ਪੱਤਰ ਪ੍ਰੇਰਕ
ਸ਼ਾਹਕੋਟ, 3 ਨਵੰਬਰ
ਪਿੰਡ ਕੰਨੀਆਂ ਕਲਾਂ ਵਿੱਚ ਪਲਾਸਟਿਕ ਦੀਆਂ ਰੱਸੀਆਂ ਬਣਾਉਣ ਲਈ ਉਸਾਰੀ ਫੈਕਟਰੀ ਨੂੰ ਬੰਦ ਕਰਵਾਉਣ ਲਈ ਇਲਾਕਾ ਵਾਸੀਆਂ ਵੱਲੋਂ ਫੈਕਟਰੀ ਅੱਗੇ ਲਾਇਆ ਦਿਨ-ਰਾਤ ਦਾ ਧਰਨਾ 12 ਵੇਂ ਦਿਨ ਵੀ ਜਾਰੀ ਰਿਹਾ। ਦੱਸਣਯੋਗ ਹੈ ਕਿ ਇਲਾਕੇ ਦੇ ਪੌਣੀ ਦਰਜਨ ਪਿੰਡਾਂ ਦੇ ਲੋਕ ਧਰਨੇ ਨੂੰ ਕਾਮਯਾਬ ਕਰਨ ਲਈ ਸਵੇਰੇ, ਦੁਪਹਿਰ ਅਤੇ ਰਾਤ ਦੀਆਂ ਸ਼ਿਫਟਾਂ ਵਿਚ ਸ਼ਮੂਲੀਅਤ ਕਰ ਰਹੇ ਹਨ। ਇਲਾਕਾ ਵਾਸੀਆਂ ਦਾ ਕਹਿਣਾ ਹੈ ਕਿ ਉਹ ਫੈਕਟਰੀ ਨੂੰ ਬੰਦ ਕਰਵਾਏ ਤੋਂ ਬਿਨਾਂ ਧਰਨਾ ਸਮਾਪਤ ਨਹੀਂ ਕਰਨਗੇ। ਅੱਜ ਦੇ ਧਰਨੇ ਵਿੱਚ ਰਜਿੰਦਰ ਸਿੰਘ ਨੰਗਲ ਅੰਬੀਆਂ, ਨਿਰਮਲ ਸਿੰਘ ਢੰਡੋਵਾਲ, ਕੰਨੀਆਂ ਕਲਾਂ ਦੇ ਸਰਪੰਚ ਰਜਿੰਦਰ ਸਿੰਘ ਸ਼ੇਰਾ, ਨੰਗਲ ਅੰਬੀਆਂ ਖੁਰਦ ਦੇ ਸਰਪੰਚ ਸੁਖਦੇਵ ਸਿੰਘ, ਨੰਗਲ ਅੰਬੀਆਂ ਦੇ ਸਰਪੰਚ ਪਰਮਿੰਦਰ ਸਿੰਘ ਸੰਧੂ, ਰਵੇਲ ਸਿੰਘ, ਬਾਬਾ ਬਲਬੀਰ ਸਿੰਘ, ਲਖਵੀਰ ਸਿੰਘ ਨੰਦੜਾ ਅਤੇ ਅਮਰਪ੍ਰੀਤ ਸਿੰਘ ਝੀਤਾ ਹਾਜ਼ਰ ਸਨ।