ਨਿੱਜੀ ਪੱਤਰ ਪ੍ਰੇਰਕ
ਜਲੰਧਰ, 5 ਸਤੰਬਰ
ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ’ਤੇ ਅੱਜ ਕਿਸਾਨ ਜਥੇਬੰਦੀਆਂ ਨੇ ਸੱਤਾਧਾਰੀ ਧਿਰ ਦੇ ਵਿਧਾਇਕਾਂ ਅਤੇ ਮੰਤਰੀਆ ਦੇ ਘਰ ਅੱਗੇ ਧਰਨੇ ਦੇ ਕੇ ਮੰਗ ਪੱਤਰ ਦਿੱਤੇ। ਸੰਯੁਕਤ ਕਿਸਾਨ ਮੋਰਚੇ ਦੀਆਂ ਜਥੇਬੰਦੀਆਂ ਕੁੱਲ ਹਿੰਦ ਕਿਸਾਨ ਸਭਾ, ਕਿਰਤੀ ਕਿਸਾਨ ਯੂਨੀਅਨ, ਜਮਹੂਰੀ ਕਿਸਾਨ ਸਭਾ ਤੇ ਭਾਰਤੀ ਕਿਸਾਨ ਯੂਨੀਅਨ ਕਾਦੀਆਂ ਦੀ ਅਗਵਾਈ ਹੇਠ ਬੀਰ ਪਿੰਡ ’ਚ ਹਲਕਾ ਵਿਧਾਇਕ ਨਕੋਦਰ ਦੇ ਘਰ ਮੂਹਰੇ ਧਰਨਾ ਦੇ ਕੇ ਮੰਗ ਪੱਤਰ ਦਿੱਤਾ ਗਿਆ। ਇਸ ਮੌਕੇ ਸੰਦੀਪ ਅਰੋੜਾ, ਦਿਲਬਾਗ ਸਿੰਘ ਚੰਦੀ, ਮੱਖਣ ਸਿੰਘ ਕੰਦੋਲਾ, ਮਨੋਹਰ ਸਿੰਘ ਗਿੱਲ ਆਦਿ ਆਗੂਆਂ ਨੇ ਮੰਗ ਕੀਤੀ ਕਿ ਪੰਜਾਬ ਅੰਦਰ ਦੁਧਾਰੂ ਪਸ਼ੂਆਂ ਵਿਚ ਲੰਪੀ ਸਕਿਨ ਰੋਗ ਬੜੀ ਤੇਜ਼ੀ ਨਾਲ ਫੈਲ ਕੇ ਮਹਾਮਾਰੀ ਦਾ ਰੂਪ ਲੈ ਚੁੱਕਾ ਹੈ। ਇਨ੍ਹਾਂ ਪਸ਼ੂਆਂ ਨੂੰ ਦੱਬਣ ਲਈ ਢੁੱਕਵੇਂ ਪ੍ਰਬੰਧ ਕੀਤੇ ਜਾਣ। ਵੈਟਰਨਰੀ ਇਲਾਜ ਪ੍ਰਣਾਲੀ ਦਾ ਸਾਰੇ ਸੂਬੇ ਵਿਚ ਮੰਦਾ ਹਾਲ ਹੈ। ਕਿਸਾਨਾਂ ਨੇ ਮੰਗ ਕੀਤੀ ਕਿ ਸਰਕਾਰ ਲੰਪੀ ਸਕਿਨ ਰੋਗ ਸਬੰਧੀ ਗੰਭੀਰ ਹਾਲਤਾਂ ਨੂੰ ਐਮਰਜੈਂਸੀ ਹਾਲਾਤ ਐਲਾਨ ਕਰੇ।
ਇਸ ਰੋਗ ਨਾਲ ਮਰੇ ਪਸ਼ੂਆਂ ਦਾ ਇਕ ਲੱਖ ਰੁਪਏ ਪ੍ਰਤੀ ਪਸ਼ੂ ਅਤੇ ਬਿਮਾਰ ਹੋਏ ਪਸ਼ੂ ਦਾ ਪੰਜਾਹ ਹਜ਼ਾਰ ਰੁਪਏ ਪ੍ਰਤੀ ਪਸ਼ੂ ਮੁਆਵਜ਼ਾ ਦਿੱਤਾ ਜਾਵੇ। ਭਾਵੇਂ ਸਰਕਾਰ ਨੇ ਸੰਯੁਕਤ ਕਿਸਾਨ ਮੋਰਚੇ ਨਾਲ ਕੀਤੇ ਵਾਅਦੇ ਅਨੁਸਾਰ ਗੰਨਾ ਕਾਸ਼ਤਕਾਰਾਂ ਦੇ ਸਹਿਕਾਰੀ ਮਿੱਲਾਂ ਵੱਲ ਖੜੀ ਬਕਾਇਆ ਅਦਾਇਗੀ ਦੀਆਂ ਦੋ ਕਿਸ਼ਤਾਂ ਜਾਰੀ ਕੀਤੀਆਂ ਹਨ ਪਰ ਇਸ ਬਕਾਇਆ ਰਾਸ਼ੀ ਦਾ ਵਿਆਜ਼ ਅਤੇ ਕਿਸਾਨਾਂ ਦਾ ਪ੍ਰਾਈਵੇਟ ਗੰਨਾ ਮਿੱਲਾਂ ਵੱਲ ਬਕਾਇਆ ਹਾਲੇ ਵੀ ਖੜ੍ਹਾ ਹੈ। ਕਿਸਾਨਾਂ ਨੇ ਇੱਕਸੁਰ ਹੁੰਦਿਆਂ ਕਿਹਾ ਕਿ ਦਰਿਆਵਾਂ ਵਿੱਚ ਪ੍ਰਦੂਸ਼ਿਤ ਪਾਣੀ ਪਾਉਣ ਵਾਲੀਆਂ ਸਨਅਤੀ ਇਕਾਈਆਂ ਵਿਰੁੱਧ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇ।
ਕਿਸਾਨਾਂ ਨੇ ਡਿਪਟੀ ਸਪੀਕਰ ਨੂੰ ਮੰਗ ਪੱਤਰ ਸੌਂਪਿਆ
ਗੜ੍ਹਸ਼ੰਕਰ (ਪੱਤਰ ਪ੍ਰੇਰਕ/ਨਿੱਜੀ ਪੱਤਰ ਪ੍ਰੇਰਕ): ਕੁੱਲ ਹਿੰਦ ਕਿਸਾਨ ਸਭਾ ਦੇ ਸੂਬਾਈ ਸਕੱਤਰ ਦਰਸ਼ਨ ਸਿੰਘ ਮੱਟੂ ਅਤੇ ਸੂਬਾਈ ਮੀਤ ਪ੍ਰਧਾਨ ਗੁਰਨੇਕ ਸਿੰਘ ਭੱਜਲ ਦੀ ਅਗਵਾਈ ਹੇਠ ਇਲਾਕੇ ਦੇ ਕਿਸਾਨਾਂ ਨੇ ਪੰਜਾਬ ਵਿਧਾਨ ਸਭਾ ਦੇ ਡਿਪਟੀ ਸਪੀਕਰ ਜੈ ਕ੍ਰਿਸ਼ਨ ਸਿੰਘ ਰੋੜੀ ਨੂੰ ਇਕ ਮੰਗ ਪੱਤਰ ਦਿੱਤਾ, ਜਿਸ ਵਿਚ ਪਿਛਲੇ ਕਰੀਬ ਇਕ ਮਹੀਨੇ ਦੌਰਾਨ ਲੰਪੀ ਸਕਿਨ ਨਾਲ ਮਰੇ ਪਸ਼ੂਆਂ ਦੇ ਪਸ਼ੂ ਪਾਲਕਾਂ ਨੂੰ ਮੁਆਵਜ਼ਾ ਦੇਣ ਦੀ ਮੰਗ ਰੱਖੀ ਗਈ। ਇਸ ਮੌਕੇ ਸ੍ਰੀ ਮੱਟੂ ਨੇ ਦੱਸਿਆ ਕਿ ਇਸ ਬਿਮਾਰੀ ਨੂੰ ਪਸ਼ੂ ਪਾਲਕਾਂ ਲਈ ਐਮਰਜੈਂਸੀ ਘੋਸ਼ਿਤ ਕੀਤਾ ਜਾਵੇ ਅਤੇ ਇਕ ਮ੍ਰਿਤਕ ਪਸ਼ੂ ਦਾ ਪਸ਼ੂ ਪਾਲਕ ਨੂੰ ਇਕ ਲੱਖ ਰੁਪਏ ਅਤੇ ਬੀਮਾਰ ਪਸ਼ੂ ਦਾ ਪੰਜਾਬ ਹਜ਼ਾਰ ਮੁਆਵਜ਼ਾ ਪ੍ਰਦਾਨ ਕੀਤਾ ਜਾਵੇ। ਇਸ ਮੌਕੇ ਸ੍ਰੀ ਰੋੜੀ ਨੇ ਕਿਹਾ ਕਿ ਉਹ ਇਹ ਮੰਗ ਪੱਤਰ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਤੱਕ ਪਹੁੰਚਾਉਣਗੇ ਅਤੇ ਇਨ੍ਹਾਂ ਮੰਗਾਂ ਦੀ ਪੂਰਤੀ ਲਈ ਯਤਨ ਕੀਤੇ ਜਾਣਗੇ। ਇਸ ਮੌਕੇ ਕਸ਼ਮੀਰ ਸਿੰਘ ਭੱਜਲ, ਗੁਰਦਿਆਲ ਸਿੰਘ, ਗੋਲਡੀ ਗੋਲੀਆਂ, ਗੋਪਾਲ ਸਿੰਘ, ਜੋਗਿੰਦਰ ਸਿੰਘ, ਰੇਸ਼ਮ ਸਿੰਘ, ਪਰੇਮ ਸਿੰਘ ਆਦਿ ਸਮੇਤ ਅਨੇਕਾਂ ਕਿਸਾਨ ਹਾਜ਼ਰ ਸਨ।
ਮੰਤਰੀ ਜਿੰਪਾ ਦੀ ਕੋਠੀ ਵੱਲ ਮਾਰਚ
ਹੁਸ਼ਿਆਰਪੁਰ (ਪੱਤਰ ਪ੍ਰੇਰਕ): ਸਥਾਨਕ ਸ਼ਹੀਦ ਧੰਨਾ ਸਿੰਘ ਪਾਰਕ ਵਿਚ ਪੰਜ ਕਿਸਾਨ ਜਥੇਬੰਦੀਆਂ ਨੇ ਇਕੱਠ ਕਰਕੇ ਕੈਬਨਿਟ ਮੰਤਰੀ ਬ੍ਰਹਮ ਸ਼ੰਕਰ ਜਿੰਪਾ ਨੂੰ ਮੰਗ ਪੱਤਰ ਦੇਣ ਲਈ ਉਨ੍ਹਾਂ ਦੀ ਕੋਠੀ ਵੱਲ ਨੂੰ ਮਾਰਚ ਕੀਤਾ। ਮਾਰਚ ਦੀ ਅਗਵਾਈ ਕਿਸਾਨ ਆਗੂ ਮਨਜੀਤ ਸਿੰਘ ਰਾਏ, ਗੁਰਮੇਸ਼ ਸਿੰਘ, ਜਗਤਾਰ ਸਿੰਘ ਭਿੰਡਰ, ਪ੍ਰਿਤਪਾਲ ਸਿੰਘ, ਧਰਮਿੰਦਰ ਸਿੰਘ, ਕੁਲਵਿੰਦਰ ਸਿੰਘ, ਕੁਲਜਿੰਦਰ ਸਿੰਘ ਘੁੰਮਣ ਆਦਿ ਨੇ ਕੀਤੀ। ਪੁਲੀਸ ਨੇ ਬੈਰੀਕੇਡ ਲਗਾ ਕੇ ਕਿਸਾਨਾਂ ਨੂੰ ਰਸਤੇ ਵਿਚ ਹੀ ਰੋਕ ਲਿਆ ਅਤੇ ਕਿਸਾਨ ਉੱਥੇ ਹੀ ਧਰਨਾ ਲਗਾ ਕੇ ਬੈਠ ਗਏ। ਮੰਤਰੀ ਸ਼ਹਿਰ ਵਿਚ ਨਾ ਹੋਣ ਕਾਰਨ ਵਧੀਕ ਡਿਪਟੀ ਕਮਿਸ਼ਨਰ ਦਰਬਾਰਾ ਸਿੰਘ ਨੇ ਧਰਨੇ ਵਾਲੀ ਥਾਂ ’ਤੇ ਪੁੱਜ ਕੇ ਕਿਸਾਨਾਂ ਤੋਂ ਮੰਗ ਪੱਤਰ ਲਿਆ।
ਕਿਸਾਨਾਂ ਵੱਲੋਂ ਰੈਸਟ ਹਾਊਸ ਪੱਟੀ ਵਿੱਚ ਧਰਨਾ
ਪੱਟੀ (ਪੱਤਰ ਪ੍ਰੇਰਕ): ਸੰਯੁਕਤ ਕਿਸਾਨ ਮੋਰਚੇ ਦੇ ਵਰਕਰ ਆਪਣਾ ਮੰਗ ਪੱਤਰ ਕੈਬਨਿਟ ਮੰਤਰੀ ਲਾਲਜੀਤ ਸਿੰਘ ਭੁੱਲਰ ਨੂੰ ਦੇਣ ਲਈ ਰੈਸਟ ਹਾਊਸ ਪੱਟੀ ਪੁੱਜੇ ਪਰ ਰੈਸਟ ਹਾਊਸ ਅੰਦਰ ਕੈਬਨਿਟ ਮੰਤਰੀ ਅਤੇ ਉਸ ਦਾ ਕੋਈ ਵੀ ਨੁਮਾਇੰਦਾ ਹਾਜ਼ਰ ਨਹੀਂ ਸੀ। ਇਸ ਰੋਸ ਵਜੋਂ ਜਮਹੂਰੀ ਕਿਸਾਨ ਸਭਾ ਦੇ ਆਗੂ ਮਨਜੀਤ ਸਿੰਘ ਬੱਗੂ, ਕਿਸਾਨ ਯੂਨੀਅਨ ਪੰਜਾਬ ਦੇ ਆਗੂ ਸਾਹਿਬ ਸਿੰਘ, ਇੰਡੀਅਨ ਫਾਰਮਰ ਐਸੋਸੀਏਸ਼ਨ ਦੇ ਆਗੂ ਹਰਜੀਤ ਸਿੰਘ, ਕੁਲ ਹਿੰਦ ਕਿਸਾਨ ਸਭਾ ਦੇ ਆਗੂ ਕਾਰਜ ਸਿੰਘ ਕੈਰੋਂ, ਕਿਰਤੀ ਕਿਸਾਨ ਯੂਨੀਅਨ ਦੇ ਆਗੂ ਨਛੱਤਰ ਸਿੰਘ, ਕੌਮੀ ਕਿਸਾਨ ਯੂਨੀਅਨ ਦੇ ਆਗੂ ਤਰਸੇਮ ਸਿੰਘ, ਕਿਸਾਨ ਸੰਘਰਸ਼ ਕਮੇਟੀ ਦੇ ਪੰਜਾਬ ਦੇ ਆਗੂ ਹਰਜੀਤ ਸਿੰਘ ਦੀ ਪ੍ਰਧਾਨਗੀ ਹੇਠ ਰੈਸਟ ਹਾਊਸ ਪੱਟੀ ਅੰਦਰ ਧਰਨਾ ਸ਼ੁਰੂ ਕਰ ਦਿੱਤਾ। ਕਿਸਾਨਾਂ ਨੇ ਕਿਹਾ ਕਿ ਲੋਕਾਂ ਨੇ ਆਮ ਲੋਕਾਂ ਦੀ ਪਾਰਟੀ ਸਮਝ ਕੇ ‘ਆਪ’ ਦੀ ਸਰਕਾਰ ਬਣਾਈ ਸੀ ਪਰ ਹੁਣ ਇਨ੍ਹਾਂ ਦੇ ਵਤੀਰੇ ਤੋਂ ਸਾਬਤ ਹੁੰਦਾ ਹੈ ਕਿ ਇਹ ਆਮ ਆਦਮੀ ਦੀ ਨਹੀਂ ਸਗੋਂ ਖਾਸ ਆਦਮੀ ਦੀ ਸਰਕਾਰ ਹੈ।