ਸੁਰਿੰਦਰ ਸਿੰਘ ਗਰੋਆ
ਟਾਂਡਾ, 26 ਸਤੰਬਰ
ਖੇਤੀ ਬਿੱਲਾਂ ਦੇ ਵਿਰੋਧ ਵਿੱਚ ਅੱਜ ਇੱਥੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੀ ਜ਼ਿਲ੍ਹਾ ਹੁਸ਼ਿਆਰਪੁਰ ਇਕਾਈ ਨੇ ਜ਼ਿਲ੍ਹਾ ਪ੍ਰਧਾਨ ਕੁਲਦੀਪ ਸਿੰਘ ਬੇਗੋਵਾਲ ਦੀ ਅਗਵਾਈ ਵਿੱਚ ਜਲੰਧਰ-ਪਠਾਨਕੋਟ ਰੇਲਵੇ ਟਰੈਕ ’ਤੇ ਦਾਰਾਪੁਰ ਫਾਟਕ ਵਿਖੇ ਇੱਕ ਦਿਨ ਲਈ ਧਰਨਾ ਲਾਇਆ। ਅੱਜ ਦਾ ਇਹ ਧਰਨਾ ਸੂਬਾ ਕਮੇਟੀ ਵੱਲੋਂ ਉਲੀਕੇ ਗਏ ਪ੍ਰੋਗਰਾਮ ਤਹਿਤ ਸੂਬਾ ਪ੍ਰਧਾਨ ਸਤਨਾਮ ਸਿੰਘ ਪੰਨੂੰ ਤੇ ਮੀਤ ਪ੍ਰਧਾਨ ਸਵਿੰਦਰ ਸਿੰਘ ਚੁਤਾਲਾ ਦੇ ਦਿਸ਼ਾ ਨਿਰਦੇਸ਼ ਅਧੀਨ ਲਾਇਆ ਗਿਆ। ਧਰਨਾਕਾਰੀਆਂ ਵਿਚ ਵੱਡੀ ਗਿਣਤੀ ’ਚ ਔਰਤਾਂ ਵੀ ਸ਼ਾਮਲ ਸਨ।
ਜਲੰਧਰ (ਪਾਲ ਸਿੰਘ ਨੌਲੀ): ਪੰਜਾਬ ਯੂਥ ਕਾਂਗਰਸ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਪੁਤਲੇ ਨੂੰ ਫਾਂਸੀ ਨਾਲ ਲਟਕਾ ਕੇ ਟਰੈਕਟਰ ਦੇ ਅੱਗੇ ਬੰਨ੍ਹ ਕੇ ਸ਼ਹਿਰ ਵਿੱਚ ਘੁੰਮਾਇਆ। ਇਨ੍ਹਾਂ ਪੁਤਲਿਆਂ ਨੂੰ ਬੱਸ ਅੱਡੇ ਅੰਦਰ ਲੱਗੇ ਸ਼ਹੀਦ ਭਗਤ ਸਿੰਘ ਦੇ ਬੁੱਤ ਅੱਗੇ ਰੱਖ ਕੇ ਫੂਕਿਆ ਗਿਆ। ਪ੍ਰਦਰਸ਼ਨਾਂ ਵਿਚ ਡੈਮੋਕ੍ਰੇਟਿਕ ਟੀਚਰਜ਼ ਫਰੰਟ ਦੇ ਵਰਕਰਾਂ ਨੇ ਭਰਵੀਂ ਸ਼ਮੂਲੀਅਤ ਕੀਤੀ।
ਆਦਮਪੁਰ ਦੋਆਬਾ (ਹਤਿੰਦਰ ਮਹਿਤਾ): ਬਲਾਕ ਕਾਂਗਰਸ ਆਦਮਪੁਰ ਵੱਲੋਂ ਮੋਦੀ ਸਰਕਾਰ ਵਲੋਂ ਪਾਸ ਕੀਤੇ ਤਿੰਨ ਆਰਡੀਨੈਂਸਾਂ ਨੂੰ ਵਾਪਸ ਕਰਵਾਉਣ ਨੂੰ ਲਈ ਬਲਾਕ ਪ੍ਰਧਾਨ ਰਣਦੀਪ ਸਿੰਘ ਬੈਂਸ, ਰਾਣਾ ਨਾਜ਼ਕਾ, ਸੰਦੀਪ ਨਿੱਝਰ ਅਤੇ ਅਰੁਣ ਗੋਲਡੀ ਦੇ ਦੇਖ-ਰੇਖ ਹੇਠ ਸਰਕਾਰ ਦਾ ਪੁਤਲਾ ਫੂਕਿਆ ਗਿਆ।
ਸ਼ਾਹਕੋਟ (ਗੁਰਮੀਤ ਸਿੰਘ ਖੋਸਲਾ): ਕਿਸਾਨ ਜਥੇਬੰਦੀਆਂ ਦੇ ਸਮਰਥਨ ਵਿਚ ਪੰਜਾਬ ਖੇਤ ਮਜ਼ਦੂਰ ਯੂਨੀਅਨ ਨੇ ਮਲਸੀਆਂ, ਉੱਗੀ, ਰਸੂਲਪੁਰ ਕਲਾਂ, ਨੂਰਪੁਰ ਚੱਠਾ ਅਤੇ ਮਾਲੜੀ ਵਿਚ ਮੁਜ਼ਾਹਰੇ ਕੀਤੇ। ਟੈਕਨੀਕਲ ਸਰਵਿਸਿਜ਼ ਯੂਨੀਅਨ ਪੰਜਾਬ ਨੇ ਹਮਾਇਤ ਵਿਚ ਕੇਂਦਰ ਦੇ ਪੁਤਲੇ ਫੂਕੇ।
ਮੁਕੇਰੀਆਂ (ਜਗਜੀਤ ਸਿੰਘ): ਮਾਤਾ ਰਾਣੀ ਚੌਕ ਵਿਚ ਪੱਗੜੀ ਸੰਭਾਲ ਜੱਟਾ ਅਤੇ ਕਿਸਾਨ ਮੋਰਚਾ ਭੰਗਾਲਾ ਸਣੇ ਹੋਰ ਕਿਸਾਨ ਜਥੇਬੰਦੀਆਂ ਵੱਲੋਂ ਕੱਲ੍ਹ ਦਾ ਲਗਾਇਆ ਧਰਨਾ ਦੇਰ ਸ਼ਾਮ ਚੁੱਕ ਲਿਆ ਗਿਆ। ਈਟੀਟੀ ਅਧਿਆਪਕ ਯੂਨੀਅਨ, ਜਲ ਸਪਲਾਈ ਤੇ ਸੈਨੀਟੇਸ਼ਨ ਵਰਕਰ ਯੂਨੀਅਨ, ਨੰਬਰਦਾਰ ਯੂਨੀਅਨ, ਪਸਸਫ ਤੇ ਟੀਐਸਯੂ ਆਗੂਆਂ ਨੇ ਸ਼ਾਮਲ ਹੋ ਕੇ ਸੰਘਰਸ਼ ਦਾ ਸਮਰਥਨ ਕੀਤਾ।
ਭੁਲੱਥ (ਦਲੇਰ ਸਿੰਘ ਚੀਮਾ): ਅੱਜ ਜਿੱਥੇ ਵੱਖ-ਵੱਖ ਪਾਰਟੀਆਂ ਵਲੋਂ ਵੱਖ-ਵੱਖ ਥਾਈਂ ਮੋਦੀ ਸਰਕਾਰ ਵੱਲੋਂ ਪਾਸ ਕੀਤੇ ਕਿਸਾਨ ਵਿਰੋਧੀ/ ਸੰਘੀ ਕਾਨੂੰਨਾਂ ਨੂੰ ਖਤਮ ਕਰਨ ਦੇ ਵਿਰੁੱਧ ਧਰਨੇ ਪ੍ਰਦਰਸ਼ਨ ਕੀਤੇ ਗਏ। ਚੌਕ ਬਜਾਜ ਵਿੱਚ ਭਟਨੂੰਰਾ ਕਲਾਂ ਦੀ ਸਰਪੰਚ ਕੁਲਦੀਪ ਕੌਰ ਸੰਧੂ ਦੀ ਅਗਵਾਈ ਹੇਠ ਪ੍ਰਦਰਸ਼ਨ ਕੀਤਾ ਗਿਆ।
ਬਲਾਚੌਰ (ਗੁਰਦੇਵ ਸਿੰਘ ਗਹੂੰਣ): ਕੰਢੀ ਸੰਘਰਸ਼ ਕਮੇਟੀ, ਕੁੱਲ ਹਿੰਦ ਕਿਸਾਨ ਸਭਾ, ਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ, ਟੈਕਸੀ ਯੂਨੀਅਨ ਅਤੇ ਵੱਖ-ਵੱਖ ਪਿੰਡਾਂ ਤੋਂ ਪਹੁੰਚੇ ਕਿਸਾਨਾਂ, ਮਜ਼ਦੂਰਾਂ, ਪੰਚਾਂ, ਸਰਪੰਚਾਂ ਅਤੇ ਨੰਬਰਦਾਰਾਂ ਨੇ ਖੇਤੀ ਬਿੱਲਾਂ ਦੇ ਵਿਰੋਧ ਵਿੱਚ ਜੀਓਵਾਲ ਬੱਛੂਆਂ ਟੌਲ ਪਲਾਜ਼ਾ ਲਾਗੇ ਰੋਸ ਧਰਨਾ ਦਿੱਤਾ।
ਕਰਤਾਰਪੁਰ (ਗੁਰਨੇਕ ਸਿੰਘ ਵਿਰਦੀ): ਇੱਥੇ ਕਿਸਾਨ ਜਥੇਬੰਦੀਆਂ ਸਣੇ ਰਾਜਸੀ ਪਾਰਟੀਆਂ ਦੇ ਆਗੂਆਂ ਨੇ ਰੋਸ ਮੁਜ਼ਾਹਰਾ ਕੀਤਾ। ਕਰਤਾਰਪੁਰ ਦੇ ਕਾਰੋਬਾਰੀਆਂ ਨੇ ਸਨਅਤੀ ਇਕਾਈਆਂ ਅਤੇ ਕਾਰੋਬਾਰ ਬੰਦ ਕਰ ਕੇ ਕਿਸਾਨਾਂ ਦਾ ਸਾਥ ਦਿੱਤਾ। ਸ਼੍ਰੋਮਣੀ ਅਕਾਲੀ ਦਲ ਵੱਲੋਂ ਧਰਨਾ ਦਿੱਤਾ ਗਿਆ।
ਫਗਵਾੜਾ (ਜਸਬੀਰ ਸਿੰਘ ਚਾਨਾ): ਕਾਂਗਰਸ ਪਾਰਟੀ ਵਲੋਂ ਟਰੈਕਟਰ ਰੈਲੀ ਕੱਢ ਕੇ ਕੇਂਦਰੀ ਰਾਜ ਮੰਤਰੀ ਸੋਮ ਪ੍ਰਕਾਸ਼ ਦੀ ਕੋਠੀ ਦਾ ਘਿਰਾਓ ਕਰਨ ਜਾ ਰਹੇ ਕਾਂਗਰਸੀਆਂ ਨੂੰ ਪੁਲੀਸ ਪ੍ਰਸਾਸ਼ਨ ਨੇ ਹੁਸ਼ਿਆਰਪੁਰ ਰੋਡ ’ਤੇ ਹੀ ਬੈਰੀਕੇਡਿੰਗ ਕਰ ਕੇ ਰੋਕ ਲਿਆ। ਇਸ ਮੌਕੇ ਪੁਲੀਸ ਤੇ ਕਾਂਗਰਸੀਆਂ ਵਿਚਕਾਰ ਹਲਕੀ ਧੱਕਾਮੁੱਕੀ ਵੀ ਹੋਈ। ਏ.ਡੀ.ਸੀ. ਰਾਜੀਵ ਵਰਮਾ, ਐਸ.ਡੀ.ਐਮ ਪਵਿੱਤਰ ਸਿੰਘ ਨੇ ਪੁੱਜ ਕੇ ਮੰਗ ਪੱਤਰ ਲਿਆ।
ਹੁਸ਼ਿਆਰਪੁਰ (ਹਰਪ੍ਰੀਤ ਕੌਰ): ਖੇਤੀ ਬਿੱਲਾਂ ਖਿਲਾਫ਼ ਟਰੈਕਟਰ ਰੈਲੀ ਕੱਢੀ ਗਈ ਜੋ ਫ਼ੁਗਲਾਣਾ ਮੰਡੀ ਤੋਂ ਸ਼ੁਰੂ ਹੋ ਕੇ ਫ਼ਗਵਾੜਾ ਪਹੁੰਚੀ। ਇਕੱਠ ਨੇ ਕੇਂਦਰੀ ਮੰਤਰੀ ਸੋਮ ਪ੍ਰਕਾਸ਼ ਦੇ ਘਰ ਦਾ ਘਿਰਾਓ ਕਰਨਾ ਪਰ ਪੁਲੀਸ ਨੇ ਪਹਿਲਾਂ ਹੀ ਰੋਕ ਲਿਆ। ਵਿਧਾਇਕ ਡਾ. ਰਾਜ ਕੁਮਾਰ ਕਿਹਾ ਕਿ ਪੰਜਾਬ ਸਰਕਾਰ ਸੁਪਰੀਮ ਕੋਰਟ ਵਿਚ ਇਨ੍ਹਾਂ ਬਿਲਾਂ ਨੂੰ ਚੁਣੌਤੀ ਦੇਵੇਗੀ।
ਤਰਨ ਤਾਰਨ (ਗੁਰਬਖਸ਼ਪੁਰੀ): ਕਿਸਾਨ-ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੇ ਝੰਡੇ ਹੇਠ ਕਿਸਾਨਾਂ ਮਜ਼ਦੂਰਾਂ ਨੇ ਅੰਮ੍ਰਿਤਸਰ-ਖੇਮਕਰਨ ਅਤੇ ਤਰਨ ਤਾਰਨ-ਬਿਆਸ ਰੇਲ ਟਰੈਕ ਧਰਨਾ ਦੇ ਕੇ ਜਾਮ ਕਰ ਦਿੱਤਾ। ਖੇਤੀ ਬਿੱਲਾਂ ਖ਼ਿਲਾਫ਼ ਕੀਤੇ ਟਰੈਕਟਰ ਮਾਰਚ ਵਿਚ ਇਲਾਕੇ ਦੇ ਲੋਕਾਂ ਨੇ ਵੱਡੀ ਗਿਣਤੀ ’ਚ ਸ਼ਮੂਲੀਅਤ ਕੀਤੀ। ਮਾਰਚ ਵਿੱਚ ਕਿਸਾਨਾਂ ਤੋਂ ਇਲਾਵਾ ਛੋਟੇ ਦੁਕਾਨਦਾਰਾਂ, ਬੇਰੁਜ਼ਗਾਰ ਨੌਜਵਾਨਾਂ ਆਦਿ ਨੇ ਵੀ ਹਿੱਸਾ ਲਿਆ| ਇਸੇ ਤਰ੍ਹਾਂ ਨਿਰਪੱਖ ਵਿਚਾਰਾਂ ਵਾਲੇ ਨੌਜਵਾਨਾਂ ਵੱਲੋਂ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਗਈ।
ਅਜਨਾਲਾ (ਅਸ਼ੋਕ ਸ਼ਰਮਾ): ਕਿਰਤੀ ਕਿਸਾਨ ਯੂਨੀਅਨ ਨੇ ਯੂਨੀਅਨ ਦੇ ਸੂਬਾਈ ਪ੍ਰਚਾਰ ਸਕੱਤਰ ਜਤਿੰਦਰ ਸਿੰਘ ਛੀਨਾ ਦੀ ਅਗਵਾਈ ਹੇਠ ਕਿਸਾਨ ਵਿਰੋਧੀ ਬਿੱਲਾਂ ਦੀਆਂ ਕਾਪੀਆਂ ਸਾੜੀਆਂ ਤੇ ਸਰਕਾਰ ਵਿਰੁਧ ਨਾਅਰੇਬਾਜ਼ੀ ਵੀ ਕੀਤੀ।
ਭਿੱਖੀਵਿੰਡ (ਨਰਿੰਦਰ ਸਿੰਘ): ਅੱਜ ਵਿਧਾਨ ਸਭਾ ਹਲਕਾ ਖੇਮਕਰਨ ਦੇ ਕਸਬਾ ਅਮਰਕੋਟ ਦੀ ਦਾਣਾ ਮੰਡੀ ਵਿੱਚ ਹਲਕਾ ਵਿਧਾਇਕ ਸੁਖਪਾਲ ਸਿੰਘ ਭੁੱਲਰ ਦੀ ਅਗਵਾਈ ਹੇਠ ਕਾਂਗਰਸ ਵੱਲੋਂ ਰੋਸ ਰੈਲੀ ਕੱਢੀ ਗਈ।
ਪਠਾਨਕੋਟ (ਐਨ.ਪੀ.ਧਵਨ): ਦਿ ਰੈਵੀਨਿਊ ਪਟਵਾਰ ਯੂਨੀਅਨ ਤੇ ਕਾਨੂੰਨਗੋ ਐਸੋਸੀਏਸ਼ਨ ਨੇ ਬਿੱਲ ਵਾਪਸ ਲੈਣ ਲਈ ਰਾਸ਼ਟਰਪਤੀ ਦੇ ਨਾਂ ਤਹਿਸੀਲਦਾਰ ਅਰਵਿੰਦ ਵਰਮਾ ਨੂੰ ਮੰਗ ਪੱਤਰ ਦਿੱਤਾ।
ਬਟਾਲਾ (ਸ਼ਰਨਜੀਤ ਸਿੰਘ): ਸੀ.ਪੀ.ਆਈ., ਸੀ.ਪੀ.ਆਈ.ਐਮ.,ਸੀ.ਪੀ.ਆਈ.ਐਮ.ਐਲ. ਲਬਿਰੇਸ਼ਨ ਤੇ ਆਰ.ਐਮ.ਪੀ.ਆਈ ਦੇ ਆਗੂਆਂ ਤੇ ਵਰਕਰਾਂ ਨੇ ਬਟਾਲਾ ਵਿਚ ਰੋਸ ਰੈਲੀ ਕੀਤੀ।
ਕਪੂਰਥਲਾ (ਧਿਆਨ ਸਿੰਘ ਭਗਤ): ਅੱਜ ਕਿਰਤੀ ਕਿਸਾਨ ਯੂਨੀਅਨ ਤੇ ਕਿਸਾਨ ਸੰਘਰਸ਼ ਕਮੇਟੀ ਕੋਟਾ ਬੁੱਢਾ ਦੀ ਅਗਵਾਈ ਵਿਚ ਕਿਸਾਨਾਂ ਨੇ ਇਕੱਠੇ ਹੋ ਕੇ ਨੈਸ਼ਨਲ ਹਾਈਵੇ ਢਿੱਲਵਾਂ ’ਤੇ ਜਾਮ ਲਾ ਦਿੱਤਾ। ਇਸ ਮੌਕੇ ਡੀ ਟੀ ਐਫ ਵਲੋਂ ਵੀ ਕਿਸਾਨਾਂ ਦੇ ਸੰਘਰਸ਼ ਦੀ ਵੀ ਹਮਾਇਤ ਕੀਤੀ ਗਈ। ਵਿਧਾਇਕ ਰਾਣਾ ਗੁਰਜੀਤ ਸਿੰਘ ਨੇ ਧਰਨੇ ਵਿੱਚ ਸ਼ਮੂਲੀਅਤ ਕੀਤੀ। ਸ਼੍ਰੋਮਣੀ ਅਕਾਲੀ ਦਲ ਨੇ ਵੀ ਧਰਨਾ ਦਿੱਤਾ।