ਜੇ.ਬੀ.ਸੇਖੋਂ
ਗੜ੍ਹਸ਼ੰਕਰ, 20 ਮਾਰਚ
ਬੀਤ ਇਲਾਕੇ ਦੇ ਪਿੰਡ ਮੈਹਿੰਦਵਾਣੀ ਨੇੜੇ ਹਿਮਾਚਲ ਪ੍ਰਦੇਸ਼ ਦੀ ਹੱਦ ਵਿੱਚ ਲੱਗੀ ਸਾਬਣ ਬਣਾਉਣ ਵਾਲੀ ਫੈਕਟਰੀ ਮੌਡਲੈਸ ਕਾਸਮੈਟਿਕਸ ਗੋਂਦਪੁਰ ਵੱਲੋਂ ਫੈਲਾਏ ਜਾ ਰਹੇ ਪ੍ਰਦੂਸ਼ਣ ਤੋਂ ਪ੍ਰੇਸ਼ਾਨ ਪੰਜਾਬ ਦੇ ਵੱਖ ਵੱਖ ਪਿੰਡਾਂ ਦੇ ਵਸਨੀਕਾਂ ਵੱਲੋਂ ਫੈਕਟਰੀ ਦੇ ਸਾਹਮਣੇ ਰੋਸ ਧਰਨਾ ਦਿੱਤਾ ਗਿਆ। ਇਸ ਮੌਕੇ ਬੁਲਾਰਿਆਂ ਨੇ ਕਿਹਾ ਕਿ ਇਸ ਫੈਕਟਰੀ ਦੇ ਪ੍ਰਬੰਧਕਾਂ ਵੱਲੋਂ ਕੋਇਲੇ ਦੀ ਥਾਂ ਸਸਤੇ ਬਾਲਣ ਵਜੋਂ ਵਰਤੀ ਜਾਂਦੀ ਪਰਾਲੀ ਅਤੇ ਤੂੜੀ ਫੂਕ ਕੇ ਪੰਜਾਬ ਵੱਲ ਪੈਂਦੇ ਪਿੰਡਾਂ ਵਿੱਚ ਵੱਡੀ ਪੱਧਰ ’ਤੇ ਪ੍ਰਦੂਸ਼ਣ ਫੈਲਾਇਆ ਜਾ ਰਿਹਾ ਹੈ ਜਿਸ ਨਾਲ ਲੋਕਾਂ ਦਾ ਜੀਉਣਾ ਔਖਾ ਹੋ ਗਿਆ ਹੈ। ਧਰਨੇ ਦੀ ਅਗਵਾਈ ਗਊ ਸੇਵਾ ਮਿਸ਼ਨ ਦੇ ਬਾਬਾ ਸ਼ੁੱਧ ਸਿੰਘ ਟੂਸੇ ਅਤੇ ਬਾਬਾ ਬਲਵਿੰਦਰ ਸਿੰਘ ਮਾਛੀਵਾੜਾ ਸਾਹਿਬ ਵਾਲਿਆਂ ਨੇ ਕੀਤੀ। ਉਨ੍ਹਾਂ ਕਿਹਾ ਕਿ ਫੈਕਟਰੀ ਦੇ ਮਾਲਕਾਂ ਵੱਲੋਂ ਬਾਲਣ ਲਈ ਪ੍ਰਦੂਸ਼ਣ ਪੈਲਾਉਣ ਵਾਲੀ ਸਮੱਗਰੀ ਨੂੰ ਵਰਤਿਆ ਜਾ ਰਿਹਾ ਹੈ ਜੋ ਕਿ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਨਿਯਮਾਂ ਦੀ ਸਿੱਧੀ ਉਲੰਘਣਾ ਹੈ।
ਇਸ ਮੌਕੇ ਹਲਕਾ ਵਿਧਾਇਕ ਜੈ ਕ੍ਰਿਸ਼ਨ ਸਿੰਘ ਰੌੜੀ ਨੇ ਕਿਹਾ ਕਿ ਹਿਮਾਚਲ ਪ੍ਰਦੇਸ਼ ਦੀਆਂ ਸਨਅਤਾਂ ਦਾ ਖਮਿਆਜ਼ਾ ਕੰਢੀ ਇਲਾਕੇ ਦੇ ਪਿੰਡਾਂ ਨੂੰ ਭੁਗਤਣਾ ਪੈ ਰਿਹਾ ਹੈ ਜਦੋਂਕਿ ਇਹ ਸਨਅਤਾਂ ਪੰਜਾਬ ਦੇ ਲੋਕਾਂ ਨੂੰ ਕੋਈ ਰੁਜ਼ਗਾਰ ਦੇਣ ਦੀ ਥਾਂ ਪ੍ਰਦੂਸ਼ਣ ਦੇ ਰਹੀਆਂ ਹਨ। ਉਨ੍ਹਾਂ ਧਰਨਾਕਾਰੀਆਂ ਨੂੰ ਇਸ ਸੰਘਰਸ਼ ਵਿੱਚ ਹਰ ਤਰ੍ਹਾਂ ਦੇ ਸਹਿਯੋਗ ਦਾ ਸਮਰਥਨ ਦਿੱਤਾ।
ਇਸ ਮੌਕੇ ਐਡਵੋਕੇਟ ਪੰਕਜ ਕ੍ਰਿਪਾਲ, ਸੁੱਚਾ ਸਿੰਘ ਸਰਪੰਚ ਰਤਨਪੁਰ, ਗਰੀਬ ਦਾਸ ਬੀਟਣ, ਹਰਅਮਰਿੰਦਰ ਸਿੰਘ ਰਿੰਕੂ ਨੇ ਕਿਹਾ ਕਿ ਇਸ ਫੈਕਟਰੀ ਦੇ ਪ੍ਰਦੂਸ਼ਣ ਕਾਰਨ ਨੇੜਲੇ ਪਿੰਡਾਂ ਮੈਹਿੰਦਵਾਣੀ, ਪੰਡੋਰੀ, ਮੈਹਿੰਦਵਾਣੀ ਗੁੱਜਰਾਂ, ਭਡਿਆਰ, ਬੀਣੇਵਾਲ, ਟਿੱਬੀਆਂ ਸਮੇਤ ਹਿਮਾਚਲ ਪ੍ਰਦੇਸ਼ ਦੇ ਅਨੇਕਾਂ ਪਿੰਡਾਂ ਵਿੱਚ ਗੰਦੇ ਪਾਣੀ ਦੀ ਬਦਬੂ ਆਉਂਦੀ ਹੈ ਅਤੇ ਸਿਹਤ ਲਈ ਹਾਨੀਕਾਰਨ ਸਵਾਹ ਹਵਾ ਵਿੱਚ ਫੈਲਦੀ ਹੈ। ਪਿੰਡ ਵਾਸੀਆਂ ਅਨੁਸਾਰ ਪਰਾਲੀ ਅਤੇ ਤੂੜੀ ਦੀ ਅੰਨ੍ਹੇਵਾਹ ਵਰਤੋਂ ਕਰਨ ਨਾਲ ਇਲਾਕੇ ਵਿੱਚ ਪਸ਼ੂਆਂ ਦੇ ਚਾਰੇ ਦੀ ਵੀ ਭਾਰੀ ਕਿੱਲਤ ਹੋ ਗਈ ਹੈ। ਇਸ ਮੌਕੇ ਪ੍ਰਦਰਸ਼ਨਕਾਰੀਆਂ ਨੇ ਕਿਹਾ ਕਿ ਜੇ ਫੈਕਟਰੀ ਮਾਲਕਾਂ ਨੇ ਇਸ ਪਾਸੇ ਧਿਆਨ ਨਾ ਦਿੱਤਾ ਤਾਂ ਸੰਘਰਸ਼ ਨੂੰ ਹੋਰ ਤੇਜ਼ ਕੀਤਾ ਜਾਵੇਗਾ।