਲੀਟੇਟਰ ਕੁਲਵੰਤ ਕੌਰ ਅਤੇ ਆਸ਼ਾ ਵਰਕਰਾਂ ’ਤੇ ਅਧਾਰਿਤ ਟੀਮ ਨੇ ਪਿੰਡ ਦਾ ਸਰਵੇਖਣ ਕੀਤਾ। ਸਰਵੇ ਦੌਰਾਨ ਡੇਂਗੂ ਦਾ ਕੋਈ ਵੀ ਲਾਰਵਾ ਨਹੀ ਮਿਲਿਆ। ਉਨ੍ਹਾਂ ਕਿਹਾ ਕਿ ਬਲਾਕ ਵਿਚ ਡੇਂਗੂ ਦੀ ਰੋਕਥਾਮ ਲਈ ਚਲਾਈ ਜਾਗਰੂਕਤਾ ਮੁਹਿੰਮ ਨਿਰੰਤਰ ਜਾਰੀ ਰਹੇਗੀ।