ਪਾਲ ਸਿੰਘ ਨੌਲੀ
ਜਲੰਧਰ, 1 ਜੂਨ
ਡਾਕਟਰਾਂ ਤੇ ਵਕੀਲਾਂ ਨੇ ਅੱਜ ਯੋਗ ਗੁਰੂ ਰਾਮਦੇਵ ਦਾ ਪੁਤਲਾ ਫੂਕ ਕੇ ਰੋਸ ਪ੍ਰਦਰਸ਼ਨ ਕੀਤਾ। ਐਲੋਪੈਥੀ ਬਾਰੇ ਟਿੱਪਣੀਆਂ ਕਰਨ ਨੂੰ ਲੈ ਕੇ ਡਾਕਟਰਾਂ ਤੇ ਵਕੀਲਾਂ ਵਿੱਚ ਗੁੱਸਾ ਪਾਇਆ ਜਾ ਰਿਹਾ ਹੈ। ਆਈਐੱਮਏ ਦੇ ਕੌਮੀ ਉਪ ਪ੍ਰਧਾਨ ਡਾ. ਨਵਜੋਤ ਸਿੰਘ ਦਾਹੀਆ ਨੇ ਮੰਗ ਕੀਤੀ ਕਿ ਬਾਬਾ ਰਾਮਦੇਵ ਵਿਰੁੱਧ ਐੱਫਆਈਆਰ ਦਰਜ ਕਰਕੇ ਉਸ ਨੂੰ ਗ੍ਰਿਫਤਾਰ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਰਾਮਦੇਵ ਨੇ ਹੁਣ ਯੋਗ ਕਰਵਾਉਣਾ ਛੱਡ ਦਿੱਤਾ ਹੈ ਤੇ ਆਪਣਾ ਸਾਰਾ ਧਿਆਨ ਕਾਰੋਬਾਰ ਵਧਾਉਣ ’ਤੇ ਲਾਇਆ ਹੋਇਆ ਹੈ। ਇਸੇ ਕਰਕੇ ਉਹ ਐਲੋਪੈਥੀ ਬਾਰੇ ‘ਬੇਤੁਕੀਆਂ’ ਟਿੱਪਣੀਆਂ ਕਰ ਰਿਹਾ ਹੈ।
ਐਡਵੋਕੇਟ ਫਾਰ ਲੇਬਰਜ਼ ਐਂਡ ਫਾਰਮਰਜ਼ ਸੰਗਠਨ ਨੇ ਵੀ ਬਾਬਾ ਰਾਮਦੇਵ ਵਿਰੁੱਧ ਰੋਸ ਪ੍ਰਦਰਸ਼ਨ ਵਿੱਚ ਹਿੱਸਾ ਲਿਆ। ਐਡਵੋਕੇਟ ਰਜਿੰਦਰ ਮੰਡ ਤੇ ਐਡਵੋਕੇਟ ਗੁਰਜੀਤ ਸਿੰਘ ਕਾਹਲੋਂ ਨੇ ਕਿਹਾ ਕਿ ਉਹ ਬਾਬਾ ਰਾਮਦੇਵ ਨੂੰ ਜੇਲ੍ਹ ਦੀਆਂ ਸਲਾਖਾਂ ਪਿੱਛੇ ਪਹੁੰਚਾ ਕੇ ਰਹਿਣਗੇ। ਇਨ੍ਹਾਂ ਵਕੀਲਾਂ ਦਾ ਕਹਿਣਾ ਸੀ ਕਿ ਡਾਕਟਰ ਤੇ ਸਿਹਤ ਕਾਮੇ ਦਿਨ ਰਾਤ ਇਕ ਕਰਕੇ ਕਰੋਨਾ ਦਾ ਮੁਕਾਬਲਾ ਕਰ ਰਹੇ ਹਨ ਤੇ ਸੈਂਕੜੇ ਡਾਕਟਰ ਤੇ ਹੋਰ ਸਿਹਤ ਕਾਮਿਆਂ ਦੀਆਂ ਜਾਨਾਂ ਵੀ ਗਈਆਂ ਹਨ। ਬਾਬਾ ਰਾਮਦੇਵ ਦੀਆਂ ਟਿੱਪਣੀਆਂ ਇਨ੍ਹਾਂ ਕਰੋਨਾ ਯੋਧਿਆਂ ਦਾ ਅਪਮਾਨ ਹੈ।
ਆਈਐੱਮਏ ਦੇ ਉਪ ਪ੍ਰਧਾਨ ਡਾ. ਨਵਜੋਤ ਸਿੰਘ ਦਾਹੀਆ ਅਤੇ ਐਡਵੋਕੇਟ ਰਜਿੰਦਰ ਮੰਡ ਨੇ ਕਿਹਾ ਕਿ ਰਾਮਦੇਵ ਦੀਆਂ ਟਿੱਪਣੀਆਂ ਕਰਕੇ ਦੁਨੀਆਂ ਭਰ ਵਿਚ ਡਾਕਟਰਾਂ ਦੇ ਅਕਸ ਨੂੰ ਠੇਸ ਪਹੁੰਚੀ ਹੈ। ਇਸ ਮੌਕੇ ਅਮਨਦੀਪ ਸਿੰਘ ਜੰਮੂ, ਜੁਗਰਾਜ ਸਿੰਘ, ਮਧੂ ਰਚਨਾ, ਪੁਸ਼ਪਿੰਦਰ ਸੇਖੋਂ, ਕੁਲਦੀਪ ਭੱਟੀ, ਅੰਜੂ ਬਾਲਾ, ਮੰਜੂ ਬਾਲਾ ਹਾਜ਼ਰ ਸਨ।