ਪਾਲ ਸਿੰਘ ਨੌਲੀ
ਜਲੰਧਰ, 26 ਅਪਰੈਲ
ਆਕਸੀਜਨ ਦੀ ਕਿੱਲਤ ਨੂੰ ਦੇਖਦਿਆਂ ਜਲੰਧਰ ਦੇ ਡਿਪਟੀ ਕਮਿਸ਼ਨਰ ਘਨਸ਼ਿਆਮ ਥੋਰੀ ਦੀਆਂ ਹਦਾਇਤਾਂ ’ਤੇ ਸਨਅਤਾਂ ਨੂੰ ਗੈਸ ਦੀ ਸਪਲਾਈ ਮੁਕੰਮਲ ਤੌਰ ’ਤੇ ਬੰਦ ਕਰ ਦਿੱਤੀ ਗਈ ਹੈ। ਇਸ ਬਾਰੇ ਸਨਅਤਕਾਰਾਂ ਦਾ ਕਹਿਣਾ ਹੈ ਕਿ ਮਨੁੱਖੀ ਜ਼ਿੰਦਗੀਆਂ ਬਚਾਉਣ ਲਈ ਬਿਨਾਂ ਸ਼ੱਕ ਪਹਿਲ ਦੇ ਆਧਾਰ ’ਤੇ ਹਸਪਤਾਲਾਂ ਨੂੰ ਆਕਸੀਜਨ ਦੀ ਸਪਲਾਈ ਜਾਰੀ ਕੀਤੀ ਜਾਣੀ ਚਾਹੀਦੀ ਹੈ ਪਰ ਜੇ ਸਨਅਤਾਂ ਤਬਾਹ ਹੋ ਗਈਆਂ ਤਾਂ ਘਰਾਂ ਦੇ ਚੁੱਲ੍ਹੇ ਕਿਵੇਂ ਬਲਣਗੇ। ਉਨ੍ਹਾਂ ਕਿਹਾ ਕਿ ਪਹਿਲਾਂ ਨੋਟਬੰਦੀ ਅਤੇ ਫਿਰ ਜੀਐੱਸਟੀ ਦੇ ਝਮੇਲਿਆਂ ਨੇ ਕਾਰੋਬਾਰ ਤਬਾਹ ਕਰ ਦਿੱਤਾ ਸੀ ਤੇ ਹੁਣ ਆਕਸੀਜਨ ਨਾ ਮਿਲਣ ਕਰਕੇ ਫੈਕਟਰੀਆਂ ਦੇ ਬਾਕੀ ਬਚੇ ‘ਸਾਹ’ ਵੀ ਘੁੱਟੇ ਗਏ ਹਨ।
ਉਨ੍ਹਾਂ ਦੱਸਿਆ ਕਿ ਰੋਲਿੰਗ ਮਿੱਲਾਂ ਵਿੱਚ ਉਤਪਾਦਨ ਬੰਦ ਹੋ ਗਿਆ ਹੈ। ਸਨਅਤ ਕੋਲ ਸਿਰਫ਼ 10 ਦਿਨਾਂ ਦਾ ਹੀ ਕੱਚਾ ਮਾਲ ਰਹਿ ਗਿਆ ਹੈ। ਸਨਅਤਕਾਰਾਂ ਦਾ ਕਹਿਣਾ ਹੈ ਕਿ ਜੇ ਚਾਰ-ਪੰਜ ਦਿਨਾਂ ਬਾਅਦ ਕੱਚੇ ਮਾਲ ਦੀ ਸਪਲਾਈ ਸ਼ੁਰੂ ਨਾ ਹੋਈ ਤਾਂ ਉਨ੍ਹਾਂ ਨੂੰ ਕੰਮ ਬੰਦ ਕਰਨਾ ਪਵੇਗਾ। ਖੇਡਾਂ ਦਾ ਸਾਮਾਨ ਬਣਾਉਣ ਵਾਲੇ ਸਨਅਤਕਾਰ ਰਵਿੰਦਰ ਧੀਰ ਨੇ ਦੱਸਿਆ ਕਿ ਜਲੰਧਰ ਵਿੱਚ ਲਗਪਗ 15,600 ਛੋਟੀਆਂ-ਵੱਡੀਆਂ ਫੈਕਟਰੀਆਂ ਹਨ। ਇਨ੍ਹਾਂ ’ਚੋਂ ਲੋਹੇ ਦਾ ਕਾਰੋਬਾਰ ਕਰ ਰਹੀਆਂ 60 ਫੀਸਦੀ ਫੈਕਟਰੀਆਂ ਨੂੰ ਕੱਚਾ ਮਾਲ ਮੰਡੀ ਗੋਬਿੰਦਗੜ੍ਹ ਦੀਆਂ ਰੋਲਿੰਗ ਮਿੱਲਾਂ ਤੋਂ ਆਉਂਦਾ ਹੈ। ਹੁਣ ਜਦੋਂ ਰੋਲਿੰਗ ਮਿੱਲਾਂ ਦੇ ਹਿੱਸੇ ਦੀ ਆਕਸੀਜਨ ਬੰਦ ਕਰ ਦਿੱਤੀ ਗਈ ਹੈ ਤਾਂ ਕਾਰੋਬਾਰ ਬੁਰੀ ਤਰ੍ਹਾਂ ਲੜਖੜਾ ਜਾਵੇਗਾ।
ਮੈਨੂਫੈਕਚਰਿੰਗ ਐਸੋਸੀਏਸ਼ਨ ਦੇ ਪ੍ਰਧਾਨ ਤਜਿੰਦਰ ਸਿੰਘ ਭਸੀਨ ਨੇ ਕਿਹਾ ਕਿ ਕਰੋਨਾ ਕਰਕੇ ਸਥਿਤੀ ਕਾਫੀ ਸੰਕਟ ਵਾਲੀ ਬਣ ਗਈ ਹੈ। ਉਨ੍ਹਾਂ ਕਿਹਾ ਕਿ ਬਾਕੀ ਸੂਬਿਆਂ ਵਿੱਚ ਤਾਂ ਸਨਅਤ ਨੂੰ ਆਕਸੀਜਨ ਮਿਲ ਰਹੀ ਹੈ ਪਰ ਪੰਜਾਬ ਵਿੱਚ ਕਾਰਖਾਨਿਆਂ ਦਾ ਸਾਹ ਘੁੱਟਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਜਿਵੇਂ ਸੂਬਾ ਸਰਕਾਰ ਮਰੀਜ਼ਾਂ ਨੂੰ ਬਚਾਉਣ ਦੀਆਂ ਕੋਸ਼ਿਸ਼ਾਂ ਕਰ ਰਹੀ ਹੈ, ਅਜਿਹੀਆਂ ਕੋਸ਼ਿਸ਼ਾਂ ਹੀ ਪੰਜਾਬ ਦੀ ਸਨਅਤ ਨੂੰ ਬਚਾਉਣ ਲਈ ਹੋਣੀਆਂ ਚਾਹੀਦੀਆਂ ਹਨ।
ਸਿਵਲ ਹਸਪਤਾਲ ’ਚ ਆਕਸੀਜਨ ਦੀ ਖਪਤ 47.8 ਫ਼ੀਸਦੀ ਘਟੀ
ਜਲੰਧਰ: ਡਿਪਟੀ ਕਮਿਸ਼ਨਰ ਘਨਸ਼ਿਆਮ ਥੋਰੀ ਦੇ ਦਿਸ਼ਾ-ਨਿਰਦੇਸ਼ਾਂ ’ਤੇ ਸਿਵਲ ਹਸਪਤਾਲ ਵਿੱਚ ਵਧੀਕ ਡਿਪਟੀ ਕਮਿਸ਼ਨਰ ਵਿਸ਼ੇਸ਼ ਸਾਰੰਗਲ ਵੱਲੋਂ ਕੀਤੇ ਗਏ ਆਕਸੀਜਨ ਆਡਿਟ ਦੇ ਸਾਰਥਕ ਨਤੀਜੇ ਸਾਹਮਣੇ ਆਏ ਹਨ। ਇਸ ਸਦਕਾ ਹਸਪਤਾਲ ਪਿਛਲੇ ਤਿੰਨ ਦਿਨਾਂ ਵਿੱਚ ਆਕਸੀਜਨ ਦੀ ਖਪਤ ਨੂੰ 47.8 ਫੀਸਦੀ ਘਟਾਉਣ ਵਿੱਚ ਸਫ਼ਲ ਰਿਹਾ ਹੈ। ਵਧੀਕ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਆਡਿਟ ਦੌਰਾਨ ਸਾਰੀਆਂ ਸਪਲਾਈ ਲਾਈਨਾਂ ਦੀ ਜਾਂਚ ਕੀਤੀ ਗਈ ਅਤੇ ਲੀਕੇਜ ਤੁਰੰਤ ਠੀਕ ਕੀਤੀ ਗਈ। ਹਸਪਤਾਲ ਵਿੱਚ ਵਰਤੇ ਜਾ ਰਹੇ ਹਰ ਸਿਲੰਡਰ ਦਾ ਰਿਕਾਰਡ ਰੱਖਣ ਤੋਂ ਇਲਾਵਾ ਸਖਤ ਨਿਗਰਾਨੀ ਲਈ ਸੀਸੀਟੀਵੀ ਕੈਮਰੇ ਵੀ ਲਾਏ ਗਏ ਹਨ। ਸਾਰੰਗਲ ਨੇ ਦੱਸਿਆ ਕਿ ਹਸਪਤਾਲ ਵਿੱਚ ਕੈਪਟਿਵ ਆਕਸੀਜਨ ਪਲਾਂਟ ਦੀ ਵਰਤੋਂ ਕੀਤੀ ਗਈ, ਇਸ ਲਈ ਉੱਚ ਆਕਸੀਜਨ ਦੀ ਮੰਗ ਵਾਲੇ ਮਰੀਜ਼ਾਂ ਨੂੰ ਪਲਾਂਟ ਰਾਹੀਂ ਉਤਪਾਦਿਤ ਆਕਸੀਜਨ ’ਤੇ ਤਬਦੀਲ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਇਹ ਕਦਮ ਹਸਪਤਾਲ ਵਿੱਚ ਆਕਸੀਜਨ ਦੀ ਮੰਗ ਨੂੰ 410 ਤੋਂ ਘਟਾ ਕੇ ਰੋਜ਼ਾਨਾ 214 ਸਿਲੰਡਰ ਕਰਨ ਵਿੱਚ ਸਹਾਇਕ ਸਿੱਧ ਹੋਏ ਹਨ। -ਨਿੱਜੀ ਪੱਤਰ ਪ੍ਰੇਰਕ