ਪੱਤਰ ਪ੍ਰੇਰਕ
ਧਾਰੀਵਾਲ, 1 ਮਾਰਚ
ਬਿਜਲੀ ਮੁਲਾਜ਼ਮਾਂ ਦੀ ਸਿਰਮੌਰ ਜਥੇਬੰਦੀ ਇੰਪਲਾਈਜ਼ ਫੈਡਰੇਸਨ ਪੰਜਾਬ ਰਾਜ ਬਿਜਲੀ ਬੋਰਡ ਹੁਣ ਪਾਵਰਕੌਮ, ਟਰਾਂਸਕੋ ਪੰਜਾਬ ਕੇਸਰੀ ਝੰਡਾ (ਚਾਹਲ) ਪੰਜਾਬ ਦੇ ਪ੍ਰਧਾਨ ਗੁਰਵੇਲ ਸਿੰਘ ਬਲਪੁਰੀਆਂ ਨੇ ਭਾਖੜਾ ਬਿਆਸ ਪ੍ਰਬੰਧਕੀ ਬੋਰਡ ਚ ਪੰਜਾਬ ਦੀ ਪ੍ਰਤੀਨਿਧਤਾ ਖਤਮ ਹੋਣ ਨਾਲ ਪੰਜਾਬ ਦੇ ਹਿੱਸੇ ਦੀਆਂ 1565 ਅਸਾਮੀਆਂ ਖਤਮ ਹੋਣਗੀਆਂ ਦੀ ਨਿਖੇਧੀ ਕਰਦਿਆਂ ਕੇਂਦਰ ਦੀ ਮੋਦੀ ਸਰਕਾਰ ਦੀਆਂ ਹਿਟਲਰਸ਼ਾਹੀ ਵਿਰੁੱਧ ਚਿਤਾਵਨੀ ਦਿੱਤੀ ਹੈ। ਉਨ੍ਹਾਂ ਕਿਹਾ ਜੇ ਇਹ ਪੰਜਾਬ ਵਿਰੋਧੀ ਫੈਸਲਾ ਤੁੰਰਤ ਵਾਪਸ ਨਾ ਲਿਆ ਗਿਆ ਤਾਂ ਬਿਜਲੀ ਮੁਲਾਜ਼ਮਾਂ ਸਮੇਤ ਪੰਜਾਬ ਦੇ ਮੁਲਾਜ਼ਮ ਇਸ ਖ਼ਿਲਾਫ ਤਿੱਖਾ ਸੰਘਰਸ਼ ਕਰਨ ਲਈ ਮਜ਼ਬੂਰ ਹੋਣਗੇ। ਬਲਪੁਰੀਆ ਨੇ ਦੱਸਿਆ ਕਿ ਇਸ ਸਮੇਂ ਭਾਖੜਾ ਬਿਆਸ ਬੋਰਡ ਵਿੱਚ ਕਲਾਸ 1 ਤੇ 2 ਦੀਆਂ 164 ਅਸਾਮੀਆਂ ਹਨ। ਜਿਨ੍ਹਾਂ ਵਿੱਚੋ 97 ਅਸਾਮੀਆਂ ਭਰੀਆਂ ਤੇ 67 ਅਸਾਮੀਆਂ ਖਾਲੀ ਹਨ। ਦਰਜਾ ਤਿੰਨ ਦੀਆਂ 944 ਅਸਾਮੀਆਂ ਹਨ, ਜਿਨ੍ਹਾਂ ’ਚੋਂ ਸਿਰਫ 241 ਅਸਾਮੀਆਂ ਭਰੀਆਂ ਹਨ ਤੇ 730 ਅਸਾਮੀਆਂ ਖਾਲੀ ਹਨ। ਇਸੇ ਤਰ੍ਹਾਂ ਚੌਥਾ ਦਰਜਾ ਦੇ ਵਰਗ ਦੀਆਂ 457 ਚੋਂ 17 ਅਸਾਮੀਆਂ ਭਰੀਆਂ ਹਨ ਤੇ 450 ਅਸਾਮੀਆਂ ਖਾਲੀ ਹਨ। ਇਸ ਤਰਾਂ ਕੁੱਲ 1565 ਅਸਾਮੀਆਂ ਚੋਂ ਸਿਰਫ 328 ਅਸਾਮੀਆਂ ਭਰੀਆਂ ਹਨ ਤੇ 1237 ਅਸਾਮੀਆਂ ਪੰਜਾਬ ਕੋਟੇ ਦੀਆਂ ਖਾਲੀ ਹਨ। ਇਨ੍ਹਾਂ ਖਾਲੀ ਅਸਾਮੀਆਂ ਨੂੰ ਸਰਕਾਰ ਜਾਣ ਬੁੱਝ ਕੇ ਨਹੀਂ ਭਰ ਰਹੀ। ਉਨ੍ਹਾਂ ਕਿਹਾ ਕਿ ਪੰਜਾਬ ਦਾ ਨੌਜਵਾਨ ਵਰਗ ਪੜ੍ਹ ਲਿਖ ਕੇ ਨੌਕਰੀਆਂ ਤੋਂ ਬਗੈਰ ਬੇਰੁਜ਼ਗਾਰ ਹੀ ਭਟਕ ਰਿਹਾ ਹੈ।