ਹੁਸ਼ਿਆਰਪੁਰ: ਕੰਢੀ ਇਲਾਕੇ ਵਿਚ ਸਾਉਣੀ ਦੌਰਾਨ ਤਿਲਾਂ ਦੀ ਫ਼ਸਲ ਦੀ ਕਾਸ਼ਤ ਬਾਰੇ ਕਿਸਾਨਾਂ ਨੂੰ ਜਾਗਰੂਕ ਕਰਨ ਦੇ ਮੰਤਵ ਨਾਲ ਕ੍ਰਿਸ਼ੀ ਵਿਗਿਆਨ ਕੇਂਦਰ (ਕੇ.ਵੀ.ਕੇ) ਬਾਹੋਵਾਲ ਵਲੋਂ ਪਿੰਡ ਬਿਛੋਹੀ ਵਿੱਚ ਖੇਤ ਦਿਵਸ ਮਨਾਇਆ ਗਿਆ। ਕੇਂਦਰ ਦੇ ਡਿਪਟੀ ਡਾਇਰੈਕਟਰ ਡਾ. ਮਨਿੰਦਰ ਸਿੰਘ ਨੇ ਕਿਸਾਨਾਂ ਨੂੰ ਸੰਬੋਧਨ ਕਰਦਿਆਂ ਦੱਸਿਆ ਕਿ ਤਿਲਾਂ ਦੀ ਫ਼ਸਲ ਨੂੰ ਜ਼ਿਆਦਾ ਪਾਣੀ ਦੀ ਲੋੜ ਨਹੀਂ ਪੈਂਦੀ ਅਤੇ ਨਾ ਹੀ ਜ਼ਿਆਦਾ ਸਾਂਭ ਸੰਭਾਲ ਦੀ ਜ਼ਰੂਰਤ ਹੁੰਦੀ ਹੈ। ਉਨ੍ਹਾਂ ਨੇ ਤਿਲਾਂ ਦੀ ਫ਼ਸਲ ਦੀ ਕਾਸ਼ਤ ਦੇ ਢੰਗ, ਖਾਦਾਂ ਦੀ ਵਰਤੋਂ, ਕੀੜਿਆਂ ਤੇ ਬਿਮਾਰੀਆਂ ਦੀ ਰੋਕਥਾਮ ਬਾਰੇ ਵਿਸਥਾਰ ਨਾਲ ਜਾਣੂ ਕਰਵਾਇਆ। ਡਾ. ਬੌਂਸ ਨੇ ਹਾੜ੍ਹੀ ਦੀਆਂ ਫ਼ਸਲਾਂ ਕਣਕ, ਗੋਭੀ, ਸਰੋਂ, ਛੋਲੇ ਤੇ ਮਸਰ ਦੀ ਕਾਸ਼ਤ ਬਾਰੇ ਵੀ ਨੁਕਤੇ ਸਾਂਝੇ ਕੀਤੇ। ਸਹਾਇਕ ਪ੍ਰੋ. ਅਜੈਬ ਸਿੰਘ ਨੇ ਝੋਨੇ ਦੀ ਪਰਾਲੀ ਨੂੰ ਸੰਭਾਲਣ ਦੇ ਵੱਖ-ਵੱਖ ਤਰੀਕਿਆਂ ਬਾਰੇ ਦੱਸਿਆ। ਇਸ ਮੌਕੇ ਕਿਸਾਨ ਦਵਿੰਦਰ ਸਿੰਘ, ਅਨਿਲ ਕੁਮਾਰ, ਕੁਲਵਿੰਦਰ ਸਿੰਘ, ਪ੍ਰਵੀਨ ਕੁਮਾਰ, ਜਤਿੰਦਰ ਕੁਮਾਰ, ਕਮਲ ਸਿੰਘ ਆਦਿ ਮੌਜੂਦ ਸਨ। -ਪੱਤਰ ਪ੍ਰੇਰਕ