ਪੱਤਰ ਪ੍ਰੇਰਕ
ਗੜ੍ਹਸ਼ੰਕਰ, 15 ਸਤੰਬਰ
ਇਥੇ ਚੰਡੀਗੜ੍ਹ-ਹੁਸ਼ਿਆਰਪੁਰ ਮੁੱਖ ਮਾਰਗ ’ਤੇ ਸਥਿਤ ਕਸਬਾ ਸੈਲਾ ਖੁਰਦ ਵਿੱਚ ਲੁੱਟ ਖੋਹ ਦੀਆਂ ਵਧਦੀਆਂ ਵਾਰਦਾਤਾਂ ਵਿਰੁੱਧ ਅੱਜ ਸ਼ਹਿਰ ਦੇ ਦੁਕਾਨਦਾਰਾਂ ਨੇ ਆਪਣੀਆਂ ਦੁਕਾਨਾਂ ਬੰਦ ਕਰਕੇ ਚਾਰ ਘੰਟੇ ਲਈ ਧਾਰਮਿਕ ਸਥਾਨ ਬਾਬਾ ਔਗੜ ਨਾਥ ਕੋਲ ਰੋਸ ਧਰਨਾ ਦਿੱਤਾ। ਇਸ ਮੌਕੇ ਦੁਕਾਨਦਾਰਾਂ ਨੇ ਪ੍ਰਸ਼ਾਸਨ ਵਿਰੁੱਧ ਜ਼ੋਰਦਾਰ ਨਾਅਰੇਬਾਜ਼ੀ ਕੀਤੀ ਤੇ ਆਪਣੀਆਂ ਤਕਰੀਰਾਂ ’ਚ ਸ਼ਹਿਰ ’ਚ ਅਮਨ ਕਾਨੂੰਨ ਦੀ ਵਿਗੜਦੀ ਹਾਲਤ ’ਤੇ ਰੋਸ ਪ੍ਰਗਟਾਇਆ। ਸੈਲਾ ਖੁਰਦ ਤੇ ਨੇੜਲੇ ਪਿੰਡਾਂ ’ਚ ਪਿਛਲੇ ਵੀਹ ਦਿਨ੍ਹਾਂ ’ਚ ਚਾਰ ਦੁਕਾਨਦਾਰਾਂ ’ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰਕੇ ਨਗਦੀ ਲੁੱਟਣ ਦੇ ਮਾਮਲੇ ਵਾਪਰੇ ਹਨ ਤੇ ਇਨ੍ਹਾਂ ਹਮਲਿਆਂ ਦੌਰਾਨ ਇਕ ਦੁਕਾਨਦਾਰ ਦਾ ਕਤਲ ਵੀ ਕਰ ਦਿੱਤਾ ਗਿਆ ਸੀ ਪਰ ਪੁਲੀਸ ਇਨ੍ਹਾਂ ਵਿੱਚੋਂ ਇਕ ਵੀ ਮਾਮਲੇ ਨੂੰ ਸੁਲਝਾ ਨਹੀਂ ਸਕੀ।
ਅੱਜ ਸ਼ਹਿਰ ਦੇ ਦੁਕਾਨਦਾਰਾਂ ਨੇ ਪੁਲੀਸ ਪ੍ਰਸ਼ਾਸਨ ਵਿਰੁੱਧ ਆਪਣੀ ਖੂਬ ਭੜਾਸ ਕੱਢੀ। ਇਸ ਮੌਕੇ ਸੰਬੋਧਨ ਕਰਦਿਆਂ ਅਕਾਲੀ ਆਗੂ ਹਰਜੀਤ ਸਿੰਘ ਭਾਤਪੁਰ, ਸ਼੍ਰੋਮਣੀ ਕਮੇਟੀ ਮੈਂਬਰ ਚਰਨਜੀਤ ਸਿੰਘ ਜੱਸੋਵਾਲ, ਕਾਂਗਰਸ ਦੇ ਮਹਿਲਾ ਆਗੂ ਸਰਿਤਾ ਸ਼ਰਮਾ, ਕੁਲਵਿੰਦਰ ਬਿੱਟੂ, ਦਵਿੰਦਰ ਚੱਢਾ, ਸੰਜੀਵ ਬੌਬੀ ਆਦਿ ਨੇ ਕਿਹਾ ਕਿ ਇਲਾਕੇ ’ਚ ਲੁੱਟ ਖੋਹ ਦੀਆਂ ਵਧਦੀਆਂ ਘਟਨਾਵਾਂ ਨੇ ਲੋਕਾਂ ’ਚ ਦਹਿਸ਼ਤ ਭਰ ਦਿੱਤੀ ਹੈ ਪਰ ਪੁਲੀਸ ਇਸ ਸਬੰਧੀ ਸ਼ਹਿਰ ’ਚ ਕੋਈ ਨਾਕਾ ਲਾਉਣ ਤੋਂ ਅਸਮਰੱਥ ਹੈ। ਉਨ੍ਹਾਂ ਕਿਹਾ ਕਿ ਸ਼ਹਿਰ ਦੀ ਪੁਲੀਸ ਚੌਕੀ ਵਿੱਚ ਪੁਲੀਸ ਮੁਲਾਜ਼ਮਾਂ ਦੀ ਵੱਡੀ ਘਾਟ ਹੈ ਜਿਸਨੂੰ ਪੂਰਾ ਨਹੀਂ ਕੀਤਾ ਜਾ ਰਿਹਾ ਜਿਸ ਕਾਰਨ ਅਪਰਾਧੀਆਂ ਦੇ ਹੌਂਸਲੇ ਵਧਦੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਦੁਕਾਨਦਾਰ ਸ਼ਾਮ ਹੁੰਦਿਆਂ ਹੀ ਆਪਣੀਆਂ ਦੁਕਾਨਾਂ ਬੰਦ ਕਰਨ ਦੀ ਕਾਹਲੀ ਕਰਦੇ ਹਨ। ਉਨ੍ਹਾਂ ਕਿਹਾ ਕਿ ਸੈਲਾ ਖੁਰਦ ’ਚ ਹੋਈਆਂ ਲੁੱਟਾਂ ਵਿੱਚੋਂ ਇਕ ਵੀ ਮਾਮਲਾ ਹੱਲ ਨਾ ਹੋਣਾ ਪੁਲੀਸ ਦੀ ਨਾਕਾਮੀ ਦਾ ਸਬੂਤ ਹੈ।
ਇਸ ਮੌਕੇ ਪ੍ਰਦਰਸ਼ਨਕਾਰੀਆਂ ਨੇ ਕਿਹਾ ਕਿ ਜੇ ਲੁੱਟ ਖੋਹ ਦੇ ਮਸਲੇ ਹੱਲ ਨਾ ਹੋਏ ਤਾਂ ਦੁਕਾਨਦਾਰਾਂ ਵੱਲੋਂ ਆਉਂਦੇ ਦਿਨ੍ਹਾਂ ਵਿੱਚ ਸੰਘਰਸ਼ ਦੀ ਨਵੀਂ ਰੂਪ-ਰੇਖਾ ਉਲੀਕੀ ਜਾਵੇਗੀ। ਧਰਨੇ ਦੌਰਾਨ ਡੀਐੱਸਪੀ ਰਣਜੀਤ ਸਿੰਘ ਖੱਖ ਮੌਕੇ ’ਤੇ ਪੁੱਜੇ ਤੇ ਦੁਕਾਨਦਾਰਾਂ ਤੋਂ ਮੰਗ ਪੱਤਰ ਲਿਆ। ਉਨ੍ਹਾਂ ਕਿਹਾ ਕਿ ਪੁਲੀਸ ਦੀ ਮੁਸਤੈਦੀ ਵਧਾਈ ਜਾਵੇਗੀ। ਇਸ ਮੌਕੇ ਰਾਕੇਸ਼ ਆਨੰਦ, ਪ੍ਰਦੀਕ ਅਗਰਵਾਲ, ਬਾਂਕਾ, ਨਰਿੰਦਰ ਗੌਤਮ, ਰਾਜੇਸ਼ ਅਰੋੜਾ, ਮਿੰਟੂ ਅਗਰਵਾਲ ਆਦਿ ਦੁਕਾਨਦਾਰ ਹਾਜ਼ਰ ਸਨ।