ਜੇ.ਬੀ.ਸੇਖੋਂ
ਗੜ੍ਹਸ਼ੰਕਰ, 4 ਨਵੰਬਰ
ਮਾਹਿਲਪੁਰ ਪੁਲੀਸ ਨੇ ਹਿਮਾਚਲ ਪ੍ਰਦੇਸ਼ ਪੁਲੀਸ ਦੇ ਸਹਿਯੋਗ ਨਾਲ ਨਕਲੀ ਆਈਏਐੱਸ ਅਧਿਕਾਰੀ ਬਣ ਕੇ ਲੋਕਾਂ ਨੂੰ ਲੁੱਟਣ ਵਾਲੇ ਇਕ ਅਪਾਹਜ ਨੌਜਵਾਨ ਨੂੰ ਕਾਬੂ ਕੀਤਾ ਹੈ। ਇਸ ਸਬੰਧੀ ਕੀਤੀ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਏਐੱਸਪੀ ਤੁਸ਼ਾਰ ਗੁਪਤਾ ਨੇ ਦੱਸਿਆ ਕਿ ਮਾਹਿਲਪੁਰ ਬਲਾਕ ਦੇ ਪਿੰਡ ਬਿੰਜੋ ਦੇ ਨੌਜਵਾਨ ਹਰਦੀਪ ਸਿੰਘ ਜੋ ਕਿ ਭੋਲੇ ਭਾਲੇ ਲੋਕਾਂ ਦੇ ਵੱਖ ਵੱਖ ਵਿਭਾਗਾਂ ਵਿੱਚ ਕੰਮਾਂ ਕਰਾਉਣ ਦੇ ਬਦਲੇ ਹਜ਼ਾਰਾਂ ਰੁਪਿਆਂ ਦੀ ਠੱਗੀ ਮਾਰਦਾ ਸੀ, ਨੂੰ ਹਿਮਾਚਲ ਪ੍ਰਦੇਸ਼ ਦੇ ਸ਼ਹਿਰ ਸੋਲਨ ਦੇ ਇਕ ਨਿੱਜੀ ਹੋਟਲ ਤੋਂ ਕਾਬੂ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਉਕਤ ਨੌਜਵਾਨ ਵੱਲੋਂ ਪਿੰਡ ਪੱਦੀ ਸੂੂਰਾ ਸਿੰਘ ਦੇ ਮਨਵੀਰ ਸਿੰਘ ਪੁੱਤਰ ਬਲਦੇਵ ਸਿੰਘ ਕੋਲੋਂ ਕੁਝ ਦਿਨ ਪਹਿਲਾਂ ਅਸਲਾ ਲਾਇਸੰਸ ਬਣਾਉਣ ਬਦਲੇ ਦਸ ਹਜ਼ਾਰ ਰੁਪਏ ਵਸੂਲੇ ਸਨ ਅਤੇ ਉਕਤ ਨੌਜਵਾਨ ਵੱਲੋਂ ਪੁਲੀਸ ਥਾਣਿਆਂ ਵਿੱਚ ਵੀ ਅਧਿਕਾਰੀਆਂ ਨੂੰ ਫੋਨ ਕਰਕੇ ਕੰਮ ਕਰਵਾਏ ਜਾਂਦੇ ਸਨ। ਪੁਲੀਸ ਇਸ ਨੌਜਵਾਨ ਦੀ ਭਾਲ ਵਿੱਚ ਮੋਹਾਲੀ ਅਤੇ ਚੰਡੀਗੜ੍ਹ ਵਿੱਚ ਵੀ ਛਾਪੇ ਮਾਰ ਚੁੱਕੀ ਸੀ ਪਰ ਗੁਪਤ ਸੂਚਨਾ ਦੇ ਆਧਾਰ ’ਤੇ ਸੋਲਨ ਤੋਂ ਉਕਤ ਠੱਗ ਨੂੰ ਕਾਬੂ ਕੀਤਾ ਗਿਆ ਹੈ। ਦੱਸਣ ਬਣਦਾ ਹੈ ਪੋਲੀਓ ਕਾਰਨ ਦੋਹਾਂ ਲੱਤਾਂ ਤੋਂ ਨਕਾਰਾ ਇਸ 26 ਸਾਲਾ ਨੌਜਵਾਨ ’ਤੇ ਹੇਰਾਫੇਰੀ ਦੇ ਦੋਸ਼ ਤਹਿਤ ਵੱਖ ਵੱਖ ਥਾਣਿਆਂ ਵਿੱਚ ਪਹਿਲਾਂ ਹੀ ਤਿੰਨ ਮੁਕੱਦਮੇ ਦਰਜ ਹਨ।