ਪੱਤਰ ਪ੍ਰੇਰਕ
ਸ਼ਾਹਕੋਟ, 10 ਨਵੰਬਰ
ਭਾਜਪਾ ਦੇ ਕੇਂਦਰੀ ਮੰਤਰੀ ਰਵਨੀਤ ਬਿੱਟੂ ਵੱਲੋਂ ਸੰਘਰਸ਼ਸੀਲ ਕਿਸਾਨਾਂ ਸਬੰਧੀ ਦਿੱਤੇ ਵਿਵਾਦਤ ਬਿਆਨ ਖਿਲਾਫ਼ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਨੇ ਸਥਾਨਕ ਥਾਣੇ ਅੱਗੇ ਕੇਂਦਰੀ ਮੰਤਰੀ ਰਵਨੀਤ ਬਿੱਟੂ ਦਾ ਪੁਤਲਾ ਫੂਕਿਆ। ਇੱਕ ਥਾਂ ’ਤੇ ਇਕੱਠੇ ਹੋਣ ਤੋਂ ਬਾਅਦ ਕਿਸਾਨ ਮੁਜ਼ਾਹਰਾ ਕਰਦੇ ਹੋਏ ਥਾਣੇ ਅੱਗੇ ਪੁੱਜੇ। ਇੱਥੇ ਇਕੱਠ ਨੂੰ ਸੰਬੋਧਨ ਕਰਦਿਆ ਜ਼ਿਲ੍ਹਾ ਪ੍ਰਧਾਨ ਗੁਰਮੇਲ ਸਿੰਘ ਰੇੜ੍ਹਵਾਂ, ਸੀਨੀਅਰ ਮੀਤ ਪ੍ਰਧਾਨ ਨਿਰਮਲ ਸਿੰਘ ਢੰਡੋਵਾਲ, ਸਕੱਤਰ ਰਜਿੰਦਰ ਸਿੰਘ ਨੰਗਲ ਅੰਬੀਆਂ, ਵਿੱਤ ਸਕੱਤਰ ਜਗਦੀਸ਼ ਪਾਲ ਸਿੰਘ, ਪ੍ਰੈੱਸ ਸਕੱਤਰ ਹਰਪ੍ਰੀਤ ਸਿੰਘ ਕੋਟਲੀ, ਦਲਬੀਰ ਸਿੰਘ ਕੰਗ, ਰਾਮ ਸਿੰਘ, ਸੁਰਿੰਦਰ ਸਿੰਘ, ਲਵਪ੍ਰੀਤ ਸਿੰਘ ਕੋਟਲੀ, ਦਲਬੀਰ ਸਿੰਘ ਅਤੇ ਜਸਵੀਰ ਸਿੰਘ ਨੇ ਕਿਹਾ ਕਿ ਬਿੱਟੂ ਸਮੇਤ ਭਾਜਪਾ ਦੇ ਹੋਰ ਅਨੇਕਾਂ ਆਗੂ ਸੰਘਰਸ਼ਸੀਲ ਕਿਸਾਨਾਂ ਖਿਲਾਫ਼ ਗਲਤ ਬਿਆਨਬਾਜ਼ੀ ਕਰ ਕੇ ਦੇਸ਼ ਦੀ ਏਕਤਾ ਤੇ ਅਖੰਡਤਾ ਨੂੰ ਖਤਰੇ ਵਿੱਚ ਪਾ ਰਹੇ ਹਨ। ਉਨ੍ਹਾਂ ਕਿਹਾ ਕਿ ਲਗਾਤਾਰ ਕਿਸਾਨਾਂ ਖਿਲਾਫ਼ ਗਲਤ ਬਿਆਨਬਾਜ਼ੀ ਕਰਨ ਵਾਲੇ ਬਿੱਟੂ ਨੇ ਜੇ ਤੁਰੰਤ ਮੁਆਫ਼ੀ ਨਾ ਮੰਗੀ ਤਾਂ ਉਹ ਕਿਸਾਨਾਂ ਦੇ ਰੋਹ ਦਾ ਸਾਹਮਣਾ ਕਰਨ ਲਈ ਤਿਆਰ ਰਹਿਣ।
ਤਰਨ ਤਾਰਨ (ਪੱਤਰ ਪ੍ਰੇਰਕ): ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਵੱਲੋਂ ਭਾਜਪਾ ਆਗੂ ਅਤੇ ਕੇਂਦਰੀ ਮੰਤਰੀ ਰਵਨੀਤ ਸਿੰਘ ਬਿੱਟੂ ਵੱਲੋਂ ਸੰਘਰਸ਼ ਕਰਦੇ ਕਿਸਾਨ ਆਗੂਆਂ ਦੀ ਸੰਪਤੀ ਦੀ ਜਾਂਚ ਕਰਵਾਉਣ ਲਈ ਦਿੱਤੇ ਬਿਆਨ ਖਿਲਾਫ਼ ਵਿਰੋਧ ਦਾ ਪ੍ਰਗਟਾਵਾ ਕਰਦਿਆਂ ਵੱਖ-ਵੱਖ ਥਾਵਾਂ ’ਤੇ ਮੰਤਰੀ ਦੇ ਪੁਤਲੇ ਸਾੜੇ| ਇਸ ਮੌਕੇ ਜਥੇਬੰਦੀ ਦੇ ਜ਼ਿਲ੍ਹਾ ਪ੍ਰਧਾਨ ਸਤਨਾਮ ਸਿੰਘ ਮਾਨੋਚਾਹਲ ਨੇ ਦੱਸਿਆ ਕਿ ਜਥੇਬੰਦੀ ਦੀ ਅਗਵਾਈ ਵਿੱਚ ਕਿਸਾਨਾਂ ਨੇ ਝਬਾਲ, ਢੋਟੀਆਂ, ਚੋਹਲਾ ਸਾਹਿਬ ਅਤੇ ਖਡੂਰ ਸਾਹਿਬ ’ਚ ਮੰਤਰੀ ਦੇ ਬਿਆਨ ਦੀ ਨਿਖੇਧੀ ਕੀਤੀ ਅਤੇ ਪੁਤਲੇ ਸਾੜੇ| ਇਸ ਦੌਰਾਨ ਕਿਸਾਨਾਂ ਨੂੰ ਜਰਨੈਲ ਸਿੰਘ ਨੂਰਦੀ, ਪਰਮਜੀਤ ਸਿੰਘ ਛੀਨਾ, ਬਲਜੀਤ ਸਿੰਘ ਝਬਾਲ, ਹਰਪ੍ਰੀਤ ਸਿੰਘ ਸਿੱਧਵਾਂ, ਜ਼ਿਲ੍ਹਾ ਸਕੱਤਰ ਹਰਜਿੰਦਰ ਸਿੰਘ ਸ਼ਕਰੀ, ਦਿਆਲ ਸਿੰਘ ਮੀਆਂਵਿੰਡ ਤੇ ਰੇਸ਼ਮ ਸਿੰਘ ਘੁਰਕਵਿੰਡ ਸਮੇਤ ਹੋਰਨਾਂ ਨੇ ਸੰਬੋਧਨ ਕੀਤਾ|