ਸੁਰਜੀਤ ਮਜਾਰੀ
ਬੰਗਾ, 17 ਨਵੰਬਰ
‘‘ਪ੍ਰਦੂਸ਼ਣ ਦੀ ਸਮੱਸਿਆ ਕੇਂਦਰ ਸਰਕਾਰ ਅਤੇ ਕੇਂਦਰ ਸਰਕਾਰ ਅਧੀਨ ਪ੍ਰਦੂਸ਼ਣ ਵਿਭਾਗ ਦੀ ਅਣਗਿਹਲੀ ਕਾਰਨ ਆ ਰਹੀ ਹੈ, ਇਸ ਲਈ ਕਿਸਾਨਾਂ ਨੂੰ ਜ਼ਿੰਮੇਵਾਰ ਠਹਿਰਾਉਂਣਾ ਕਿਸੇ ਵੀ ਪੱਖੋਂ ਵਜ਼ਬਿ ਨਹੀ ਹੈ।’’ ਇਸ ਗੱਲ ਦਾ ਪ੍ਰਗਟਾਵਾ ਸੰਸਦ ਮੈਂਬਰ ਮੁਨੀਸ਼ ਤਿਵਾੜੀ ਨੇ ਇੱਕ ਪ੍ਰੋਗਗਾਮ ਦੌਰਾਨ ਕੀਤਾ। ਉਹ ਅੱਜ ਬੰਗਾ ਵਿੱਚ 4 ਕਰੋੜ ਦੀ ਲਾਗਤ ਨਾਲ ਬਰਸਾਤੀ ਪਾਣੀ ਦੇ ਨਿਪਟਾਰੇ ਅਤੇ ਹੋਰ ਵਿਕਾਸ ਕਾਰਜਾਂ ਦਾ ਨੀਂਹ ਪੱਥਰ ਰੱਖਣ ਲਈ ਪਹੁੰਚੇ ਹੋਏ ਸਨ। ਉਨ੍ਹਾਂ ਮੀਡੀਆ ਵਲੋਂ ਪੁੱਛੇ ਇਕ ਹੋਰ ਸੁਆਲ ਦੇ ਜੁਆਬ ਵਿੱਚ ਦੱਸਿਆ ਕਿ ਕਿਸਾਨ ਵਿਰੋਧੀ ਤਿੰਨ ਕਾਲੇ ਕਾਨੂੰਨ ਹਰ ਹਾਲਤ ਵਿੱਚ ਰੱਦ ਹੋਣੇ ਚਾਹੀਦੇ ਹਨ। ਇਨ੍ਹਾਂ ਨੂੰ ਰੱਦ ਕਰਵਾਉਣ ਲਈ ਕਾਂਗਰਸ ਪਾਰਟੀ ਵਲੋਂ ਦੇਸ਼ ਦੇ ਪ੍ਰਧਾਨ ਮੰਤਰੀ, ਗ੍ਰਹਿ ਮੰਤਰੀ ਅਤੇ ਖੇਤੀਬਾੜੀ ਮੰਤਰੀ ਨੂੰ ਵੀ ਅਪੀਲਾਂ ਕੀਤੀਆਂ ਗਈਆਂ ਪ੍ਰੰਤੂ ਉਨ੍ਹਾਂ ਵਲੋਂ ਕੋਈ ਢੁਕਵਾਂ ਭਰੋਸਾ ਨਹੀਂ ਦਿੱਤਾ ਗਿਆ। ਇਸ ਮੌਕੇ ਜਾਣਕਾਰੀ ਦਿੱਤੀ ਗਈ ਕਿ ਸ਼ਹਿਰ ਵਿੱਚ ਬਰਸਾਤੀ ਪਾਣੀ ਦੀ ਸਮੱਸਿਆ ਕਾਫ਼ੀ ਚਿਰ ਤੋਂ ਲੋਕਾਂ ਨੂੰ ਪੇਸ਼ ਆ ਰਹੀ ਸੀ, ਜਿਸ ਦਾ ਪੱਕੇ ਤੌਰ ’ਤੇ ਹੱਲ ਕਰਨ ਲਈ ਅੱਜ ਸਟੋਰਮ ਸੀਵਰੇਜ ਦਾ ਸ਼ੁਰੂ ਕਰਵਾਇਆ ਗਿਆ। ਇਸ ਤੋਂ ਬੰਗਾ ਸ਼ਹਿਰ ਵਿੱਚ ਰਹਿੰਦੀਆਂ ਗਲੀਆ ’ਚ ਸੀਵਰੇਜ ਪਾਉਣ ਦਾ ਕੰਮ ਸ਼ੁਰੂ ਕਰਵਾਇਆ ਗਿਆ। ਉਨ੍ਹਾਂ ਦੱਸਿਆ ਕਿ ਸ਼ਹਿਰ ਵਿੱਚ ਪੀਣ ਵਾਲੇ ਪਾਣੀ ਦੀ ਘਾਟ ਨੂੰ ਪੂਰਾ ਕਰਨ ਲਈ 2 ਨਵੇਂ ਟਿਊਬਵੈੱਲ ਲਗਾਏ ਜਾ ਰਹੇ ਹਨ। ਇਸ ਮੌਕੇ ਸਤਵੀਰ ਸਿੰਘ ਪੱਲੀ ਝਿੱਕੀ ਚੇਅਰਮੈਨ ਜ਼ਿਲ੍ਹਾ ਯੋਜਨਾ ਬੋਰਡ , ਦਰਬਜੀਤ ਸਿੰਘ ਪੂੰਨੀ ਚੇਅਰਮੈਨ ਮਾਰਕੀਟ ਕਮੇਟੀ, ਠੇਕੇਦਾਰ ਰਾਜਿੰਦਰ ਸਿੰਘ, ਤਲਵਿੰਦਰ ਕੌਰ ਐਮਸੀ, ਹਰੀਪਾਲ ਅਤੇ ਹੋਰ ਪੰਤਵੰਤੇ ਸੱਜਣ ਹਾਜ਼ਰ ਸਨ।