ਪਾਲ ਸਿੰਘ ਨੌਲੀ
ਜਲੰਧਰ, 19 ਮਈ
ਤਾਪਮਾਨ ਵਿੱਚ ਥੋੜ੍ਹੀ ਜਿਹੀ ਕਮੀ ਆਉਣ ਦੇ ਬਾਵਜੂਦ ਲੋਕਾਂ ਨੂੰ ਬਿਜਲੀ ਕੱਟਾਂ ਤੋਂ ਕੋਈ ਛੁਟਕਾਰਾ ਨਹੀਂ ਮਿਲ ਰਿਹਾ। ਜਲੰਧਰ ਦੀਆਂ ਫੈਕਟਰੀਆਂ ਦਾ ਕਾਰੋਬਾਰ ਬਿਜਲੀ ਕੱਟਾਂ ਨਾਲ ਪ੍ਰਭਾਵਿਤ ਹੋਣ ਲੱਗਿਆ ਹੈ। ਅੱਜ ਸਨਅਤੀ ਖੇਤਰ ਵਿੱਚ ਲੱਗੇ ਲੰਬੇ ਕੱਟ ਕਾਰਨ ਫੈਕਟਰੀਆਂ ਨਹੀਂ ਚੱਲੀਆਂ। ਸਨਅਤਕਾਰਾਂ ਨੇ ਕੰਮ ਕਰਨ ਵਾਲੇ ਮਜ਼ਦੂਰਾਂ ਨੂੰ ਇਕ ਦਿਨ ਪਹਿਲਾਂ ਹੀ ਛੁੱਟੀ ’ਤੇ ਭੇਜ ਦਿੱਤਾ ਹੈ ਕਿ ਉਹ ਹੁਣ 22 ਮਈ ਐਤਵਾਰ ਨੂੰ ਹੀ ਕੰਮ ’ਤੇ ਆਉਣ।
ਸਨਅਤਕਾਰ ਅਜੇ ਗੋਸਵਾਮੀ ਨੇ ਦੱਸਿਆ ਕਿ ਪਾਵਰਕੌਮ ਨੇ ਬਿਜਲੀ ਬੰਦ ਰੱਖਣ ਬਾਰੇ ਜਿਹੜਾ ਹੁਕਮ ਜਾਰੀ ਕੀਤਾ ਸੀ ਉਹ ਉਨ੍ਹਾਂ ਨੂੰ ਮਿਲ ਚੁੱਕਿਆ ਸੀ। ਇਸੇ ਕਾਰਨ ਤਿੰਨ ਦਿਨਾਂ ਲਈ ਇੰਡਸਟਰੀ ਨੂੰ ਬੰਦ ਕੀਤਾ ਜਾ ਰਿਹਾ ਹੈ ਤੇ ਮਜ਼ਦੂਰਾਂ ਨੂੰ ਘਰ ਭੇਜ ਦਿੱਤਾ ਗਿਆ ਸੀ ਅਤੇ ਹੁਣ ਐਤਵਾਰ ਨੂੰ ਸੱਦਿਆ ਗਿਆ ਸੀ। ਉਨ੍ਹਾਂ ਦਾ ਕਹਿਣਾ ਸੀ ਕਿ ਪੰਜਾਬ ਸਰਕਾਰ ਨੂੰ ਕਰੋੜਾਂ ਰੁਪਏ ਦਾ ਰੈਵੇਨਿਊ ਦੇਣ ਵਾਲੀ ਇੰਡਸਟਰੀ ਨੂੰ ਬਿਜਲੀ ਕੱਟਾਂ ਦਾ ਨੁਕਸਾਨ ਝੱਲਣਾ ਪੈ ਰਿਹਾ ਹੈ। ਸਪਾਰਟਨ ਕੰਪਨੀ ਦੇ ਡਾਇਰੈਕਟਰ ਅਮਿਤ ਸ਼ਰਮਾ ਨੇ ਦੱਸਿਆ ਕਿ ਐਤਵਾਰ ਨੂੰ ਵੀ ਮਜ਼ਦੂਰ ਘੱਟ ਹੀ ਆਉਣਗੇ ਕਿਉਂਕਿ ਲਗਾਤਾਰ ਤਿੰਨ ਦਿਨ ਇੰਡਸਟਰੀ ਬੰਦ ਰਹਿਣ ਨਾਲ ਸਮੁੱਚਾ ਕਾਰੋਬਾਰ 10 ਫੀਸਦੀ ਤੱਕ ਪ੍ਰਭਾਵਿਤ ਹੋ ਰਿਹਾ ਹੈ। ਆਨੰਦ ਐਂਡ ਆਨੰਦ ਸਪੋਰਟਸ ਦੇ ਐੱਮਡੀ ਅਸ਼ੀਸ਼ ਆਨੰਦ ਨੇ ਕਿਹਾ ਕਿ ਜਦੋਂ ਪਾਵਰਕੌਮ ਨੇ ਇਕ ਦਿਨ ਬਿਜਲੀ ਬੰਦ ਰੱਖਣ ਲਈ ਕਿਹਾ ਹੈ ਤਾਂ ਫਿਰ ਬਾਕੀ ਦੇ ਦਿਨਾਂ ਵਿੱਚ ਅਣਐਲਾਨੇ ਕੱਟ ਨਹੀਂ ਲੱਗਣੇ ਚਾਹੀਦੇ।