ਹਰਪ੍ਰੀਤ ਕੌਰ
ਹੁਸ਼ਿਆਰਪੁਰ, 6 ਨਵੰਬਰ
ਕਿਸਾਨ ਜਥੇਬੰਦੀਆਂ ਵਲੋਂ ਐਲਾਨੇ ਪ੍ਰੋਗਰਾਮ ਅਨੁਸਾਰ ਕਿਸਾਨ ਆਗੂ ਗੁਰਦੀਪ ਸਿੰਘ ਖੁਣ-ਖੁਣ, ਸਵਰਨ ਸਿੰਘ ਧੁੱਗਾ, ਉਂਕਾਰ ਸਿੰਘ ਧਾਮੀ, ਓਮ ਸਿੰਘ ਸਟਿਆਣਾ, ਹਰਪ੍ਰੀਤ ਸਿੰਘ ਆਦਿ ਦੀ ਅਗਵਾਈ ਹੇਠ ਲਾਚੋਵਾਲ ਟੌਲ ਪਲਾਜ਼ਾ ਵਿਖੇ ਚੱਲ ਰਿਹਾ ਧਰਨਾ ਲਗਾਤਾਰ ਜਾਰੀ ਹੈ। ਅੱਜ 27ਵੇਂ ਦਿਨ ਵੀ ਵੱਡੀ ਗਿਣਤੀ ’ਚ ਕਿਸਾਨਾਂ ਤੇ ਹੋਰ ਜਥੇਬੰਦੀਆਂ ਦੇ ਵਰਕਰਾਂ ਨੇ ਇਸ ਵਿਚ ਹਿੱਸਾ ਲਿਆ। ਇਸ ਮੌਕੇ ਬੋਲਦਿਆਂ ਕਿਸਾਨ ਆਗੂਆਂ ਨੇ ਕਿਹਾ ਕਿ ਅਕਾਲੀ ਦਲ ਅਤੇ ਆਮ ਆਦਮੀ ਪਾਰਟੀ ਨੇ ਕਿਸਾਨਾਂ ਵਲੋਂ ਐਲਾਨੇ ਚੱਕਾ ਜਾਮ ਸੰਘਰਸ਼ ਵਿਚ ਸ਼ਾਮਲ ਨਾ ਹੋ ਕੇ ਕਿਸਾਨ ਵਿਰੋਧੀ ਹੋਣ ਦਾ ਸਬੂਤ ਦਿੱਤਾ ਹੈ। ਉਨ੍ਹਾਂ ਕਿਹਾ ਕਿ ਇਹ ਪਾਰਟੀਆਂ ਕਿਸਾਨ ਮਸਲਿਆਂ ਨੂੰ ਅਣਗੌਲਿਆਂ ਕਰਕੇ ਆਉਣ ਵਾਲੀਆਂ ਚੋਣਾਂ ਨੂੰ ਲੈ ਕੇ ਜੋੜ ਤੋੜ ’ਚ ਜੁਟੀਆਂ ਹੋਈਆਂ ਹਨ। ਧਰਨੇ ਵਿਚ ਹੋਰਨਾਂ ਤੋਂ ਇਲਾਵਾ ਪਰਮਿੰਦਰ ਸਿੰਘ ਪੰਨੂ, ਪਰਮਜੀਤ ਸਿੰਘ ਲਾਂਬੜਾ, ਮਨਜੀਤ ਸਿੰਘ, ਗੁਰਦੇਵ ਸਿੰਘ, ਰਾਮ ਸਿੰਘ ਧੁੱਗਾ, ਸੋਹਨ ਸਿੰਘ ਮੁਲਤਾਨੀ, ਹਰਮੇਸ਼ ਲਾਲ, ਗੁਰਬਚਨ ਸਿੰਘ ਆਦਿ ਸ਼ਾਮਿਲ ਸਨ।
ਅਜਨਾਲਾ (ਅਸ਼ੋਕ ਸ਼ਰਮਾ): ਜਮਹੂਰੀ ਕਿਸਾਨ ਸਭਾ ਤੇ ਜਮਹੂਰੀ ਮਜ਼ਦੂਰ ਸਭਾ ਦੇ ਕਾਰਕੁੰਨਾਂ ਨੇ ਖੇਤੀ ਵਿਰੋਧੀ ਕਾਨੂੰਨਾਂ ਖਿਲਾਫ ਡਾ. ਸਤਨਾਮ ਸਿੰਘ ਅਜਨਾਲਾ ਤੇ ਸੁਰਜੀਤ ਸਿੰਘ ਦੁਧਰਾਏ ਦੀ ਅਗਵਾਈ ਹੇਠ ਕਿਸਾਨਾਂ ਮਜ਼ਦੂਰਾਂ ਨੇ ਅਜਨਾਲਾ ਅੰਮ੍ਰਿਤਸਰ ਸੜਕ ’ਤੇ ਅੱਡਾ ਮਹਿਲ ਬੁਖਾਰੀ ਨੇੜੇ ਰਿਲਾਇੰਸ ਪੰਪ ਦਾ ਘਿਰਾਓ ਕਰਕੇ ਸੜਕ ਤੇ ਆਵਾਜਾਈ ਠੱਪ ਕੀਤੀ। ਖੇਤੀ ਮਾਹਿਰ ਡਾ. ਸਤਨਾਮ ਸਿੰਘ ਅਜਨਾਲਾ, ਸ਼ੀਤਲ ਸਿੰਘ ਤਲਵੰਡੀ, ਸਤਨਾਮ ਸਿੰਘ ਚੱਕ ਔਲ ਤੇ ਮਜਦੂਰ ਆਗੂ ਸੁਰਜੀਤ ਸਿੰਘ ਦੁਧਰਾਏ ਨੇ ਕਿਹਾ ਕਿ ਮੋਦੀ ਵਿਰੁੱਧ 26 ਤੇ 27 ਨਵੰਬਰ ਨੂੰ ਕਿਸਾਨ ਤੇ ਮਜ਼ਦੂਰ ਭਾਰੀ ਗਿਣਤੀ ਵਿਚ ਦਿੱਲੀ ਵਿਚ ਪੁੱਜ ਕੇ ਕੇਂਦਰ ਸਰਕਾਰ ਦੀਆਂ ਜੜ੍ਹਾਂ ਹਿਲਾ ਦੇਣਗੇ।
ਮਾਨਸਰ (ਮਨਪ੍ਰੀਤ ਸਿੰਘ): ਕਿਸਾਨ ਜਥੇਬੰਦੀਆਂ ਵੱਲੋਂ ਜਲੰਧਰ ਪਠਾਨਕੋਟ ਕੌਮੀ ਮਾਰਗ ’ਤੇ ਸਥਿਤ ਮਾਨਸਰ ਟੌਲ ਪਲਾਜ਼ਾ ’ਤੇ 27ਵੇਂ ਦਿਨ ਵੀ ਧਰਨਾ ਜਾਰੀ ਰਿਹਾ। ਧਰਨੇ ਨੂੰ ਸੰਬੋਧਨ ਕਰਦੇ ਹੋਏ ਆਗੂਆਂ ਨੇ ਦੋਸ਼ ਲਗਾਇਆ ਕਿ ਕੇਂਦਰ ਦੀ ਮੋਦੀ ਸਰਕਾਰ ਦੇ ਤੁਗਲਕੀ ਫੈਸਲੇ ਦੇਸ਼ ਦੇ ਸਾਰੇ ਵਰਗਾਂ ਦੇ ਲੋਕਾਂ ਨੂੰ ਬਰਬਾਦ ਕਰ ਦੇਣਗੇ। ਉਨ੍ਹਾਂ ਕਿਹਾ ਕਿ ਇਹ ਸੰਘਰਸ਼ ਉਦੋਂ ਤੱਕ ਜਾਰੀ ਰਹੇਗਾ ਜਦੋਂ ਤੱਕ ਖੇਤੀਬਾੜੀ ਵਿਰੋਧੀ ਕਾਨੂੰਨ ਵਾਪਸ ਨਹੀਂ ਲਏ ਜਾਦੇ। ਧਰਨੇ ’ਚ ਹਾਜ਼ਰ ਕਿਸਾਨਾਂ ਵੱਲੋਂ ਕੇਂਦਰ ਦੀ ਮੋਦੀ ਸਰਕਾਰ ਖਿਲਾਫ਼ ਨਾਅਰੇਬਾਜ਼ੀ ਕੀਤੀ ਗਈ।
ਰੇਲਵੇ ਪਲੇਟਫਾਰਮ ਤੋਂ ਧਰਨਾ ਸਟੇਸ਼ਨ ਬਾਹਰ ਪਾਰਕ ’ਚ ਬਦਲਿਆ਼
ਗੁਰਦਾਸਪੁਰ (ਜਤਿੰਦਰ ਬੈਂਸ): ਕੇਂਦਰ ਸਰਕਾਰ ਦੇ ਖੇਤੀ ਕਾਨੂੰਨਾਂ ਖਿਲਾਫ਼ ਕਿਸਾਨਾਂ ਦਾ ਧਰਨਾ ਅੱਜ 37ਵੇਂ ਦਿਨ ਵਿੱਚ ਪੁੱਜ ਗਿਆ ਹੈ। 30 ਕਿਸਾਨ ਜਥੇਬੰਦੀਆਂ ਵੱਲੋਂ ਲਏ ਫੈਸਲੇ ਤਹਿਤ ਕਿਸਾਨਾਂ ਨੇ ਰੇਲਵੇ ਪਲੇਟਫਾਰਮ ਤੋਂ ਆਪਣਾ ਧਰਨਾ ਹੁਣ ਸਟੇਸ਼ਨ ਦੇ ਬਾਹਰ ਸਥਿਤ ਪਾਰਕ ਵਿੱਚ ਤਬਦੀਲ ਕਰ ਲਿਆ ਹੈ।
ਕਿਸਾਨ ਆਗੂਆਂ ਨੇ ਸੰਬੋਧਨ ਕਰਦਿਆਂ ਕਿਹਾ ਕਿ ਜੇ ਹੁਣ ਵੀ ਮੋਦੀ ਸਰਕਾਰ ਵੱਲੋਂ ਮਾਲ ਗੱਡੀਆਂ ਨਹੀਂ ਚਲਾਈਆਂ ਜਾਂਦੀਆਂ ਤਾਂ ਉਸ ਦੀ ਪੰਜਾਬ ਮਾਰੂ ਨੀਤੀ ਸਪਸ਼ਟ ਹੋ ਜਾਵੇਗੀ। ਉਨ੍ਹਾਂ ਕਿਹਾ ਕਿਸਾਨ ਜਥੇਬੰਦੀਆਂ ਵੱਲੋਂ 20 ਨਵੰਬਰ ਨੂੰ ਮੀਟਿੰਗ ਕਰਕੇ ਅਗਲੀ ਰਣਨੀਤੀ ਦਾ ਐਲਾਨ ਕੀਤਾ ਜਾਵੇਗਾ। ਕਿਸਾਨ ਆਗੂ ਬਲਬੀਰ ਸਿੰਘ ਰੰਧਾਵਾ, ਮੱਖਣ ਕੁਹਾੜ, ਜਸਬੀਰ ਸਿੰਘ ਕੱਤੋਵਾਲ, ਗੁਰਦੀਪ ਸਿੰਘ, ਐੱਸਪੀ ਸਿੰਘ ਗੋਸਲ ਅਤੇ ਕੰਵਲਜੀਤ ਸਿੰਘ ਪੰਡੋਰੀ ਨੇ ਕਿਹਾ ਕਿ ਖੇਤੀ ਕਾਨੂੰਨ ਅਤੇ ਬਿਜਲੀ ਸੋਧ ਐਕਟ 2020 ਰੱਦ ਹੋਣ ਤੱਕ ਸੰਘਰਸ਼ ਲਗਾਤਾਰ ਜਾਰੀ ਰਹੇਗਾ। ਉਨ੍ਹਾਂ ਦੱਸਿਆ ਕਿ 26 ਅਤੇ 27 ਨਵੰਬਰ ਨੂੰ ਦੇਸ਼ ਦੇ ਕਿਸਾਨਾਂ ਵੱਲੋਂ ਦਿੱਲੀ ਘੇਰਿਆ ਜਾਵੇਗਾ।
ਰਿਲਾਇੰਸ ਪੈਟਰੋਲ ਪੰਪ ਪੂੰਗੇ ਤੋਂ ਧਰਨਾ ਚੁੱਕ ਕੇ ਹੁਸ਼ਿਆਰਪੁਰ ’ਚ ਲਗਾਇਆ
ਹੁਸ਼ਿਆਰਪੁਰ (ਪੱਤਰ ਪੇ੍ਰਕ): ਕਿਸਾਨ ਜਥੇਬੰਦੀਆਂ ਦੇ ਸੱਦੇ ’ਤੇ ਅਜ਼ਾਦ ਕਿਸਾਨ ਕਮੇਟੀ ਦੋਆਬਾ ਵਲੋਂ ਰਿਲਾਇੰਸ ਪੈਟਰੋਲ ਪੰਪ ਪੂੰਗੇ ਵਿਖੇ ਦਿੱਤਾ ਜਾ ਰਿਹਾ ਧਰਨਾ ਚੁੱਕ ਕੇ ਰਿਲਾਇੰਸ ਸਮਾਰਟ ਹੁਸ਼ਿਆਰਪੁਰ ਵਿਖੇ ਲਗਾ ਦਿੱਤਾ ਗਿਆ ਹੈ। ਕਿਸਾਨ ਜਥੇਬੰਦੀਆਂ ਦੇ ਆਗੂ ਹਰਪਾਲ ਸਿੰਘ ਸੰਘਾ ਨੇ ਕਿਹਾ ਕਿ ਰਿਲਾਇੰਸ ਪੰਪ ਜਿਹੜੇ ਡੀਲਰਾਂ ਦੇ ਹਨ, ਉਨ੍ਹਾਂ ਤੋਂ ਕਿਸਾਨ ਜਥੇਬੰਦੀਆਂ ਨੇ ਧਰਨਾ ਚੁੱਕਣ ਦਾ ਐਲਾਨ ਕੀਤਾ ਹੈ। ਗੁਰਨਾਮ ਸਿੰਘ ਸਿੰਗੜੀਵਾਲਾ ਨੇ ਕਿਹਾ ਕਿ ਗ੍ਰਿਫ਼ਤਾਰ ਕੀਤੇ ਗਏ ਬੁੱਧੀਜੀਵੀਆਂ, ਲੇਖਕਾਂ ਤੇ ਪੱਤਰਕਾਰਾਂ ਨੂੰ ਕੇਂਦਰ ਸਰਕਾਰ ਬਿਨਾਂ ਸ਼ਰਤ ਰਿਹਾਅ ਕਰੇ। ਉਨ੍ਹਾਂ ਕਿਹਾ ਕਿ ਜੇਕਰ ਮੋਦੀ ਸਰਕਾਰ ਨੇ ਕਿਸਾਨ ਵਿਰੋਧੀ ਫ਼ੈਸਲੇ ਵਾਪਿਸ ਨਾ ਲਏ ਤਾਂ ਸੰਘਰਸ਼ ਨੂੰ ਹੋਰ ਤਿੱਖਾ ਕੀਤਾ ਜਾਵੇਗਾ। ਇਸ ਮੌਕੇ ਪੰਜਾਬ ਰੋਡਵੇਜ਼ ਦੇ ਰਾਜਿੰਦਰ ਸਿੰਘ, ਅਜੀਬ ਦਿਵੇਦੀ, ਰਣਜੀਤ ਸਿੰਘ ਕਾਹਰੀ, ਅਮਨਦੀਪ ਸਿੰਘ, ਗੁਰਨਾਮ ਸਿੰਘ ਕਾਹਰੀ, ਹਰਕਮਲ ਸਿੰਘ ਤਾਜੋਵਾਲ, ਗੁਰਦੀਪ ਸਿੰਘ, ਸੁਖਦੇਵ ਸਿੰਘ ਕਾਹਰੀ ਆਦਿ ਮੌਜੂਦ ਸਨ।