ਪੱਤਰ ਪ੍ਰੇਰਕ
ਆਦਮਪੁਰ ਦੋਆਬਾ, 3 ਅਗਸਤ
ਮਾਤਾ ਚਿੰਤਪੁਰਨੀ ਦੇ ਦਰਸ਼ਨਾਂ ਲਈ ਜਾ ਰਹੇ ਸੱਤ ਦੋਸਤ ਅੱਜ ਇੱਥੇ ਕਠਾਰ ਸਥਿਤ ਆਰੀਆਂ ਸਮਾਜ ਮੰਦਰ ਵਿੱਚ ਥੋੜ੍ਹੀ ਦੇਰ ਅਰਾਮ ਕਰਨ ਲਈ ਰੁਕੇ। ਜਿੱਥੇ ਇੱਕ ਦੀ ਕਰੰਟ ਲੱਗਣ ਨਾਲ ਮੌਤ ਹੋ ਗਈ। ਅਵਤਾਰ ਸਿੰਘ ਪੁੱਤਰ ਬੂਟਾ ਸਿੰਘ ਵਾਸੀ ਨਸ਼ਹਿਰਾ ਪੰਨੂਆਂ (ਤਰਨ ਤਾਰਨ) ਜੋ ਕਿ 7 ਹੋਰ ਦੋਸਤਾਂ ਨਾਲ ਮਾਤਾ ਰਾਣੀ ਦੇ ਦਰਸ਼ਨਾਂ ਲਈ ਜਾ ਰਿਹਾ ਸੀ। ਕਠਾਰ (ਆਦਮਪੁਰ) ਪੁੱਜਣ ’ਤੇ ਉਹ ਆਰੀਆ ਸਮਾਜ ਮੰਦਰ ਵਿੱਚ ਅਰਾਮ ਕਰਨ ਲਈ ਰੁਕੇ।
ਉਨ੍ਹਾਂ ਨੇ ਇਸ਼ਨਾਨ ਉਪਰੰਤ ਲੰਗਰ ਛਕਿਆ ਅਤੇ ਅਵਤਾਰ ਸਿੰਘ ਨੇ ਆਪਣੀ ਕਮੀਜ਼ ਧੋ ਕੇ ਮੰਦਰ ਦੀ ਛੱਤ ਉੱਪਰ ਸੁੱਕਣੀ ਪਾ ਦਿੱਤੀ। ਦਰਸ਼ਨਾਂ ਉਪਰੰਤ ਜਦੋਂ ਉਹ ਤੁਰਨ ਲੱਗੇ ਤਾਂ ਅਵਤਾਰ ਸਿੰਘ ਆਪਣੀ ਕਮੀਜ਼ ਛੱਤ ਤੋਂ ਲੈਣ ਚਲੇ ਗਿਆ। ਜੋ ਬਿਜਲੀ ਦੀਆਂ ਤਾਰਾਂ ਦੀ ਚਪੇਟ ਵਿੱਚ ਆ ਗਿਆ। ਮੰਦਰ ਦੇ ਸੇਵਾਦਾਰਾਂ ਅਤੇ ਉਸ ਦੇ ਸਾਥੀਆਂ ਨੇ ਉਸ ਨੂੰ ਕਠਾਰ ਦੇ ਹਸਪਤਾਲ ਵਿੱਚ ਲਿਆਂਦਾ। ਜਿਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਥਾਣਾ ਆਦਮਪੁਰ ਮੁਖੀ ਇੰਸਪੈਕਟਰ ਰਾਜੀਵ ਕੁਮਾਰ, ਏਐੱਸਆਈ ਗੁਰਦੇਵ ਸਿੰਘ ਪੁਲੀਸ ਪਾਰਟੀ ਸਮੇਤ ਘਟਨਾ ਸਥਾਨ ’ਤੇ ਪੁੱਜੇ ਅਤੇ ਜਾਂਚ ਸ਼ੁਰੂ ਕੀਤੀ। ਉਨ੍ਹਾਂ ਲਾਸ਼ ਸਿਵਲ ਹਸਪਤਾਲ ਵਿੱਚ ਪੋਸਟਮਾਰਟਮ ਲਈ ਭੇਜ ਦਿੱਤੀ। ਇਸ ਦੌਰਾਨ ਆਰੀਆ ਸਮਾਜ ਮੰਦਰ ਦੇ ਮੁੱਖ ਸੇਵਾਦਾਰ ਸੁਆਮੀ ਰਾਘਵਨੰਦ ਅਤੇ ਪ੍ਰਬੰਧਕ ਕਮੇਟੀ ਦੇ ਮੈਂਬਰਾਂ ਵੱਲੋਂ ਮ੍ਰਿਤਕ ਦੇ ਪਿਤਾ ਬੂਟਾ ਸਿੰਘ ਦੀ ਕੁਝ ਆਰਥਿਕ ਸਹਾਇਤਾ ਵੀ ਕੀਤੀ ਗਈ।
ਰੇਲ ਗੱਡੀ ਹੇਠ ਆਉਣ ਕਾਰਨ ਮੌਤ
ਆਦਮਪੁਰ ਦੋਆਬਾ (ਪੱਤਰ ਪ੍ਰੇਰਕ): ਰੇਲਵੇ ਟਰੈਕ ਬਿਆਸ ਪਿੰਡ ਤੋਂ ਕਾਲਾ ਬੱਕਰਾ ਵਿਚਕਾਰ ਇਕ ਵਿਅਕਤੀ ਦੀ ਗੱਡੀ ਹੇਠ ਆਉਣ ਕਾਰਨ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਸੱਤਪਾਲ 63 ਸਾਲ ਪੁੱਤਰ ਗੁਰਦੀਪ ਚੰਦ ਵਾਸੀ ਰਹੀਮਪੁਰ ਥਾਣਾ ਕਰਤਾਰਪੁਰ ਜ਼ਿਲ੍ਹਾ ਜਲੰਧਰ ਵਜੋਂ ਹੋਈ ਹੈ। ਉਹ ਸਵੇਰੇ 11.30 ਵਜੇ ਆਪ ਟਰੈਕ ’ਤੇ ਮਾਲਵਾ ਜੰਮੂ ਰੇਲ ਗੱਡੀ ਹੇਠ ਆ ਗਿਆ ਸੀ। ਰੇਲਵੇ ਪੁਲੀਸ ਦੇ ਇੰਚਾਰਜ ਏਐੱਸਆਈ ਅੰਮ੍ਰਿਤਪਾਲ ਸਿੰਘ ਮੌਕੇ ’ਤੇ ਪਹੁੰਚੇ ਅਤੇ ਕਾਰਵਾਈ ਕੀਤੀ। ਮੌਕੇ ’ਤੇ ਪਹੁੰਚੇ ਪਰਿਵਾਰਕ ਮੈਂਬਰਾਂ ਨੇ ਮ੍ਰਿਤਕ ਦੀ ਪਛਾਣ ਕੀਤੀ ਅਤੇ ਦੱਸਿਆ ਕਿ ਉਸ ਦੀ ਦਿਮਾਗੀ ਹਾਲਤ ਠੀਕ ਨਹੀਂ ਸੀ। ਇਸ ਦੌਰਾਨ ਰੇਲਵੇ ਪੁਲੀਸ ਵੱਲੋਂ 174 ਦੀ ਕਾਰਵਾਈ ਕੀਤੀ ਗਈ ਹੈ।