ਪੱਤਰ ਪ੍ਰੇਰਕ
ਕਰਤਾਰਪੁਰ, 19 ਜੁਲਾਈ
ਇਥੋਂ ਦੀ ਇਕਲੌਤੀ ਫਿਸ਼ ਹੈਚਰੀ ਵਿਚੋਂ ਬਰਸਾਤੀ ਮੌਸਮ ਵਿੱਚ ਡੇਂਗੂ ਦੀ ਰੋਕਥਾਮ ਲਈ ਪਿੰਡਾਂ ਅਤੇ ਸ਼ਹਿਰਾਂ ਦੇ ਛੱਪੜਾਂ ਵਿਚ ਗੰਬੂਜੀਆ ਮੱਛੀਆਂ ਛੱਡਣ ਦਾ ਕੰਮ ਸਿਹਤ ਵਿਭਾਗ ਦੇ ਅਧਿਕਾਰੀ ਚੁਸਤੀ ਫੁਰਤੀ ਨਾਲ ਸ਼ੁਰੂ ਨਹੀਂ ਕਰਵਾ ਸਕੇ। ਇਨ੍ਹਾਂ ਦੀਆਂ ਟੀਮਾਂ ਸਿਰਫ ਸ਼ਹਿਰਾਂ ਵਿਚ ਹੀ ਪੁੱਜਦੀਆਂ ਹਨ ਜਦਕਿ ਪਿੰਡਾਂ ਤੋਂ ਇਨ੍ਹਾਂ ਨੇ ਦੂਰੀ ਬਣਾ ਲਈ ਹੈ। ਡੇਂਗੂ ਦੇ ਲਾਰਵੇ ਦਾ ਵਾਧਾ ਰੋਕਣ ਲਈ ਪਿੰਡਾਂ ਦੀਆਂ ਪੰਚਾਇਤਾਂ ਆਪਣੇ ਤੌਰ ’ਤੇ ਕੰਮ ਕਰ ਰਹੀਆਂ ਹਨ। ਜ਼ਿਲ੍ਹਾ ਜਲੰਧਰ ਦੇ ਵੱਖ ਵੱਖ ਪਿੰਡਾਂ ਵਿਚਲੇ ਛੱਪੜਾਂ ਅਤੇ ਖਾਲੀ ਥਾਵਾਂ ਜਿੱਥੇ ਬਰਸਾਤੀ ਮੌਸਮ ਵਿਚ ਪਾਣੀ ਜਮ੍ਹਾਂ ਹੋ ਜਾਂਦਾ ਹੈ, ਦੀ ਪਛਾਣ ਕਰਨ ਲਈ ਸਿਹਤ ਵਿਭਾਗ ਦੇ ਅਧਿਕਾਰੀ ਅਤੇ ਕਰਮਚਾਰੀਆਂ ਨੇ ਪਿੰਡਾਂ ਦੇ ਪੰਚਾਂ ਸਰਪੰਚਾਂ ਤੱਕ ਹਾਲੇ ਤੱਕ ਪਹੁੰਚ ਨਹੀਂ ਕੀਤੀ। ਤਰਾਸਦੀ ਇਹ ਹੈ ਕਿ ਸਰਕਾਰੀ ਹਸਪਤਾਲ ਕਰਤਾਰਪੁਰ ਵਿਚ ਬਣੀ ਫਿਸ਼ ਹੈਚਰੀ ਦੀ ਤਰਸਯੋਗ ਹਾਲਤ ਨੂੰ ਸਿਵਲ ਸਰਜਨ ਜਲੰਧਰ ਦੇ ਆਉਣ ਮੌਕੇ ਸਾਫ਼ ਸਫਾਈ ਕਰਕੇ ਪਾਣੀ ਛੱਡ ਕੇ ਵਧੀਆ ਦਿੱਖ ਦਿਖਾਉਣ ਦਾ ਯਤਨ ਕੀਤਾ ਗਿਆ ਹੈ। ਸੀਨੀਅਰ ਮੈਡੀਕਲ ਅਫਸਰ ਡਾ. ਜਸਵਿੰਦਰ ਸਿੰਘ ਨੇ ਕਿਹਾ ਕਿ ਜ਼ਿਲ੍ਹੇ ਦੇ ਵੱਖ ਵੱਖ ਪ੍ਰਾਇਮਰੀ ਹੈਲਥ ਸੈਂਟਰਾਂ ਦੇ ਅਧੀਨ ਆਉਂਦੇ ਪਿੰਡਾਂ ਵਿਚ ਗੰਬੂਜੀਆ ਮੱਛੀਆਂ ਛੱਡਣ ਦਾ ਕੰਮ ਉਨ੍ਹਾਂ ਦੀ ਦੇਖ ਰੇਖ ਹੇਠ ਨਹੀਂ ਆਉਂਦਾ। ਜ਼ਿਲ੍ਹਾ ਐਪੀਡੀਮੋਲੋਜਿਸਟ ਡਾ. ਅਦਿੱਤਿਆ ਨੇ ਦੱਸਿਆ ਕਿ ਹੁਣ ਤੱਕ ਸਿਰਫ਼ ਦੋ ਪੀ ਐਚ ਸੀ ਕਾਲਾ ਬੱਕਰਾ ਅਤੇ ਕਰਤਾਰਪੁਰ ਦੇ ਸੈਨੇਟਰੀ ਇੰਸਪੈਕਟਰਾਂ ਨੇ ਗੰਬੂਜੀਆ ਮੱਛੀਆਂ ਹੈਚਰੀ ਤੋਂ ਲਈਆਂ ਹਨ। ਉਨ੍ਹਾਂ ਇਹ ਕਹਿ ਕੇ ਪੱਲਾ ਝਾੜਿਆ ਕਿ ਗੰਬੂਜੀਆ ਮੱਛੀਆਂ ਕਿਹੜੀਆਂ ਥਾਂਵਾਂ ’ਤੇ ਛੱਡਣੀਆਂ ਹਨ ਦਾ ਉਨ੍ਹਾਂ ਕੋਲ ਕੋਈ ਖਾਕਾ ਤਿਆਰ ਨਹੀਂ ਹੈ।