ਜਗਜੀਤ ਸਿੰਘ
ਮੁਕੇਰੀਆਂ, 28 ਜੁਲਾਈ
ਇਲਾਕੇ ਅੰਦਰ ਹੋ ਰਹੀ ਨਾਜਾਇਜ਼ ਮਾਈਨਿੰਗ ਅਤੇ ਕਾਰੋਬਾਰੀ ਅਦਾਰਿਆਂ ਵੱਲੋਂ ਅੰਨ੍ਹੇ ਮੁਨਾਫਿਆਂ ਖਾਤਰ ਵਾਤਾਵਰਨ ਨੂੰ ਢਾਹ ਲਗਾਉਣ ਵਾਲੀਆਂ ਗਤੀਵਿਧੀਆਂ ਦੇ ਖਿਲਾਫ਼ ਸੰਘਰਸ਼ ਵਿੱਢਣ ਲਈ ਲਾਮਬੰਦੀ ਕਰਨ ਲਈ ਵਾਤਾਵਰਨ ਪ੍ਰੇਮੀਆਂ ਨੇ ਨੇੜਲੇ ਪਿੰਡ ਮਹਿਤਪੁਰ ਵਿੱਚ ਇਕੱਠ ਕੀਤਾ। ਇਸ ਵਿੱਚ ਇਲਾਕੇ ਦੇ ਮਾਈਨਿੰਗ ਪ੍ਰਭਾਵਿਤ ਪਿੰਡਾਂ ਦੇ ਲੋਕਾਂ ਦੀ ਪਬਲਿਕ ਐਕਸ਼ਨ ਕਮੇਟੀ ਦੇ ਮੈਂਬਰ ਜਸਕੀਰਤ ਸਿੰਘ, ਡਾ. ਅਮਨਦੀਪ ਸਿੰਘ ਬੈਂਸ, ਮਾਈਨਿੰਗ ਖਿਲਾਫ ਲੜ ਰਹੇ ਵਕੀਲ ਵਿਸ਼ਾਲ ਸੈਣੀ, ਪਲਾਸਿਟਕ ਦੀ ਵਰਤੋਂ ਖਿਲਾਫ ਲੜ ਰਹੀ ਅਮਰੀਕਾ ਦੀ ਜੰਮਪਲ ਡਾਕਟਰ ਨਵਨੀਤ ਭੁਲੱਰ, ਸ਼ਹਿਰਾਂ ਵਿੱਚ ਲੱਗੇ ਕੂੜਾ ਕਰਕਟ ਦੇ ਢੇਰਾਂ ਖ਼ਿਲਾਫ਼ ਲੜ ਰਹੀ ਵਕੀਲ ਪਰਮ ਸੁਨੀਲ ਕੌਰ ਅਤੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਆਗੂਆਂ ਨੇ ਸ਼ਿਰਕਤ ਕੀਤੀ।
ਬੁਲਾਰਿਆਂ ਨੇ ਕਿਹਾ ਕਿ ਇਲਾਕੇ ਅੰਦਰ ਮਾਈਨਿੰਗ ਰਾਹੀਂ ਵਾਹੀਯੋਗ ਜ਼ਮੀਨਾਂ ਦੀ ਕੀਤੀ ਜਾ ਰਹੀ ਤਬਾਹੀ ਅਤੇ ਵਾਤਾਵਰਨ ਪਲੀਤ ਕਰਨ ਲਈ ਕੀਤੀਆਂ ਜਾ ਰਹੀਆਂ ਗਤੀਵਿਧੀਆਂ ਮੱਤੇਵਾੜਾ ਜੰਗਲ, ਜ਼ੀਰਾ ਸ਼ਰਾਬ ਫੈਕਟਰੀ ਅਤੇ ਬੁੱਢਾ ਦਰਿਆ ਦੀ ਲੜਾਈ ਵਾਂਗ ਹੀ ਹੈ। ਐਡਵੋਕੇਟ ਵਿਸ਼ਾਲ ਸੈਣੀ ਨੇ ਲੋਕਾਂ ਖਾਸ ਕਰਕੇ ਕਿਸਾਨਾਂ ਨੂੰ ਮਾਈਨਿੰਗ ਮਾਫ਼ੀਆਂ ਤੋਂ ਨਾ ਡਰਨ ਬਾਰੇ ਕਹਿੰਦਿਆਂ ਭਰੋਸਾ ਦਿੱਤਾ ਕਿ ਉਹ ਕਿਸਾਨਾਂ ਦੀ ਤਬਾਹੀ ਕਰਨ ਵਾਲੇ ਗੈਰ ਕਨੂੰਨੀ ਮਾਈਨਿੰਗ ਮਾਫੀਆ ਖਿਲਾਫ਼ ਹਰ ਕੇਸ ਮੁਫਤ ਲੜਨਗੇ। ਇਸ ਮੌਕੇ ਸਟੇਜ ਸੱਕਤਰ ਦੀ ਭੂਮਿਕਾ ਜਗਦੀਸ਼ ਸਿੰਘ ਰਾਜਾ ਨੇ ਨਿਭਾਈ।
ਖਣਨ ਰੋਕੋ ਜ਼ਮੀਨ ਬਚਾਓ ਸੰਘਰਸ਼ ਕਮੇਟੀ ਦੀ ਮੀਟਿੰਗ
ਤਲਵਾੜਾ (ਦੀਪਕ ਠਾਕੁਰ):ਖਣਨ ਰੋਕੋ ਜ਼ਮੀਨ ਬਚਾਓ ਸੰਘਰਸ਼ ਕਮੇਟੀ ਦੀ ਮੀਟਿੰਗ ਪ੍ਰਧਾਨ ਕੈਪਟਨ (ਰੀਟਾ) ਰਾਜੇਸ਼ ਕੁਮਾਰ ਭੋਲ ਬਦਮਾਣੀਆ ਦੀ ਪ੍ਰਧਾਨਗੀ ਹੇਠ ਹੋਈ। ਇਸ ਮੌਕੇ ਸੰਘਰਸ਼ ਕਮੇਟੀ ਨੇ ਪਿੰਡ ਭੋਲ ਬਦਮਾਣੀਆ ਵਿਖੇ ਪਹਾੜ ਕੱਟ ਕੇ ਲਗਾਏ ਜਾ ਰਹੇ ਸਟੋਨ ਕਰਸ਼ਰ ਦਾ ਸਖ਼ਤ ਨੋਟਿਸ ਲਿਆ ਅਤੇ ਸਰਕਾਰ ਤੇ ਪ੍ਰਸ਼ਾਸਨ ਤੋਂ ਇਸ ਨੂੰ ਤੁਰੰਤ ਬੰਦ ਕਰਨ ਦੀ ਮੰਗ ਕੀਤੀ। ਕਮੇਟੀ ਮੈਬਰਾਂ ਨੇ ਮੌਨਸੂਨ ਸੀਜ਼ਨ ਵਿਚ ਇੱਕਾ ਦੁੱਕਾ ਸਟੋਨ ਕਰੱਸ਼ਰਾਂ ਵੱਲੋਂ ਸਵਾਂ ਦਰਿਆ ਵਿੱਚ ਕਥਿਤ ਖਣਨ ਕਰਨ ਦੇ ਦੋਸ਼ ਲਗਾਏ ਹਨ। ਕਮੇਟੀ ਨੇ ਪਿਛਲੇ ਦਿਨੀਂ ਕਮੇਟੀ ਦੇ ਸਕੱਤਰ ਮਨੋਜ ਪਲਾਹੜ ਉਤੇ ਖਣਨ ਮਾਫੀਆ ਦੀ ਸ਼ਹਿ ’ਤੇ ਹਾਜੀਪੁਰ ਪੁਲੀਸ ਵੱਲੋਂ ਦਰਜ ਕੀਤੇ ਝੂਠੇ ਮਾਮਲੇ ਨੂੰ ਸਰਕਾਰ ਅਤੇ ਪ੍ਰਸ਼ਾਸਨ ਦੇ ਭਰੋਸੇ ਮਗਰੋਂ ਰੱਦ ਨਾ ਕਰਨ ’ਤੇ ਰੋਸ ਪ੍ਰਗਟਾਇਆ। ਇਸ ਮਾਮਲੇ ਦੀ ਜਾਂਚ ਡੀਐੱਸਪੀ ਮੁਕੇਰੀਆਂ ਵੱਲੋਂ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਕੇਸ ਨਾ ਰੱਦ ਕਰਨ ਦੀ ਸੂਰਤ ਵਿੱਚ ਛੇ ਅਗਸਤ ਨੂੰ ਡੀਐੱਸਪੀ ਦਫ਼ਤਰ ਮੁਕੇਰੀਆਂ ਮੂਹਰੇ ਧਰਨਾ ਲਾਇਆ ਜਾਵੇਗਾ। ਇਸ ਮੌਕੇ ਅਵਤਾਰ ਸਿੰਘ ਮੰਗੂ ਮੈਰ੍ਹਾ, ਕੈਪਟਨ ਜੋਗਿੰਦਰ ਸਿੰਘ, ਅਸ਼ੋਕ ਜਲੇਰੀਆ, ਬਲਾਕ ਸਮਿਤੀ ਮੈਂਬਰ ਨਰੇਸ਼ ਕੁਮਾਰ ਨੀਤੂ, ਸਮਾਜਿਕ ਕਾਰਕੁਨ ਬੋਧ ਰਾਜ, ਨੀਰਜ ਸ਼ਰਮਾ ਸੁਖਚੈਨਪੁਰ, ਐਡ ਨਰੇਸ਼ ਕੁਮਾਰ ਬਰਿੰਗਲੀ, ਗੁਰਦਿਆਲ ਸਿੰਘ ਪਲਾਹੜ, ਬਹਾਦੁਰ ਸਿੰਘ, ਮਨੋਜ ਸਿੰਘ ਹਾਜ਼ਰ ਸਨ।