ਧਿਆਨ ਸਿੰਘ ਭਗਤ
ਕਪੂਰਥਲਾ, 1 ਅਕਤੂਬਰ
ਡੀਟੀਐੱਫ਼ ਜ਼ਿਲ੍ਹਾ ਇਕਾਈ ਕਪੂਰਥਲਾ ਵੱਲੋਂ ਭਰਾਤਰੀ ਜਥੇਬੰਦੀਆਂ ਦੇ ਸਹਿਯੋਗ ਨਾਲ ਜ਼ਿਲ੍ਹਾ ਪ੍ਰਧਾਨ ਪ੍ਰਮੋਦ ਸ਼ਰਮਾ ਤੇ ਜ਼ਿਲ੍ਹਾ ਸਕੱਤਰ ਜਯੋਤੀ ਮਹਿੰਦਰੂ ਦੀ ਅਗਵਾਈ ਹੇਠ ਆਹਲੂਵਾਲੀਆ ਕਮੇਟੀ ਦੀਆਂ ਮੁਲਾਜ਼ਮ ਵਿਰੋਧੀ ਸਿਫਾਰਸ਼ਾਂ ਦੇ ਖ਼ਿਲਾਫ਼ ਰੋਸ ਮਾਰਚ ਉਪਰੰਤ ਮੌਂਟੇਕ ਸਿੰਘ ਆਹਲੂਵਾਲੀਆ ਦਾ ਪੁਤਲਾ ਫੂਕਿਆ ਗਿਆ। ਸੂਬਾ ਸਕੱਤਰ ਸਰਵਣ ਸਿੰਘ ਔਜਲਾ ਅਤੇ ਜ਼ਿਲ੍ਹਾ ਸਰਪ੍ਰਸਤ ਸੁਖਵਿੰਦਰ ਸਿੰਘ ਚੀਮਾ ਨੇ ਮੌਂਟੇਕ ਸਿੰਘ ਆਹਲੂਵਾਲੀਆ ਦੀ ਕਮੇਟੀ ਦੀਆਂ ਸਿਫਾਰਸ਼ਾਂ ਨੂੰ ਕਿਸਾਨ, ਮਜ਼ਦੂਰ, ਮੁਲਾਜ਼ਮ ਤੇ ਹਰ ਵਰਗ ਦੀਆਂ ਵਿਰੋਧੀ ਤੇ ਮਾਰੂ ਸਿਫਾਰਸ਼ਾਂ ਕਰਾਰ ਦਿੱਤਾ। ਸਾਬਕਾ ਜ਼ਿਲ੍ਹਾ ਪ੍ਰਧਾਨ ਸੁੱਚਾ ਸਿੰਘ ਨੇ ਦੱਸਿਆ ਕਿ ਰਿਪੋਰਟ ਵਿੱਚ ਕੇਂਦਰੀ ਤਨਖਾਹ ਸਕੇਲ ਦੇ ਬਰਾਬਰ ਪੰਜਾਬ ਦੇ ਮੁਲਾਜ਼ਮਾਂ ਦਾ ਤਨਖਾਹ ਸਕੇਲ ਕਰਨ ਦੀ ਗੱਲ ਕੀਤੀ ਹੈ। ਸਰਕਾਰੀ ਜਨਤਕ ਅਦਾਰਿਆਂ ਨੂੰ ਪੁਨਰਗਠਨ ਦੀ ਆੜ ਵਿੱਚ ਨਿੱਜੀਕਰਨ ਕਰਨਾ ਤੇ ਬਹੁ-ਰਾਸ਼ਟਰੀ ਕੰਪਨੀਆਂ ਨੂੰ ਸੌਂਪਣ ਦੀ ਤਿਆਰੀ ਕੀਤੀ ਜਾ ਰਹੀ ਹੈ। ਕਇਸ ਮੌਕੇ ਸੂਬਾ ਕਮੇਟੀ ਆਗੂ ਚਰਨਜੀਤ ਸਿੰਘ, ਵਿਨੋਦ ਕਪੂਰ ਹਾਜ਼ਰ ਸਨ।