ਪੱਤਰ ਪ੍ਰੇਰਕ
ਫਗਵਾੜਾ, 17 ਅਕਤੂਬਰ
ਲੋਕਾਂ ਨੂੰ ਵਿਦੇਸ਼ ਭੇਜਣ ਦਾ ਝਾਂਸਾ ਦੇ ਕੇ ਲੱਖਾਂ ਰੁਪਏ ਦੀ ਠੱਗੀ ਕਰਨ ਵਾਲੀ ਫ਼ਰਜ਼ੀ ਟ੍ਰੈਵਲ ਏਜੰਟ ਤੇ ਉਸਦੇ ਚਾਰ ਪਰਿਵਾਰਕ ਮੈਂਬਰਾਂ ਖ਼ਿਲਾਫ਼ ਸਿਟੀ ਪੁਲੀਸ ਨੇ ਕੇਸ ਦਰਜ ਕੀਤਾ ਹੈ। ਪੁਲੀਸ ਨੇ ਦੱਸਿਆ ਕਿ ਸ਼ਿਕਾਇਤ ਕਰਤਾ ਹਰਬੰਸ ਲਾਲ ਵਾਸੀ ਭੱਲਾਰਾਈ ਪਲਾਹੀ ਗੇਟ ਨੇ ਪੁਲੀਸ ਨੂੰ ਦਿੱਤੀ ਸ਼ਿਕਾਇਤ ’ਚ ਦੱਸਿਆ ਕਿ ਉਹ ਇਟਲੀ ਜਾਣ ਦਾ ਇਛੁੱਕ ਸੀ। ਜਿਸ ਦੌਰਾਨ ਪੱਪੂ ਨਾਮੀ ਵਿਅਕਤੀ ਨੇ ਉਨ੍ਹਾਂ ਦੀ ਮੁਲਾਕਾਤ ਮਨਜੀਤ ਕੌਰ ਨਾਲ ਉਸਦੇ ਘਰ ’ਚ ਕਰਵਾਈ ਅਤੇ ਉਸਨੇ ਕਿਹਾ ਕਿ ਇਟਲੀ ਭੇਜਣ ਲਈ ਉਹ ਪ੍ਰਤੀ ਵਿਅਕਤੀ ਦੇ 6 ਲੱਖ ਰੁਪਏ ਲੈਂਦੀ ਹੈ। ਜਿਸ ਦੌਰਾਨ ਉਸ ਦਾ ਸੌਦਾ ਤਹਿ ਹੋ ਗਿਆ ਅਤੇ ਅਡਵਾਂਸ 50 ਹਜ਼ਾਰ ਰੁਪਏ ਦੇਣੇ ਤਹਿ ਕਰ ਲਏ। ਉਸਨੇ ਅਗਾਂਹ ਆਪਣੇ ਹੋਰ ਸਾਥੀਆਂ ਨਾਲ ਵੀ ਗੱਲਬਾਤ ਕਰ ਲਈ ਤੇ 98 ਵਿਅਕਤੀਆਂ ਨੂੰ ਇਟਲੀ ਭੇਜਣ ਲਈ ਗੱਲਬਾਤ ਹੋ ਗਈ। ਉਨ੍ਹਾਂ ਵੱਖ ਵੱਖ ਖਾਤਿਆਂ ਵਿੱਚ 65 ਲੱਖ ਰੁਪਏ ਟਰਾਂਸਫ਼ਰ ਕਰ ਦਿੱਤੇ ਤੇ ਪਾਸਪੋਰਟ ਵੀ ਦੇ ਦਿੱਤੇ ਪਰ ਇਸ ਤੋਂ ਬਾਅਦ ਏਜੰਟ ਲਾਅਰੇ ਲਾਉਣ ਲੱਗ ਪਏ। ਉਨ੍ਹਾਂ ਇਸ ਮਾਮਲੇ ਦੀ ਦਰਖ਼ਾਸਤ ਪੁਲੀਸ ਨੂੰ ਦਿੱਤੀ।
ਪੁਲੀਸ ਨੇ ਏਜੰਟ ਮਨਜੀਤ ਕੌਰ ਪਤਨੀ ਸੁਖਵਿੰਦਰ ਸਿੰਘ ਵਾਸੀ ਗਲੀ ਨੰਬਰ 4 ਐਸ.ਪੀ. ਕਾਲੋਨੀ ਗੁਰੂ ਰਵਿਦਾਸ ਕਾਲਜ ਫਗਵਾੜਾ, ਪ੍ਰਭਜੋਤ ਸਿੰਘ ਪੁੱਤਰ ਸੁਖਵਿੰਦਰ ਸਿੰਘ (ਪੁੱਤਰ), ਅੰਮ੍ਰਿਤਪਾਲ ਕੌਰ ਪਤਨੀ ਵਰਿੰਦਰ ਸਿੰਘ ਵਾਸੀ ਬਸੋਆ ਤਹਿਸੀਲ ਆਮਲਪੁਰ ਥਾਣਾ ਦਸੂਹਾ (ਧੀ), ਵਰਿੰਦਰ ਸਿੰਘ ਪੁੱਤਰ ਬਲਵੀਰ ਸਿੰਘ ਵਾਸੀ ਬਸੋਆ ਦਸੂਹਾ (ਜੁਆਈ) ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ।