ਜੇ.ਬੀ.ਸੇਖੋਂ
ਗੜ੍ਹਸ਼ੰਕਰ, 19 ਅਕਤੂਬਰ
ਇਸ ਤਹਿਸੀਲ ਅਧੀਨ ਅਤੇ ਨੇੜੇ ਦੇ ਹੋਰ ਕੰਢੀ ਇਲਾਕੇ ਵਜੋਂ ਜਾਣੇ ਜਾਂਦੇ ਖੇਤਰ ਦੀ ਸਮੁੱਚੀ ਖੇਤੀ ਜਿੱਥੇ ਕੁਦਰਤੀ ਆਫਤਾਂ ਦੀ ਸ਼ਿਕਾਰ ਰਹਿੰਦੀ ਹੈ ਉੱਥੇ ਹੀ ਜੰਗਲੀ ਜਾਨਵਰਾਂ ਦੇ ਉਜਾੜੇ ਕਾਰਨ ਇਸ ਇਲਾਕੇ ਦੇ ਕਾਸ਼ਤਕਾਰਾਂ ਦੀਆਂ ਮੁਸ਼ਕਿਲਾਂ ਵਧੀਆਂ ਰਹਿੰਦੀਆਂ ਹਨ। ਅੱਜ ਕੱਲ੍ਹ ਸਥਾਨਕ ਤਹਿਸੀਲ ਦੇ ਕਈ ਪਿੰਡਾਂ ਵਿੱਚ ਜਿੱਥੇ ਪਿਛੇਤੀ ਮੱਕੀ ਦੀ ਕਟਾਈ ਚੱਲ ਰਹੀ ਹੈ, ਉੱਥੇ ਹੀ ਸਿਆਲੂ ਸਬਜ਼ੀਆਂ ਦੀ ਅਗੇਤੀ ਫ਼ਸਲ ਵੀ ਤਿਆਰ ਖੜ੍ਹੀ ਹੈ ਪਰ ਇਨ੍ਹਾਂ ਫਸਲਾਂ ਦਾ ਜੰਗਲੀ ਸੂਰਾਂ ਅਤੇ ਗਾਵਾਂ ਵੱਲੋਂ ਉਜਾੜਾ ਕੀਤਾ ਜਾ ਰਿਹਾ ਹੈ, ਜਿਸ ਕਰਕੇ ਖੇਤਰ ਦੇ ਕਾਸ਼ਤਕਾਰ ਬੇਹੱਦ ਪ੍ਰੇਸ਼ਾਨ ਹਨ। ਕਿਸਾਨਾਂ ਅਨੁਸਾਰ ਜਾਨਵਰਾਂ ਤੋਂ ਬਚਾਅ ਲਈ ਉਹ ਰਾਤ ਵੇਲੇ ਖੇਤਾਂ ਦੀ ਰਾਖੀ ਕਰਨ ਲਈ ਮਜਬੂਰ ਹਨ। ਇੱਥੇ ਦੱਸਣਯੋਗ ਹੈ ਕਿ ਜੰਗਲਾਤ ਵਿਭਾਗ ਵੱਲੋਂ ਖੇਤਰ ਦੇ ਕਿਸਾਨਾਂ ਨੂੰ ਜੰਗਲੀ ਜਾਨਵਰਾਂ ਦੇ ਉਜਾੜੇ ਤੋਂ ਬਚਾਉਣ ਲਈ ਦੋ ਸਾਲ ਪਹਿਲਾਂ ਸਬਸਿਡੀ ’ਤੇ ਕੰਡਿਆਲੀ ਤਾਰ ਮੁਹੱਈਆ ਕਰਵਾਈ ਗਈ ਸੀ ਪਰ ਖੇਤਰ ਦੇ ਅਨੇਕਾਂ ਛੋਟੇ ਕਿਸਾਨ ਇਸ ਯੋਜਨਾ ਤੋਂ ਬਾਹਰ ਰਹਿ ਗਏ ਸਨ, ਜਿਸ ਕਰਕੇ ਜੰਗਲੀ ਜਾਨਵਰਾਂ ਦਾ ਉਜਾੜਾ ਬੰਦ ਨਹੀਂ ਹੋ ਸਕਿਆ। ਦੱਸਣਾ ਬਣਦਾ ਹੈ ਕਿ ਇਲਾਕੇ ਦੇ ਕਿਸਾਨਾਂ ਵੱਲੋਂ ਰਵਾਇਤੀ ਖੇਤੀ ਨੂੰ ਛੱਡ ਕੇ ਪੇਠਾ, ਮੂੰਗਫਲੀ ਅਤੇ ਮਟਰਾਂ ਦੀ ਖੇਤੀ ਨੂੰ ਤਰਜੀਹ ਦਿੱਤੀ ਗਈ ਹੈ ਪਰ ਜੰਗਲੀ ਜਾਨਵਰਾਂ ਦੇ ਲਗਾਤਾਰ ਉਜਾੜੇ ਕਾਰਨ ਉਨ੍ਹਾਂ ਦੀ ਪੇਸ਼ ਨਹੀਂ ਜਾ ਰਹੀ। ਇਸ ਬਾਰੇ ਪਿੰਡ ਰਾਮ ਪੁਰ ਦੇ ਸਬਜ਼ੀ ਕਾਸ਼ਤਕਾਰ ਕਿਰਪਾਲ ਚੰਦ ਨੇ ਦੱਸਿਆ ਕਿ ਸ਼ਿਵਾਲਕ ਪਹਾੜਾਂ ਤੋਂ ਆਉਂਦੇ ਗਾਵਾਂ ਦੇ ਝੁੰਡਾਂ ਵੱਲੋਂ ਪਿਛਲੇ ਦਸ ਦਿਨਾਂ ਦੌਰਾਨ ਉਸ ਵੱਲੋਂ ਬੀਜੀ ਗਈ ਮੂਲੀਆਂ, ਟਮਾਟਰ ਅਤੇ ਭਿੰਡੀਆਂ ਦੀ ਫਸਲ ਬਰਬਾਦ ਕੀਤੀ ਗਈ ਹੈ। ਕਿਸਾਨ ਬਖਤਾਵਰ ਸਿੰਘ ਅਨੁਸਾਰ ਸਰਕਾਰ ਵੱਲੋਂ ਝੋਨੇ ਦੀ ਥਾਂ ਮੱਕੀ ਦੀ ਫਸਲ ਬੀਜਣ ਦੀ ਸਿਫਾਰਸ਼ ਕੀਤੀ ਜਾਂਦੀ ਹੈ ਪਰ ਮੱਕੀ ਦੇ ਹੋ ਰਹੇ ਉਜਾੜੇ ਕਾਰਨ ਕਾਸ਼ਤਕਾਰ ਇਸਦੀ ਖੇਤੀ ਛੱਡ ਰਹੇ ਹਨ। ਇਸ ਸਬੰਧੀ ਡੀਐੱਫਓ ਸਤਵਿੰਦਰ ਸਿੰਘ ਨੇ ਕਿਹਾ ਸਰਕਾਰ ਵੱਲੋਂ ਖੇਤਾਂ ਨੂੰ ਜਾਲ ਅਤੇ ਕੰਢੇਦਾਰ ਤਾਰ ਲਾਉਣ ਲਈ ਸਬਸਿਡੀ ਦਿੱਤੀ ਗਈ ਸੀ ਅਤੇ ਅਗਲੇ ਸਾਲ ਦੌਰਾਨ ਅਜਿਹੀ ਸਕੀਮ ਜਾਰੀ ਰਹਿਣ ’ਤੇ ਹੋਰ ਕੰਡਾਤਾਰ ਮੁਹੱਈਆ ਕਰਵਾਈ ਜਾਵੇਗੀ।