ਪੱਤਰ ਪ੍ਰੇਰਕ
ਫਿਲੌਰ, 24 ਮਈ
ਅਗਲੀ ਫ਼ਸਲ ਦੀ ਤਿਆਰੀ ਲਈ ਖੇਤ ਵਿਹਲੇ ਕਰਨ ਦੇ ਚੱਕਰ ’ਚ ਕਣਕ ਦੀ ਰਹਿੰਦ ਖੂਹਦ ਨੂੰ ਖਤਮ ਕਰਨ ਲਈ ਧੜਾ ਧੜ ਅੱਗ ਲਾਈ ਜਾ ਰਹੀ ਹੈ। ਸਰਕਾਰ ਵੋਟਾਂ ’ਚ ਰੁੱਝੀ ਹੋਈ ਹੈ, ਜਿਸ ਕਾਰਨ ਕੋਈ ਕਿਸੇ ਨੂੰ ਕਹਿਣ ਨੂੰ ਤਿਆਰ ਨਹੀਂ। ਖੇਤੀਬਾੜੀ ਵਿਭਾਗ ਅਤੇ ਪ੍ਰਦੂਸ਼ਣ ਵਿਭਾਗ ਨਾ ਤਾਂ ਕੋਈ ਸਲਾਹ ਦੇ ਰਿਹਾ ਤੇ ਨਾ ਹੀ ਕੋਈ ਕਾਰਵਾਈ ਕਰ ਰਿਹਾ ਹੈ। ਵਾਤਾਵਰਣ ਪ੍ਰੇਮੀ ਇਸ ’ਤੇ ਟਿੱਪਣੀ ਕਰਦੇ ਹੋਏ ਕਹਿੰਦੇ ਹਨ ਕਿ ਯੂਨੀਵਰਸਿਟੀ ਦੇ ਸੈਟਾਲਾਈਟ ਵੀ ਗਰਮੀਆਂ ਦੀਆਂ ਛੁੱਟੀਆਂ ਕੱਟਣ ਗਏ ਹੋਏ ਹਨ। ਸੋਸ਼ਲ ਮੀਡੀਏ ’ਤੇ ਸਮਾਜ ਦਾ ਇੱਕ ਹਿੱਸਾ ਕਿਸਾਨ ਜਥੇਬੰਦੀਆਂ ਨੂੰ ਜ਼ਰੂਰ ਸਵਾਲ ਕਰਦਾ ਦਿਖਾਈ ਦੇ ਰਿਹਾ ਹੈ ਕਿ ਕਿਸਾਨ ਜਥੇਬੰਦੀਆਂ ਨੂੰ ਅੱਗੇ ਆ ਕੇ ਅੱਗਾਂ ਲਾਉਣ ਦੇ ਕੰਮ ਨੂੰ ਰੋਕਣਾ ਚਾਹੀਦਾ ਹੈ। ਲੋਕਾਂ ’ਚ ਵੀ ਅਜੀਬ ਕਿਸਮ ਦਾ ਬ੍ਰਿਤਾਂਤ ਬਣ ਗਿਆ ਹੈ ਕਿ 12 ਘੰਟੇ ਦੀ ਦਿਹਾੜੀ ਦਾ ਸਵਾਲ ਹੋਵੇ, ਚਾਹੇ ਕੁੱਝ ਹੋਰ ਵੀ ਸਵਾਲ ਹੋਣ ਤਾਂ ਕਿਸਾਨ ਜਥੇਬੰਦੀਆਂ ਤੋਂ ਆਸ ਪ੍ਰਗਟਾਈ ਜਾਣ ਲੱਗੀ ਹੈ। ਸ਼ਾਹਪੁਰ ਦੇ ਸੁਖਵਿੰਦਰ ਸਿੰਘ ਕਹਿੰਦੇ ਹਨ ਕਿ ਖੇਤਾਂ ’ਚ ਅੱਗ ਲਾਉਣ ਕਾਰਨ ਅਤੇ ਇੰਟਰਲਾਕ ਟਾਇਲਾਂ ਕਾਰਨ ਤਪਸ਼ ਵੱਧ ਗਈ ਹੈ। ਪ੍ਰਿੰਸੀਪਲ ਚਰਨਜੀਤ ਸਿੰਘ ਨੇ ਕਿਹਾ ਕਿ ਉਹ ਹਰ ਸਾਲ ਪੌਦੇ ਲਵਾਉਂਦੇ ਹਨ ਪਰ ਉਨ੍ਹਾਂ ਦੀ ਮਿਹਨਤ ’ਤੇ ਪਾਣੀ ਫਿਰ ਜਾਂਦਾ ਹੈ, ਜਿਸ ਨੂੰ ਸਖਤੀ ਨਾਲ ਰੋਕਣ ਦੀ ਜ਼ਰੂਰਤ ਹੈ।