ਫਗਵਾੜਾ: ਨਗਰ ਨਿਗਮ ਕਮਿਸ਼ਨਰ ਕਮ ਵਧੀਕ ਡਿਪਟੀ ਕਮਿਸ਼ਨਰ ਫਗਵਾਡਾ ਡਾ. ਨਯਨ ਜੱਸਲ ਨੇ ਵੱਖ-ਵੱਖ ਗਊਸ਼ਾਲਾਵਾਂ ਦੇ ਪ੍ਰਬੰਧਕਾਂ ਨਾਲ ਮੀਟਿੰਗ ਕਰ ਕੇ ਗਊ ਧਨ ਨੂੰ ਲੰਪੀ ਸਕਿਨ ਬਿਮਾਰੀ ਤੋਂ ਬਚਾਅ, ਬੇਸਹਾਰਾ ਗਊ ਧੰਨ ਦੀ ਦੇਖਭਾਲ ਬਾਰੇ ਚਰਚਾ ਕੀਤੀ ਗਈ। ਉਨਾਂ ਸ੍ਰੀ ਕ੍ਰਿਸ਼ਨ ਗਊਸ਼ਾਲਾ, ਵਰਿੰਦਰਾ ਪਾਰਕ ਗਊਸ਼ਾਲਾ, ਸ੍ਰੀ ਗੋਵਿੰਦ ਗਊ ਧਾਮ ਸੁਖਚੈਨਆਣਾ ਰੋਡ, ਰਾਮਾ ਕ੍ਰਿਸ਼ਨਾ ਗਊਸ਼ਾਲਾ ਦੇ ਪ੍ਰਬੰਧਕਾਂ ਨਾਲ ਮੀਟਿੰਗ ਦੌਰਾਨ ਕਿਹਾ ਕਿ ਬੇਸਹਾਰਾ ਪਸ਼ੂਆਂ ਦੀ ਦੇਖਭਾਲ ਤੇ ਉਨ੍ਹਾਂ ਕਾਰਨ ਹੋਣ ਵਾਲੇ ਸੜਕੀ ਹਾਦਸਿਆਂ ਨੂੰ ਰੋਕਣ ਲਈ ਪ੍ਰਸ਼ਾਸਨ ਵਲੋਂ ਗਊਸ਼ਾਲਾਵਾਂ ਨਾਲ ਮਿਲ ਕੇ ਕੰਮ ਕੀਤਾ ਜਾਵੇਗਾ। ਉਨ੍ਹਾਂ ਨਗਰ ਨਿਗਮ ਦੇ ਅਧਿਕਾਰੀਆਂ ਨੂੰ ਕਿਹਾ ਕਿ ਉਹ ਸਰਕਾਰੀ ਤੌਰ ’ਤੇ ਗਊਸ਼ਾਲਾ ਦੀ ਸਥਾਪਨਾ ਲਈ ਫਗਵਾੜਾ ਨਗਰ ਨਿਗਮ ਤਹਿਤ ਖੇਤਰ ਅੰਦਰ ਜ਼ਮੀਨ ਦੀ ਤਲਾਸ਼ ਕਰਨ। ਇਸ ਤੋਂ ਇਲਾਵਾ ਸ਼ਹਿਰ ਅੰਦਰ ਲੋਕਾਂ ਵਲੋਂ ਦੁੱਧ ਨਾ ਦੇਣ ਵਾਲੇ ਪਸ਼ੂਆਂ ਨੂੰ ਛੱਡਣ ਤੋਂ ਰੋਕਣ ਲਈ ਪੁਲੀਸ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਗਏ। -ਪੱਤਰ ਪ੍ਰੇਰਕ