ਜੇ ਬੀ ਸੇਖੋਂ
ਗੜ੍ਹਸ਼ੰਕਰ, 12 ਜੁਲਾਈ
ਪਿੰਡ ਫਤਹਿਪੁਰ ਕੋਠੀ ਅਤੇ ਕਾਂਗੜ ਕੋਠੀ ਵਿੱਚ ਖੱਡਾਂ ਅਤੇ ਚੋਆਂ ਦੀ ਮਾਰ ਹੇਠਾਂ ਆਏ ਲੋਕਾਂ ਦਾ ਜੀਵਨ ਅਜੇ ਵੀ ਲੀਹ ’ਤੇ ਨਹੀਂ ਆਇਆ। ਖੱਡਾਂ ਦੇ ਪਾਣੀ ਨਾਲ ਲੋਕਾਂ ਦੇ ਘਰ ਰੇਤ ਅਤੇ ਚਿੱਕੜ ਨਾਲ ਭਰੇ ਹੋਏ ਹਨ। ਲੋਕਾਂ ਅਨੁਸਾਰ ਪਿੰਡ ਵਿੱਚ ਬਿਜਲੀ-ਪਾਣੀ ਦੀ ਸਪਲਾਈ ਤਿੰਨ ਦਿਨ ਠੱਪ ਰਹਿਣ ਕਰਕੇ ਲੋਕਾਂ ਨੂੰ ਪੀਣ ਵਾਲਾ ਦੂਸ਼ਿਤ ਪਾਣੀ ਪੀ ਕੇ ਗੁਜ਼ਾਰਾ ਕਰਨਾ ਪਿਆ। ਪਿੰਡ ਨੂੰ ਜਾਂਦੀ ਸੜਕ ਉੱਤੇ ਕਈ ਥਾਵਾਂ ‘ਤੇ ਪਾੜ ਪੈ ਗਏ ਹਨ ਜਿਨ੍ਹਾਂ ਦੀ ਮੁਰੰਮਤ ਸਬੰਧੀ ਪ੍ਰਸ਼ਾਸਨ ਵੱਲੋਂ ਕੋਈ ਕਦਮ ਨਹੀਂ ਚੁੱਕਿਆ ਜਾ ਰਿਹਾ। ਪਿੰਡ ਵਾਸੀਆਂ ਨੇ ਲੇਬਰ ਪਾਰਟੀ ਦੇ ਪ੍ਰਧਾਨ ਜੈ ਗੋਪਾਲ ਧੀਮਾਨ ਦੀ ਅਗਵਾਈ ਹੇਠ ਪਿੰਡ ਵਿੱਚ ਰੋਸ ਦਾ ਪ੍ਰਗਟਾਵਾ ਕੀਤਾ ਅਤੇ ਪਿੰਡ ਦੀਆਂ ਬੁਨਿਆਦੀ ਸਮੱਸਿਆਵਾਂ ਪ੍ਰਤੀ ਅਣਦੇਖੀ ਕਰਨ ਦਾ ਦੋਸ਼ ਲਾਇਆ। ਉਨ੍ਹਾਂ ਸਰਕਾਰ ਤੋਂ ਹੜ੍ਹ ਪ੍ਰਭਾਵਿਤ ਇਨ੍ਹਾਂ ਪਿੰਡਾਂ ਨੂੰ ਸਹਾਇਤਾ ਰਾਸ਼ੀ ਦੇਣ ਦੀ ਮੰਗ ਕੀਤੀ। ਇਸ ਮੌਕੇ ਪਿੰਡ ਵਾਸੀਆਂ ਨਰਵੰਤ ਰਾਏ, ਜਗਤ ਰਾਮ, ਨਲੇਸ਼ ਕੁਮਾਰ, ਸੁਮਨ, ਬਬਲੀ, ਬੰਦਨਾ, ਰਾਣੀ, ਮਹਿੰਗਾ ਰਾਮ ਆਦਿ ਨੇ ਕਿਹਾ ਕਿ ਕੰਢੀ ਦੇ ਇਨ੍ਹਾਂ ਪਿੰਡਾਂ ਦਾ ਬਰਸਾਤ ਨੇ ਵੱਡਾ ਨੁਕਸਾਨ ਕੀਤਾ ਹੈ ਜਿਸ ਕਰਕੇ ਪਿੰਡ ਨੂੰ ਆਉਂਦੇ ਜਾਂਦੇ ਰਸਤੇ, ਪੁਲੀਆਂ ਅਤੇ ਸਾਈਫਨ ਤਬਾਹ ਹੋ ਗਏ ਹਨ। ਪਾਲਤੂ ਦੁਧਾਰੂ ਪਸ਼ੂਆਂ ਦਾ ਚਾਰਾ ਖੱਡਾਂ ਦੇ ਪਾਣੀ ਨੇ ਨਸ਼ਟ ਕਰ ਦਿਤਾ ਹੈ ਅਤੇ ਮੀਂਹ ’ਤੇ ਅਧਾਰਿਤ ਮੱਕੀ ਦੀ ਫ਼ਸਲ ਖੇਤਾਂ ਵਿੱਚ ਗਲ ਸੜ ਗਈ ਹੈ। ਇਸ ਮੌਕੇ ਸ੍ਰੀ ਧੀਮਾਨ ਨੇ ਕਿਹਾ ਕਿ ਹੜ੍ਹ ਦੇ ਪਾਣੀ ਨਾਲ ਪਿੰਡਾਂ ਵਿੱਚ ਬੀਮਾਰੀਆਂ ਫੈਲਣ ਦਾ ਵੀ ਖਦਸ਼ਾ ਹੈ। ਇਸ ਮੌਕੇ ਪਿੰਡ ਵਾਸੀਆਂ ਵਿੱਚ ਮਨੀਸ਼ ਕੁਮਾਰ, ਨੀਰਜ ਕੁਮਾਰ, ਮਨਦੀਪ ਕੌਰ, ਪੰਡਿਤ ਹਰੀਸ਼, ਕਮਲਦੀਪ, ਪੁਸ਼ਪਿੰਦਰ ਕੁਮਾਰ, ਸੰਦੀਪ ਕੁਮਾਰ ਅਤੇ ਪਿੱਕੀ ਹਾਜ਼ਰ ਸਨ।