ਪੱਤਰ ਪ੍ਰੇਰਕ
ਸ਼ਾਹਕੋਟ, 5 ਅਕਤੂਬਰ
ਕਸਬਾ ਸ਼ਾਹਕੋਟ ਤੋਂ ਇਲਾਵਾ ਲੋਹੀਆਂ ਖਾਸ, ਮਹਿਤਪੁਰ ਤੇ ਨਕੋਦਰ ’ਚ ਬਦੀ ’ਤੇ ਨੇਕੀ ਦੀ ਜਿੱਤ ਦਾ ਪ੍ਰਤੀਕ ਦਸਹਿਰਾ ਧੂਮ-ਧਾਮ ਨਾਲ ਮਨਾਇਆ ਗਿਆ। ਸ਼ਾਹਕੋਟ, ਲੋਹੀਆਂ ਖਾਸ ਤੇ ਮਹਿਤਪੁਰ ਵਿੱਚ ‘ਆਪ’ ਦੇ ਹਲਕਾ ਇੰਚਾਰਜ ਰਤਨ ਸਿੰਘ ਕਾਕੜ ਕਲਾਂ ਤੇ ਸ਼ਾਹਕੋਟ ਦੇ ਵਿਧਾਇਕ ਹਰਦੇਵ ਸਿੰਘ ਲਾਡੀ ਸ਼ੇਰੋਵਾਲੀਆ ਅਤੇ ਨਕੋਦਰ ’ਚ ‘ਆਪ’ ਵਿਧਾਇਕ ਇੰਦਰਜੀਤ ਕੌਰ ਮਾਨ ਨੇ ਵਿਸ਼ੇਸ਼ ਤੌਰ ’ਤੇ ਹਾਜ਼ਰੀ ਭਰੀ। ਇਨ੍ਹਾਂ ਕਸਬਿਆਂ ਵਿੱਚ ਰਾਮ ਚੰਦਰ ਦੇ ਜੀਵਨ ਨਾਲ ਸਬੰਧਿਤ ਝਾਕੀਆਂ ਪੇਸ਼ ਕੀਤੀਆਂ ਗਈਆਂ। ਸ਼ਾਮ ਢਲਦੇ ਹੀ ਰਾਵਣ, ਕੁੰਭ ਕਰਨ ਤੇ ਮੇਘਨਾਦ ਦੇ ਪੁਤਲਿਆਂ ਨੂੰ ਅਗਨ ਭੇਟ ਕੀਤਾ ਗਿਆ। ਇਸੇ ਤਰ੍ਹਾਂ ਬੇਰੀਜ਼ ਗਲੋਬਲ ਡਿਸਕਵਰੀ ਸਕੂਲ ਮਲਸੀਆਂ ’ਚ ਦਸਹਿਰੇ ਦਾ ਤਿਉਹਾਰ ਮਨਾਇਆ ਗਿਆ। ਪ੍ਰਿੰਸੀਪਲ ਸੰਦੀਪ ਕੌਰ, ਟਰੱਸਟੀ ਰਾਮ ਮੂਰਤੀ, ਤੇਜਪਾਲ ਸਿੰਘ ਤੇ ਤਵਲੀਨ ਚੁੱਘ ਨੇ ਵਿਦਿਆਰਥੀਆਂ ਨੂੰ ਦਸਹਿਰੇ ਦੇ ਇਤਿਹਾਸ ਤੋਂ ਜਾਣੂ ਕਰਵਾਉਂਦਿਆਂ ਉਨ੍ਹਾਂ ਨੂੰ ਜੀਵਨ ’ਚ ਚੰਗੇ ਗੁਣਾਂ ਨੂੰ ਅਪਣਾਉਣ ਲਈ ਪ੍ਰੇਰਿਤ ਕੀਤਾ।
ਜੰਡਿਆਲਾ ਗੁਰੂ (ਪੱਤਰ ਪ੍ਰੇਰਕ): ਇੱਥੇ ਰਾਮਨੌਮੀ ਕਮੇਟੀ ਵੱਲੋਂ ਦਸਹਿਰੇ ਉਤਸ਼ਾਹ ਨਾਲ ਮਨਾਇਆ ਤੇ ਸ਼ਹਿਰ ਵਿੱਚ ਝਾਕੀਆਂ ਵੀ ਕੱਢੀਆਂ ਗਈਆਂ। ਇਸ ਮੌਕੇ ਕੈਬਨਿਟ ਮੰਤਰੀ ਹਰਭਜਨ ਸਿੰਘ ਈਟੀਓ ਮੁੱਖ ਮਹਿਮਾਨ ਵਜੋਂ ਪੁੱਜੇ ਤੇ ਸ਼ਹਿਰਵਾਸੀਆਂ ਨੂੰ ਦਸਹਿਰੇ ਦੀ ਵਧਾਈ ਦਿੱਤੀ। ਉਨ੍ਹਾਂ ਲੋਕਾਂ ਨੂੰ ਸਮਾਜ ਦੇ ਭਲੇ ਲਈ ਅੱਗੇ ਆਉਣ ਦਾ ਸੱਦਾ ਵੀ ਦਿੱਤਾ। ਇਸ ਮੌਕੇ ਦਸਹਿਰਾ ਕਮੇਟੀ ਵੱਲੋਂ ਕੈਬਨਿਟ ਮੰਤਰੀ ਦਾ ਸਨਮਾਨ ਕੀਤਾ ਗਿਆ ਅਤੇ ਉਨ੍ਹਾਂ ਦੀ ਅਗਵਾਈ ਵਿੱਚ ਰਾਵਣ, ਮੇਘਨਾਦ ਅਤੇ ਕੁੰਭਕਰਨ ਦੇ ਪੁਤਲਿਆਂ ਨੂੰ ਅਗਨ ਭੇਟ ਕੀਤਾ ਗਿਆ। ਇਸ ਮੌਕੇ ਕੈਬਨਿਟ ਮੰਤਰੀ ਦੀ ਪਤਨੀ ਸੁਹਿੰਦਰ ਕੌਰ, ਮਾਤਾ ਸੁਰਿੰਦਰ ਕੌਰ, ਸੂਬੇਦਾਰ ਛਨਾਖ ਸਿੰਘ, ਸਰਬਜੀਤ ਸਿੰਘ ਡਿੰਪੀ, ਨਰੇਸ਼ ਪਾਠਕ, ਦਿਨੇਸ਼ ਬਜਾਜ, ਰੌਕੀ ਜੈਨ ਤੇ ਨਗਰ ਕੌਂਸਲ ਪ੍ਰਧਾਨ ਸੰਜੀਵ ਕੁਮਾਰ ਲਵਲੀ ਆਦਿ ਹਾਜ਼ਰ ਸਨ।
ਧਾਰੀਵਾਲ (ਪੱਤਰ ਪ੍ਰੇਰਕ): ਪਿੰਡ ਡੇਹਰੀਵਾਲ ਦਰੋਗਾ ਵਿੱਚ ਡਰਾਮਾਟਿਕ ਕਲੱਬ ਡੇਹਰੀਵਾਲ ਦੋਰਗਾ ਵੱਲੋਂ ਰਾਮਲੀਲਾ ਸਟੇਡੀਅਮ ਵਿੱਚ ਦਸਹਿਰਾ ਉਤਸ਼ਾਹ ਨਾਲ ਮਨਾਇਆ।
ਇਸ ਮੌਕੇ ਸੱਭਿਆਚਾਰਕ ਪ੍ਰੋਗਰਾਮ ਦੌਰਾਨ ਪ੍ਰਸਿੱਧ ਗਾਇਕਾ ਜੈਨੀ ਜੌਹਲ ਅਤੇ ਗਾਇਕ ਜੋੜੀ ਗੁਰਮੀਤ ਪੰਜਾਬੀ ਤੇ ਹੁਸਨ ਮੀਤ ਨੇ ਆਪਣੇ ਚਰਚਿਤ ਗੀਤਾ ਦੁਆਰਾ ਦਰਸ਼ਕਾਂ ਦਾ ਖੂਬ ਮੰਨੋਰਜਨ ਕੀਤਾ। ਉਪਰੰਤ ਸ਼ਾਮ ਨੂੰ ਸ਼ਾਮ ਨੂੰ ਕਲੱਬ ਦੇ ਨੌਜਵਾਨਾਂ ਨੇ ਰਾਵਣ ਦੇ ਪੁਤਲੇ ਨੂੰ ਅਗਨ ਭੇਟ ਕੀਤਾ।
ਚੋਹਲਾ ਸਾਹਿਬ (ਪੱਤਰ ਪ੍ਰੇਰਕ): ਸ਼ਿਵ ਮੰਦਰ ਦਸਹਿਰਾ ਕਮੇਟੀ ਚੋਹਲਾ ਸਾਹਿਬ ਵਲੋਂ ਬਦੀ ‘ਤੇ ਨੇਕੀ ਦੀ ਜਿੱਤ ਦਾ ਪ੍ਰਤੀਕ ਦਸਹਿਰਾ ਉਤਸ਼ਾਹ ਨਾਲ ਮਨਾਇਆ ਗਿਆ। ਇਸ ਮੌਕੇ ਹਲਕਾ ਖਡੂਰ ਸਾਹਿਬ ਦੇ ਸਾਬਕਾ ਕਾਂਗਰਸੀ ਵਿਧਾਇਕ ਰਮਨਜੀਤ ਸਿੰਘ ਸਿੱਕੀ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ।
ਸੂਰਜ ਢਲਣ ਤੋਂ ਬਾਅਦ ਆੜ੍ਹਤ ਵਿੱਚ ਲਗਾਏ ਗਏ ਰਾਵਣ, ਮੇਘਨਾਦ ਅਤੇ ਕੁੰਭਕਰਨ ਦੇ ਵੱਡੇ ਪੁਤਲਿਆਂ ਨੂੰ ਅਗਨ ਭੇਟ ਕੀਤਾ ਗਿਆ।
ਬਲਾਚੌਰ (ਨਿੱਜੀ ਪੱਤਰ ਪ੍ਰੇਰਕ): ਰਾਮ ਲੀਲਾ ਕਮੇਟੀ ਕਮੇਟੀ ਦੇ ਪ੍ਰਧਾਨ ਟਿੰਕੂ ਘਈ ਦੀ ਅਗਵਾਈ ਵਿੱਚ ਮਨਾਇਆ ਗਿਆ। ਇਸ ਮੌਕੇ ਵਿਧਾਇਕਾ ਸੰਤੋਸ਼ ਕਟਾਰੀਆ ਵਲੋਂ ਰਾਵਣ, ਕੁੰਭਕਰਨ ਅਤੇ ਮੇਘਨਾਦ ਦੇ ਪੁਤਲਿਆਂ ਨੂੰ ਅਗਨੀ ਵਿਖਾਈ ਗਈ।