ਨਿੱਜੀ ਪੱਤਰ ਪ੍ਰੇਰਕ
ਜਲੰਧਰ, 10 ਨਵੰਬਰ
ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਪੰਜਾਬ ਸਰਕਾਰ ਦੀ ‘ਬਸੇਰਾ’ ਯੋਜਨਾ ਤਹਿਤ ਝੁੱਗੀ-ਝੌਪੜੀਆਂ ਵਿੱਚ ਰਹਿਣ ਵਾਲੇ 21 ਪਰਿਵਾਰਾਂ ਨੂੰ ਜ਼ਮੀਨ ਦੇ ਮਾਲਕਾਨਾ ਹੱਕ ਅਤੇ ਸਰਟੀਫਿਕੇਟ ਪ੍ਰਦਾਨ ਕੀਤੇ ਗਏ। ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਐੱਸਡੀਐੱਮ ਹਰਪ੍ਰੀਤ ਸਿੰਘ ਅਟਵਾਲ ਨੇ ਨਗਰ ਨਿਗਮ ਅਧੀਨ ਆਉਂਦੀ ਜੀਵਨ ਸਿੰਘ ਕਲੋਨੀ ਵਿੱਚ ਰਹਿਣ ਵਾਲੇ 21 ਲਾਭਪਾਤਰੀਆਂ ਨੂੰ ਜ਼ਮੀਨ ਦੇ ਮਾਲਕਾਨਾ ਹੱਕ ਤੇ ਸਰਟੀਫਿਕੇਟ ਸੌਂਪਦਿਆਂ ਦੱਸਿਆ ਕਿ ਇਹ ਲਾਭਪਾਤਰੀ ਆਰਥਿਕ ਤੌਰ ’ਤੇ ਕਮਜ਼ੋਰ ਵਰਗ ਨਾਲ ਸਬੰਧ ਰੱਖਦੇ ਹਨ, ਜੋ ਕਿ ਇਥੇ ਕਰੀਬ 20 ਸਾਲਾਂ ਤੋਂ ਰਹਿ ਰਹੇ ਸਨ ਪਰ ਇਨ੍ਹਾਂ ਪਾਸ ਜ਼ਮੀਨ ਦੇ ਮਾਲਕਾਨਾ ਹੱਕ ਨਹੀਂ ਸਨ। ਉਨ੍ਹਾਂ ਦੱਸਿਆ ਕਿ ਇਨ੍ਹਾਂ ਲਾਭਪਾਤਰੀਆਂ ਨੂੰ ਸਲੱਮ ਡਵੈਲਰਜ ਐਕਟ ਅਧੀਨ ਜ਼ਮੀਨ ਦੇ ਮਾਲਕਾਨਾਂ ਹੱਕ ਸੌਂਪੇ ਗਏ ਹਨ। ਇਨ੍ਹਾਂ ਲਾਭਪਾਤਰੀਆਂ ਵਿੱਚ 5 ਅਜਿਹੇ ਲਾਭਪਾਤਰੀ ਸ਼ਾਮਲ ਹਨ ਜਿਨ੍ਹਾਂ ਨੂੰ ਮਾਲਕਾਨਾ ਹੱਕ ਬਿਲਕੁਲ ਮੁਫਤ ਸੌਂਪੇ ਗਏ ਹਨ। ਉਨ੍ਹਾਂ ਬਸੇਰਾ ਯੋਜਨਾ ਨੂੰ ਪੰਜਾਬ ਸਰਕਾਰ ਦੀ ਨਿਵੇਕਲੀ ਸਕੀਮ ਕਰਾਰ ਦਿੰਦਿਆਂ ਕਿਹਾ ਕਿ ਜ਼ਮੀਨ ਦੇ ਮਾਲਕਾਨਾ ਹੱਕ ਪ੍ਰਾਪਤ ਕਰਨ ਤੋਂ ਬਾਅਦ ਇਹ ਲਾਭਪਾਤਰੀ ਹੁਣ ਕਿਸੇ ਵੀ ਵਿੱਤੀ ਸੰਸਥਾ ਤੋਂ ਘਰ ਲਈ ਕਰਜ਼ਾ ਲੈਣ ਲਈ ਇਨ੍ਹਾਂ ਸਰਟੀਫਿਕੇਟਾਂ ਦੀ ਵਰਤੋਂ ਕਰ ਸਕਣਗੇ। ਇਸ ਮੌਕੇ ਐੱਸਈ ਰਾਹੁਲ ਧਵਨ, ਐਕਸੀਅਨ ਮਨਧੀਰ ਸਿੰਘ, ਐੱਸਡੀਓ ਸੌਰਵ ਸੰਧੂ, ਜੇਈ ਨਵਜੋਤ ਸਿੰਘ, ਪਾਰੁਲ, ਕੌਂਸਲਰ ਪ੍ਰਭ ਦਿਆਲ, ਸ਼੍ਰੀਮਤੀ ਬਰਿੰਦਰਪ੍ਰੀਤ ਕੌਰ ਤੇ ਹੋਰ ਮੌਜੂਦ ਸਨ।