ਜਸਬੀਰ ਸਿੰਘ ਚਾਨਾ
ਫਗਵਾੜਾ, 24 ਜੂਨ
ਕਿਸਾਨਾਂ ਨੂੰ ਝੋਨੇ ਲਈ ਬਿਜਲੀ ਮਿੱਥੇ ਸਮੇਂ ਤੋਂ ਘੱਟ ਸਮਾਂ ਦੇਣ ਦੇ ਰੋਸ ਵਜੋਂ ਅੱਜ ਕਿਸਾਨਾਂ ਨੇ ਸ਼ੂਗਰ ਮਿੱਲ ਚੌਕ ’ਚ ਰੋਸ ਪ੍ਰਦਰਸ਼ਨ ਕੀਤਾ ਤੇ ਫਗਵਾੜਾ-ਨਕੋਦਰ ਰੋਡ ਤੇ ਕੁੱਝ ਸਮੇਂ ਲਈ ਜਾਮ ਲਗਾਇਆ। ਮੌਕੇ ’ਤੇ ਪੁੱਜੇ ਤਹਿਸੀਲਦਾਰ ਤੇ ਐਕਸੀਅਨ ਨੇ ਉਨ੍ਹਾਂ ਨੂੰ ਪੂਰੀ ਸਪਲਾਈ ਦੇਣ ਦਾ ਭਰੋਸਾ ਦੇਣ ਮਗਰੋਂ ਕਿਸਾਨਾਂ ਨੇ ਆਵਾਜਾਈ ਬਹਾਲ ਕਰ ਦਿੱਤੀ।ਕਿਸਾਨ ਆਗੂ ਸੁਖਵਿੰਦਰ ਸਿੰਘ ਸ਼ੇਰਗਿੱਲ, ਮਹਿੰਦਰ ਸਿੰਘ ਬਾਜਵਾ, ਸੰਤੋਖ ਸਿੰਘ ਲੱਖਪੁਰ ਤੇ ਕਾਲਾ ਚੱਕ ਨੇ ਦੱਸਿਆ ਕਿਸਾਨਾਂ ਨੂੰ 8 ਘੰਟੇ ਦੀ ਥਾਂ ਸਿਰਫ਼ 5 ਤੋਂ 6 ਘੰਟੇ ਬਿਜਲੀ ਸਪਲਾਈ ਦਿੱਤੀ ਜਾ ਰਹੀ ਹੈ ਜਿਸ ਕਾਰਨ ਫ਼ਸਲਾਂ ਬੀਜਣ ਮੌਕੇ ਸਮੱਸਿਆ ਪੇਸ਼ ਆ ਰਹੀ ਹੈ। ਉਨ੍ਹਾਂ ਕਿਹਾ ਕਿ ਕੱਲ੍ਹ ਇਸ ਸਬੰਧੀ ਬਿਜਲੀ ਬੋਰਡ ਦੇ ਦਫ਼ਤਰ ਅੱਗੇ ਕਿਸਾਨਾਂ ਵਲੋਂ ਧਰਨਾ ਦਿੱਤਾ ਗਿਆ ਸੀ ਜਿਸ ਤੋਂ ਬਾਅਦ ਵਿਭਾਗ ਦੇ ਅਧਿਕਾਰੀਆਂ ਨੇ ਸਮੱਸਿਆ ਹੱਲ ਕਰਨ ਦਾ ਭਰੋਸਾ ਦਿੱਤਾ ਸੀ ਕੱਲ੍ਹ ਫ਼ਿਰ 6 ਘੰਟੇ ਦੀ ਜਗ੍ਹਾ ਬਿਜਲੀ ਸਪਲਾਈ 3 ਘੰਟੇ ਕਰ ਦਿੱਤੀ ਜਿਸ ਕਾਰਨ ਕਿਸਾਨਾਂ ’ਚ ਭਾਰੀ ਰੋਸ ਪੈਦਾ ਹੋ ਗਿਆ ਤੇ ਅੱਜ ਕਿਸਾਨਾਂ ਨੇ ਪਹਿਲਾ ਜੀ.ਟੀ.ਰੋਡ ਜਾਮ ਕਰਨ ਦਾ ਪ੍ਰੋਗਰਾਮ ਉਲੀਕਿਆ ਪਰ ਬਾਅਦ ’ਚ ਉਨ੍ਹਾਂ ਫਗਵਾੜਾ-ਨਕੋਦਰ ਰੋਡ ’ਤੇ ਹੀ ਕੁੱਝ ਸਮੇਂ ਲਈ ਜਾਮ ਲਗਾਇਆ। ਮੌਕੇ ’ਤੇ ਐੱਸ.ਪੀ ਸਰਬਜੀਤ ਸਿੰਘ ਵਾਹੀਆ, ਤਹਿਸੀਲਦਾਰ ਹਰਕਰਮ ਸਿੰਘ, ਐਕਸੀਅਨ ਰਜਿੰਦਰ ਸਿੰਘ ਪੁੱਜੇ ਤੇ ਕਿਸਾਨਾਂ ਨੂੰ ਭਰੋਸਾ ਦਿੱਤਾ ਕਿ ਵਿਭਾਗ ਵਲੋਂ ਉਨ੍ਹਾਂ ਨੂੰ ਨਿਰਵਿਘਨ ਸਪਲਾਈ ਮੁਹੱਈਆਂ ਕਰਵਾਈ ਜਾਵੇਗੀ ਜਿਸ ਮਗਰੋਂ ਧਰਨਾ ਸਮਾਪਤ ਕਰ ਦਿੱਤਾ ਗਿਆ। ਉਨ੍ਹਾਂ ਕਿਹਾ ਕਿ ਕਿਸਾਨਾਂ ਨੂੰ ਕਿਸੇ ਵੀ ਤਰ੍ਹਾਂ ਦੀ ਸਮੱਸਿਆ ਪੇਸ਼ ਨਹੀਂ ਆਉਣ ਦਿੱਤੀ ਜਾਵੇਗੀ।