ਨਿੱਜੀ ਪੱਤਰ ਪ੍ਰੇਰਕ
ਜਲੰਧਰ, 31 ਮਈ
ਜਮਹੂਰੀ ਕਿਸਾਨ ਸਭਾ ਪੰਜਾਬ ਦੀ ਸੂਬਾ ਕਮੇਟੀ ਮੀਟਿੰਗ ਸਭਾ ਦੇ ਮੀਤ ਪ੍ਰਧਾਨ ਮੋਹਨ ਸਿੰਘ ਧਮਾਣਾ ਦੀ ਪ੍ਰਧਾਨਗੀ ਹੇਠ ਹੋਈ। ਸਭਾ ਦੇ ਸੂਬਾਈ ਪ੍ਰੈੱਸ ਸਕੱਤਰ ਪਰਗਟ ਸਿੰਘ ਜਾਮਾਰਾਏ ਨੇ ਦੱਸਿਆ ਕਿ ਮੀਟਿੰਗ ਵਿੱਚ ਮਤੇ ਰਾਹੀਂ ਸੰਯੁਕਤ ਕਿਸਾਨ ਮੋਰਚੇ ਦੇ ਆਗੂ ਰਕੇਸ਼ ਟਿਕੈਤ ਉੱਪਰ ਹਮਲਾ ਕਰਨ ਅਤੇ ਸਿਆਹੀ ਸੁੱਟਣ ਦੀ ਨਿਖੇਧੀ ਕੀਤੀ ਗਈ। ਇਹ ਵੀ ਨੋਟ ਕੀਤਾ ਗਿਆ ਕਿ ਮੋਦੀ ਸਰਕਾਰ ਕਿਸਾਨ ਮੋਰਚੇ ਵਿੱਚ ਫੁੱਟ ਪਾਉਣ ਦੇ ਕੋਝੇ ਯਤਨ ਕਰ ਰਹੀ ਹੈ।
ਉਨ੍ਹਾਂ ਦੱਸਿਆ ਕਿ ਮੀਟਿੰਗ ਵਿੱਚ ਪੰਜਾਬ ਦੇ ਪਾਣੀ ਦੇ ਸਰੋਤਾਂ ਨੂੰ ਪ੍ਰਦੂਸ਼ਿਤ ਕਰਨ, ਧਰਤੀ ਹੇਠਲੇ ਪਾਣੀ ਦੀ ਅੰਨ੍ਹੇਵਾਹ ਵਰਤੋਂ ਕਰਨ, ਪਾਣੀ ਦੇ ਸੋਮਿਆਂ ਦੀ ਸੰਭਾਲ ਨਾ ਕਰਨਾ ਅਤੇ ਪਾਣੀ ਦੇ ਵਪਾਰ ਲਈ ਨਿੱਜੀਕਰਨ ਕਰਨ ਦੀਆਂ ਕੋਸ਼ਿਸ਼ਾਂ ’ਤੇ ਚਿੰਤਾ ਦਾ ਪ੍ਰਗਟਾਵਾ ਕੀਤਾ ਗਿਆ। ਇਸ ਸਬੰਧੀ ਚੇਤਨਾ ਪੈਦਾ ਕਰਨ, ਪਾਣੀ ਦੇ ਕੁਦਰਤੀ ਸਰੋਤਾਂ ਦੀ ਰਾਖੀ ਕਰਨ, ਫੈਕਟਰੀਆਂ ਵੱਲੋਂ ਜ਼ਹਿਰੀਲਾ ਪਾਣੀ ਧਰਤੀ ਹੇਠ ਭੇਜਣ ਅਤੇ ਦਰਿਆਵਾਂ ਵਿੱਚ ਪਾਉਣ ਦੇ ਵਿਰੋਧ ਦਾ ਫ਼ੈਸਲਾ ਕੀਤਾ ਗਿਆ। ਇਸ ਸਬੰਧੀ 3 ਜੂਨ ਨੂੰ ਸਿੱਧਵਾਂ ਬੇਟ ਸਤਲੁਜ ਦਰਿਆ ਉੱਪਰ ਇਕੱਠ ਕਰਨ ਦਾ ਫੈਸਲਾ ਕੀਤਾ ਗਿਆ। ਉਨ੍ਹਾਂ ਕਿਹਾ ਕਿ ਝੋਨੇ ਦੀ ਲਵਾਈ ਲਈ ਬਿਜਲੀ ਸਪਲਾਈ 10 ਘੰਟੇ ਤੇ ਨਹਿਰੀ ਪ੍ਰਬੰਧ ਨੂੰ ਸੁਰਜੀਤ ਕਰਨ ਦੀ ਮੰਗ ਕੀਤੀ।
ਸਭਾ ਦੇ ਸੂਬਾ ਜਨਰਲ ਸਕੱਤਰ ਸਾਥੀ ਕੁਲਵੰਤ ਸਿੰਘ ਸੰਧੂ ਨੇ ਕਿਹਾ ਕਿ ਸਰਕਾਰ ਅਬਾਦਕਾਰ ਕਿਸਾਨਾਂ ਅਤੇ ਘਰ ਬਣਾ ਕੇ ਬੈਠੇ ਗ਼ਰੀਬ ਮਜ਼ਦੂਰਾਂ ਦਾ ਉਜਾੜਾ ਬੰਦ ਕਰੇ। ਮੀਟਿੰਗ ਨੂੰ ਭੀਮ ਸਿੰਘ ਆਲਮਪੁਰ, ਰਤਨ ਸਿੰਘ ਰੰਧਾਵਾ, ਰਘਬੀਰ ਸਿੰਘ ਬੈਨੀਪਾਲ, ਮਨੋਹਰ ਸਿੰਘ ਗਿੱਲ, ਮੁਖਤਾਰ ਸਿੰਘ ਮੱਲਾ, ਅਮਰੀਕ ਸਿੰਘ ਫਫੜੇ ਭਾਈਕੇ, ਦਰਸ਼ਨ ਸਿੰਘ ਅਤੇ ਬਲਵੰਤ ਸਿੰਘ ਆਦਿ ਨੇ ਸੰਬੋਧਨ ਕੀਤਾ।