ਪੱਤਰ ਪ੍ਰੇਰਕ
ਫਗਵਾੜਾ, 12 ਸਤੰਬਰ
ਇੱਥੋਂ ਦੇ ਪਿੰਡ ਢੱਡੇ ਵਿੱਚ ਸ਼ਰਾਬ ਪੀਣ ਦੇ ਆਦੀ ਵਿਅਕਤੀ ਨੇ ਆਪਣੇ ਹੀ ਘਰ ’ਚ ਅੱਗ ਲਾ ਦਿੱਤੀ। ਇਸ ਕਾਰਨ ਸਾਮਾਨ ਸੜ ਗਿਆ। ਸਦਰ ਪੁਲੀਸ ਨੇ ਮੁਲਜ਼ਮ ਦੀ ਪਤਨੀ ਦੀ ਸ਼ਿਕਾਇਤ ’ਤੇ ਉਸ ਖਿਲਾਫ਼ ਧਾਰਾ 436, 380, 506, 427 ਆਈ.ਪੀ.ਸੀ ਤਹਿਤ ਕੇਸ ਦਰਜ ਕਰ ਲਿਆ ਹੈ। ਐੱਸ.ਐੱਚ.ਓ. ਸਦਰ ਗੌਰਵ ਧੀਰ ਨੇ ਦੱਸਿਆ ਕਿ ਸ਼ਿਕਾਇਤਕਰਤਾ ਬਲਵੀਰ ਕੌਰ ਵਾਸੀ ਡਾ. ਅੰਬੇਦਕਰ ਨਗਰ ਢੱਡੇ ਨੇ ਪੁਲੀਸ ਨੂੰ ਦਿੱਤੀ ਸ਼ਿਕਾਇਤ ’ਚ ਦੱਸਿਆ ਕਿ ਉਹ ਤੇ ਉਸਦੀ ਲੜਕੀ ਘਰ ’ਚ ਰਹਿੰਦੇ ਹਨ। ਉਸ ਦਾ ਪਤੀ ਰਾਮ ਲੁਭਾਇਆ ਸ਼ਰਾਬ ਪੀਣ ਦਾ ਆਦੀ ਹੈ ਤੇ ਪਿਛਲੇ ਕਰੀਬ ਢਾਈ ਤਿੰਨ ਮਹੀਨੇ ਤੋਂ ਘਰ ਨਹੀਂ ਰਹਿ ਰਿਹਾ। 10 ਸਤੰਬਰ ਦੀ ਰਾਤ ਨੂੰ ਉਹ ਕੰਧ ਟੱਪ ਕੇ ਘਰ ਆਇਆ। ਉਸ ਨੇ ਪਾਸਪੋਰਟ ਤੇ ਹੋਰ ਕਾਗਜ਼ਾਤ ਸਣੇ ਘਰ ਦੇ ਸਾਮਾਨ ਨੂੰ ਅੱਗ ਲਾ ਦਿੱਤੀ। ਉਹ ਘਰ ’ਚੋਂ ਗਹਿਣੇ ਵੀ ਚੁੱਕ ਕੇ ਲੈ ਗਿਆ ਹੈ।