ਗੁਰਦੇਵ ਸਿੰਘ ਗਹੂੰਣ
ਨਵਾਂ ਸ਼ਹਿਰ, 7 ਨਵੰਬਰ
ਗੁਰੂ ਨਾਨਕ ਮਿਸ਼ਨ ਸੇਵਾ ਸੁਸਾਇਟੀ ਅਤੇ ਨਿਸ਼ਕਾਮ ਟਿਫਨ ਸੇਵਾ ਸੁਸਾਇਟੀ ਗੁਰੂ ਕੀ ਰਸੋਈ ਵਲੋਂ ਨਵਾਂ ਸ਼ਹਿਰ ਵਿਖੇ ਗੁਰੂ ਨਾਨਕ ਦੇਵ ਜੀ ਦੇ 554 ਸਾਲਾ ਪ੍ਰਕਾਸ਼ ਪੁਰਬ ਸਬੰਧੀ ਤਿੰਨ ਰੋਜ਼ਾ ਜ਼ਿਲ੍ਹਾ ਪੱਧਰੀ ਗੁਰਮਤਿ ਸਮਾਗਮ ਸਮਾਜਿਕ ਸਹਿਹੋਂਦ ਦਾ ਸੁਨੇਹਾ ਦਿੰਦਾ ਹੋਇਆ ਸੰਪੰਨ ਹੋਇਆ। ਕੀਰਤਨ ਦੀ ਆਰੰਭਤਾ ਹਰੀ ਦਰਬਾਰ ਸੰਗੀਤ ਵਿਦਿਆਲਾ ਦੇ ਵਿਦਿਆਰਥੀਆਂ ਦੇ ਕੀਰਤਨੀ ਜਥੇ ਨੇ ਕੀਤੀ। ਉਪਰੰਤ ਭਾਈ ਹਰਜਿੰਦਰ ਸਿੰਘ ਸ਼੍ਰੀਨਗਰ ਵਾਲਿਆਂ ਅਤੇ ਭਾਈ ਚਮਨਜੀਤ ਸਿੰਘ ਦਿੱਲੀ ਵਾਲਿਆਂ ਦੇ ਪੰਥ ਪ੍ਰਸਿੱਧ ਕੀਰਤਨੀ ਜਥਿਆਂ ਦੇ ਅੰਮ੍ਰਤਿਮਈ ਰਸਭਿੰਨੇ ਕੀਰਤਨ ਨੇ ਸੰਗਤਾਂ ਨੂੰ ਮੰਤਰ-ਮੁਗਧ ਕਰ ਦਿੱਤਾ। ਪੰਥ ਪ੍ਰਸਿੱਧ ਕਥਾ ਵਾਚਕ ਗਿਆਨੀ ਸਰਬਜੀਤ ਸਿੰਘ ਲੁਧਿਆਣਾ ਵਾਲਿਆਂ ਨੇ ਗੁਰੂ ਜੀ ਦੇ ਜੀਵਨ ਫਲਸਫੇ ਸਬੰਧੀ ਵਿਦਵਤਾ ਭਰਪੂਰ ਕਥਾ ਕਰਕੇ ਸੰਗਤਾਂ ਦੀ ਗੁਰ-ਇਤਿਹਾਸ ਨਾਲ ਸਾਂਝ ਪੁਆਈ। ਸਮਾਗਮ ਵਿੱਚ ਤਖਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਸੁਲਤਾਨ ਸਿੰਘ ਅਤੇ ਗਿਆਨੀ ਬਲਜੀਤ ਸਿੰਘ ਅਰਦਾਸੀਆ ਸ੍ਰੀ ਦਰਬਾਰ ਸਾਹਿਬ ਅੰਮ੍ਰਤਿਸਰ ਨੇ ਸ਼ਿਰਕਤ ਕੀਤੀ। ਗਿਆਨੀ ਸੁਲਤਾਨ ਸਿੰਘ ਨੇ ਹੁਕਮਨਾਮਾ ਲਿਆ ਅਤੇ ਸਮਾਗਮ ਦੀ ਸਮਾਪਤੀ ਦੀ ਅਰਦਾਸ ਗਿਆਨੀ ਬਲਜੀਤ ਸਿੰਘ ਨੇ ਕੀਤੀ। ਗਿਆਨੀ ਸੁਲਤਾਨ ਸਿੰਘ ਨੇ ਕਿਹਾ ਕਿ ਸਮਾਜ ਭਲਾਈ ਦੇ ਨੇਕ ਅਤੇ ਵਡਮੁੱਲੇ ਕਾਰਜਾਂ ਲਈ ਸੁਸਾਇਟੀ ਦੇ ਸਮੁੱਚੇ ਸੇਵਾਦਾਰ ਵਧਾਈ ਦੇ ਪਾਤਰ ਹਨ। ਸੁਸਾਇਟੀ ਦੇ ਮੁੱਖ ਸੇਵਾਦਾਰ ਸੁਰਜੀਤ ਸਿੰਘ ਨੇ ਸਮੂਹ ਸੰਗਤਾਂ ਅਤੇ ਪਤਵੰਤਿਆਂ ਦਾ ਸੁਸਾਇਟੀ ਨੂੰ ਦਿੱਤੇ ਸਹਿਯੋਗ ਲਈ ਧੰਨਵਾਦ ਕੀਤਾ। ਸਮਾਗਮ ਵਿੱਚ ਬਰਜਿੰਦਰ ਸਿੰਘ ਹੁਸੈਨਪੁਰ, ਗੁਰਬਖਸ਼ ਸਿੰਘ ਖਾਲਸਾ , ਐਡਵੋਕੇਟ ਅਜੀਤ ਸਿੰਘ ਸਿਆਣ, ਅਮਰੀਕ ਸਿੰਘ ,ਤਰਲੋਚਨ ਸਿੰਘ, ਉੱਤਮ ਸਿੰਘ ਸੇਠੀ, ਦੀਦਾਰ ਸਿੰਘ ਡੀ ਐਸ ਪੀ, ਜਗਦੀਪ ਸਿੰਘ, ਜਗਜੀਤ ਸਿੰਘ, ਕੁਲਜੀਤ ਸਿੰਘ ਖਾਲਸਾ, ਜਸਵਿੰਦਰ ਸਿੰਘ ਸੈਣੀ, ਪਰਮਿੰਦਰ ਸਿੰਘ ਮੈਨੇਜਰ ਆਦਿ ਪਤਵੰਤੇ ਸ਼ਾਮਲ ਸਨ।