ਸਰਬਜੀਤ ਸਿੰਘ ਗਿੱਲ
ਫਿਲੌਰ, 8 ਨਵੰਬਰ
ਸਥਾਨਕ ਮੰਡੀ ਸਮੇਤ ਹੋਰ ਸਹਾਇਕ ਮੰਡੀਆਂ ਵਿੱਚ ਝੋਨੇ ਦੀਆਂ ਬੋਰੀਆਂ ਦੇ ਅੰਬਾਰ ਲੱਗੇ ਹੋਏ ਹਨ। ਹੁਣ ਤੱਕ ਕੁੱਲ ਹੋਈ ਖ਼ਰੀਦ ’ਚੋਂ ਹਾਲੇ ਤੱਕ ਸਿਰਫ਼ 42 ਫ਼ੀਸਦੀ ਹੀ ਚੁਕਾਈ ਹੋ ਸਕੀ ਹੈ। ਸਭ ਤੋਂ ਵੱਧ 76 ਫੀਸਦੀ ਚੁਕਾਈ ਪ੍ਰਾਈਵੇਟ ਫਰਮਾਂ ਨੇ ਕੀਤੀ ਹੈ ਅਤੇ 62 ਫ਼ੀਸਦ ਨਾਲ ਵੇਅਰਹਾਊਸ ਦੂਜੇ ਨੰਬਰ ’ਤੇ ਹੈ। ਪਨਗਰੇਨ ਦੀ ਹਾਲੇ ਤੱਕ 33 ਫ਼ੀਸਦੀ ਚੁਕਾਈ ਹੀ ਹੋ ਸਕੀ ਹੈ। ਪਿਛਲੇ ਸਾਲ ਦੇ ਮੁਕਾਬਲੇ ਇਸ ਵਾਰ ਹਾਲੇ ਤੱਕ 62 ਫ਼ੀਸਦੀ ਹੀ ਖਰੀਦ ਹੋਈ ਹੈ।
ਮੰਡੀਆਂ ’ਚ ਚਲਦੀ ਪ੍ਰੇਸ਼ਾਨੀ ਕਾਰਨ ਕਿਸਾਨ ਦੀ ਫ਼ਸਲ ਖੇਤਾਂ ’ਚ ਹੀ ਖ਼ਰਾਬ ਹੋ ਰਹੀ ਹੈ। ਤੇਹਿੰਗ ਦੀ ਮੰਡੀ ਵਿੱਚ ਪਿਛਲੇ ਸਾਲ ਨਾਲੋਂ ਵੱਧ ਖ਼ਰੀਦ ਹੋ ਚੁੱਕੀ ਹੈ। ਅੱਪਰਾ ਦੀ ਮੰਡੀ 58 ਫ਼ੀਸਦੀ ਖਰੀਦ ਨਾਲ ਫਾਡੀ ਚੱਲ ਰਹੀ ਹੈ। ਇੱਕ-ਇੱਕ ਫ਼ੀਸਦ ਦੇ ਵਾਧੇ ਨਾਲ ਲਸਾੜਾ ਅਤੇ ਮੁਠੱਡਾ ਖੁਰਦ ਅੱਗੇ ਚੱਲ ਰਹੇ ਹਨ। ਉਕਤ ਤਿੰਨੋਂ ਮੰਡੀਆਂ ਨਾਲ ਸਬੰਧਤ ਪਿੰਡਾਂ ’ਚ ਹਾਲੇ ਵੀ ਕਾਫੀ ਫ਼ਸਲ ਖੇਤਾਂ ’ਚ ਖੜ੍ਹੀ ਹੈ। ਜਿੰਨੇ ਖੇਤ ਵਿਹਲੇ ਹੋ ਰਹੇ ਹਨ, ਉਨ੍ਹਾਂ ’ਚ ਨਾਲੋ-ਨਾਲ ਕਣਕ ਦੀ ਬਿਜਾਂਦ ਵੀ ਹੋ ਰਹੀ ਹੈ। ਫਸੇ ਹੋਏ ਕਿਸਾਨ ਕੱਟ ਲਗਾ ਕੇ ਵੀ ਆਪਣੀ ਫ਼ਸਲ ਵੇਚਣ ਲਈ ਮਜ਼ਬੂਰ ਹੋ ਰਹੇ ਹਨ। ਗੁਰਾਇਆ ਦੀ ਮੰਡੀ ’ਚ ਥਾਂ ਨਾ ਹੋਣ ਤੋਂ ਦੁਖੀ ਕਿਸਾਨਾਂ ਵੱਲੋਂ ਕੁੱਝ ਦਿਨ ਪਹਿਲਾਂ ਸੜਕ ਵੀ ਜਾਮ ਕੀਤੀ ਗਈ ਸੀ।
ਵੱਖ-ਵੱਖ ਕਿਸਾਨਾਂ ਨੇ ਮੰਗ ਕੀਤੀ ਕਿ ਘੱਟੋ-ਘੱਟ ਮੰਡੀਆਂ ’ਚੋਂ ਚੁਕਾਈ ਤਾਂ ਕਰਨੀ ਚਾਹੀਦੀ ਹੈ ਤਾਂ ਜੋ ਮੰਡੀਆਂ ’ਚ ਜਿਣਸ ਸੁੱਟਣ ਲਈ ਥਾਂ ਮਿਲ ਸਕੇ।