ਪੱਤਰ ਪ੍ਰੇਰਕ
ਬੰਗਾ, 17 ਅਕਤੂਬਰ
ਇਥੋਂ ਨਜ਼ਦੀਕੀ ਪਿੰਡ ਢਾਹਾਂ ਨੂੰ ਪੰਜਾਬੀ ਸਾਹਿਤ ’ਚ ਸੱਭ ਤੋਂ ਵੱਡੀ ਰਾਸ਼ੀ ਵਾਲਾ ਪੁਰਸਕਾਰ ਦੇਣ ਲਈ ਕੌਮਾਂਤਰੀ ਪਛਾਣ ਮਿਲੀ ਹੈ। ਇਹ ਕਾਰਜ ਪਿੰਡ ਢਾਹਾਂ ਵਾਸੀ ਬਰਜਿੰਦਰ ਸਿੰਘ ਢਾਹਾਂ ਆਪਣੀ ਜਨਮ ਭੂਮੀ ਨੂੰ ਸਿਜਦਾ ਕਰਦਿਆਂ ਆਪਣੀ ਕਰਮ ਭੂਮੀ ਵੈਨਕੋਵਰ ਤੋਂ ਕਰਦੇ ਆ ਰਹੇ ਹਨ। ਇਸ ਵਾਰ ਇਸ ਪੁਰਸਕਾਰ ਲਈ ਲਾਹੌਰ ਦੇ ਲੇਖਕ ਨੈਨ ਸੁੱਖ ਦੀ ਪੁਸਤਕ ‘ਜੋਗੀ ਸੱਪ ਤਰਾਹ’ ਨੂੰ ਚੁਣਿਆਂ ਗਿਆ ਹੈ। ਅਣਵੰਡੇ ਪੰਜਾਬ ਦੀ ਲੋਕਧਾਰੀ ਵਿਰਾਸਤ ਅਤੇ ਸਰਬ ਸਾਂਝੇ ਇਤਿਹਾਸ ’ਚੋਂ ਵੰਨ ਸਵੰਨੇ ਵਿਸ਼ਿਆਂ ਨੂੰ ਮੋਹ ਤੇ ਨਿਰਪੱਖਤਾ ਨਾਲ ਚਿਤਰਨ ਕਰਨ ਲਈ ਐਲਾਨੇ ਇਸ ਇਨਾਮ ’ਚ 25 ਹਜ਼ਾਰ ਡਾਲਰ ਸ਼ਾਮਲ ਹਨ।
ਇਵੇਂ ਵੀਹ ਹਜ਼ਾਰ ਡਾਲਰ ਦੀ ਬਰਾਬਰ ਨਗਦੀ ਵਾਲੇ ਉਤਸ਼ਾਹੂ ਪੁਰਸਕਾਰ ‘ਆਪਣੇ ਆਪਣੇ ਮਰਸੀਏ’ (ਸਰਘੀ, ਅਮ੍ਰਿੰਤਸਰ) ਅਤੇ ‘ਮਿੱਟੀ ਬੋਲ ਪਈ’ (ਬਲਵੀਰ ਮਾਧੋਪੁਰੀ, ਨਵੀਂ ਦਿੱਲੀਂ) ਨੂੰ ਸ਼ਾਮਲ ਹਨ। ‘ਢਾਹਾਂ ਕੈਨੇਡਾ ਇੰਡੀਆ ਐਜ਼ੂਕੇਸ਼ਨ ਸੁਸਾਇਟੀ’ ਦੇ ਬੈਨਰ ਹੇਠ ਹੋਈ ਇਸ ਵਾਰ ਦੀ ਪ੍ਰਤੀਯੋਗਤਾ ’ਚ ਭਾਰਤ ਤੇ ਪਾਕਿਸਤਾਨ ਤੋਂ 40 ਨਾਮਵਰ ਪੁਸਤਕਾਂ ਦਰਜ਼ ਹੋਈਆਂ ਸਨ। ‘ਢਾਹਾਂ ਸਾਹਿਤ ਪੁਰਸਕਾਰ’ ਪ੍ਰਤੀ ਪਿੰਡ ਢਾਹਾਂ ਵਿਖੇ ਖੁਸ਼ੀ ਦਾ ਇਜ਼ਹਾਰ ਕਰਦਿਆਂ ਸਮਾਜ ਸੇਵੀ ਜੱਥੇਦਾਰ ਕੁਲਵਿੰਦਰ ਸਿੰਘ ਢਾਹਾਂ ਅਤੇ ਸਾਬਕਾ ਸਰਪੰਚ ਗੁਰਦੀਪ ਸਿੰਘ ਨੇ ਕਿਹਾ ਕਿ ਉਹਨਾਂ ਦੇ ਪਿੰਡ ਨੂੰ ਪੰਜਾਬੀ ਸਾਹਿਤ ਦੀ ਸੇਵਾ ਕਰਨ ਦਾ ਮਾਣ ਮਿਲਣਾ ਵੱਡੀ ਪ੍ਰਾਪਤੀ ਹੈ ਜਿਸ ਨਾਲ ਸਰਹੱਦ ਦੇ ਦੋਹਾਂ ਪਾਸੇ ਵਸੇ ਪੰਜਾਬ ਦੀ ਸਾਂਝੀ ਧੜਕਣ ਵਜੋਂ ਪੰਜਾਬੀ ਭਾਸ਼ਾ ਦੇ ਬਹੁਪੱਖੀ ਵਿਕਾਸ ’ਚ ਯੋਗਦਾਨ ਪੈ ਰਿਹਾ ਹੈ।