ਹਰਪ੍ਰੀਤ ਕੌਰ
ਹੁਸ਼ਿਆਰਪੁਰ, 17 ਮਾਰਚ
ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ’ਤੇ ਕਿਸਾਨ ਜਥੇਬੰਦੀਆਂ ਵਲੋਂ ਮਿੰਨੀ ਸਕੱਤਰੇਤ ਦੇ ਨੇੜੇ ਜੀਓ ਰਿਲਾਇੰਸ ਦਫ਼ਤਰ ਦੇ ਬਾਹਰ ਦਿੱਤਾ ਜਾ ਰਿਹਾ ਧਰਨਾ 126ਵੇਂ ਦਿਨ ’ਚ ਦਾਖਲ ਹੋ ਗਿਆ। ਅੱਜ ਧਰਨੇ ਦੌਰਾਨ ਬੋਲਦਿਆਂ ਕਿਸਾਨ ਆਗੂ ਗੁਰਮੇਸ਼ ਸਿੰਘ, ਗੁਰਨਾਮ ਸਿੰਘ ਸਿੰਗੜੀਵਾਲਾ, ਕਮਲਜੀਤ ਸਿੰਘ ਰਾਜਪੁਰ ਭਾਈਆਂ, ਗੁਰਚਰਨ ਸਿੰਘ, ਗੁਰਮੀਤ ਸਿੰਘ, ਧਨਪਤ ਆਦਿ ਨੇ ਕਿਹਾ ਕਿ ਇਤਿਹਾਸ ਇਸ ਗੱਲ ਦਾ ਗਵਾਹ ਹੈ ਕਿ ਕਦੀ-ਕਦੀ ਹਕੂਮਤ ਵਿਅਕਤੀ ਨੂੰ ਵੱਡਾ ਹੰਕਾਰੀ ਬਣਾ ਦਿੰਦੀ ਹੈ। ਹਕੂਮਤੀ ਨਸ਼ੇ ਦੇ ਗਰੂਰ ਵਿਚ ਵਿਅਕਤੀ ਅਜਿਹੇ ਫ਼ੁਰਮਾਨ ਜਾਰੀ ਕਰ ਦਿੰਦਾ ਹੈ ਜੋ ਉਸ ਦੀ ਗੱਦੀ ਦੇ ਵਿਨਾਸ਼ ਦਾ ਕਾਰਨ ਬਣ ਜਾਂਦੇ ਹਨ। ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਵੀ ਇਸ ਤਰ੍ਹਾਂ ਦੇ ਕਾਨੂੰਨ ਬਣਾ ਕੇ ਆਪਣੀ ਕਾਰਪੋਰੇਟ ਭਗਤੀ ਦਾ ਸਬੂਤ ਦੇ ਰਹੀ ਹੈ। ਉਨ੍ਹਾਂ ਕਿਹਾ ਕਿ ਅਜਿਹੇ ਫੁਰਮਾਨਾਂ ਤੋਂ ਪੀੜਤ ਆਮ ਜਨਤਾ ਨੂੰ ਜਨ ਵਿਰੋਧੀ ਫੁਰਮਾਨਾਂ ਨੂੰ ਰੱਦ ਕਰਵਾਉਣ ਲਈ ਇਕਜੁੱਟ ਹੋਣਾ ਪਵੇਗਾ। ਇਸ ਦੌਰਾਨ ਕਿਸਾਨਾਂ ਨੇ ਕੇਂਦਰ ਸਰਕਾਰ ਖਿਲਾਫ਼ ਨਾਅਰੇਬਾਜ਼ੀ ਕੀਤੀ ਅਤੇ ਮੰਗ ਕੀਤੀ ਕਿ ਖੇਤੀ ਵਿਰੋਧੀ ਕਾਨੂੰਨ ਤੁਰੰਤ ਰੱਦ ਕੀਤੇ ਜਾਣ ਅਤੇ ਘੱਟੋ-ਘੱਟ ਸਮਰਥਨ ਮੁੱਲ ਦੀ ਗਾਰੰਟੀ ਦਾ ਕਾਨੂੰਨ ਬਣਾਇਆ ਜਾਵੇ।
ਭੁਲੱਥ (ਦਲੇਰ ਸਿੰਘ ਚੀਮਾ): ਕਸਬਾ ਨਡਾਲਾ ਅਤੇ ਆਸ-ਪਾਸ ਦੇ ਪਿੰਡਾਂ ਵਿਚੋਂ ਕਿਸਾਨਾਂ ਦੇ ਜਥੇ ਜ਼ਰੂਰੀ ਰਾਸ਼ਨ, ਫਰਾਟਾ ਪੱਖੇ, ਕੂਲਰ, ਮੱਛਰਦਾਨੀਆਂ, ਦਵਾਈਆਂ ਅਤੇ ਖਾਣ ਪੀਣ ਦਾ ਸਮਾਨ ਲੈ ਕੇ 16ਵੀਂ ਵਾਰ ਦਿੱਲੀ ਬਾਰਡਰ ਲਈ ਰਵਾਨਾ ਹੋਏ। ਕਿਸਾਨ ਯੂਨੀਅਨ ਨਡਾਲਾ ਦੇ ਸੁਖਜਿੰਦਰ ਸਿੰਘ ਜੌਹਲ ਨੇ ਦੱਸਿਆ ਕਿ ਯੂਨੀਅਨ ਦੀ ਅਗਵਾਈ ਹੇਠ ਕਿਸਾਨਾਂ ਦਾ ਜਥਾ ਲੋੜੀਂਦਾ ਸਮਾਨ ਲੈ ਕੇ ਦਿੱਲੀ ਰਵਾਨਾ ਹੋ ਗਿਆ ਹੈ ਤੇ ਇਸ ਤਰ੍ਹਾਂ ਪਿੰਡ ਸੈਂਤਪੁਰ ਤੋਂ ਵੀ ਰਾਸ਼ਨ ਤੇ ਹੋਰ ਸਾਮਾਨ ਫੋਲਡਿੰਗ ਮੰਜੇ, ਚਾਦਰਾਂ, ਸਿਰਹਾਣੇ, ਪੱਖੇ, ਵਾਟਰ ਕੂਲਰ, ਮੱਛਰਦਾਨੀਆਂ, ਤੌਲੀਏ, ਕੌਲਗੇਟ, ਪਾਣੀ, ਆਟਾ, ਦਾਲਾਂ ਤੇ ਲੰਗਰ ਲਈ ਲੋੜੀਂਦੀ ਸਮੱਗਰੀ ਭੇਜੀ ਗਈ ਹੈ। ਐੱਨਆਰਆਈਜ਼ ਦੇ ਸਹਿਯੋਗ ਨਾਲ ਨੰਬਰਦਾਰ ਜਸਵੀਰ ਸਿੰਘ ਦੀ ਅਗਵਾਈ ਹੇਠ ਕਿਸਾਨਾਂ ਨੂੰ ਜੋ ਵੀ ਚਾਹੀਦਾ ਹੋਵੇ ਉਹ ਲੈ ਕੇ ਜਾਂਦੇ ਹਨ।
ਰਾਸ਼ਨ ਭੇਜਣ ਸਮੇਂ ਕਿਸਾਨਾਂ ਨੇ ਕੇਂਦਰ ਖਿਲਾਫ ਜ਼ੋਰਦਾਰ ਨਾਅਰੇਬਾਜ਼ੀ ਕੀਤੀ। ਇਸ ਮੌਕੇ ਕਿਸਾਨ ਆਗੂ ਸੁਖਜਿੰਦਰ ਸਿੰਘ ਜੌਹਲ, ਅਜੀਤ ਸਿੰਘ ਖੱਖ ਤੇ ਅਮਰੀਕ ਸਿੰਘ ਸਾਹੀ ਨੇ ਕਿਹਾ ਕਿ ਅੱਜ ਸਾਢੇ ਤਿੰਨ ਮਹੀਨੇ ਦਾ ਸਮਾਂ ਬੀਤ ਗਿਆ ਹੈ ਪ੍ਰੰਤੂ ਕੇਂਦਰ ਸਰਕਾਰ ਨੇ ਅੜੀਅਲ ਵਤੀਰਾ ਅਪਣਾਇਆ ਹੋਇਆ ਹੈ। ਉਨ੍ਹਾਂ ਕਿਹਾ ਕਿ ਕਿਸਾਨ ਯੂਨੀਅਨ ਨਡਾਲਾ ਦੀ ਸਾਰੀ ਟੀਮ ਸਿੰਘੂ ਅਤੇ ਕੁੰਡਲੀ ਬਾਰਡਰ ’ਤੇ ਲਗਾਏ ਕੈਂਪ ਵਿੱਚ ਕਿਸਾਨਾਂ ਦੀ ਸੇਵਾ ਕਰ ਰਹੀ ਹੈ।
ਪਾਣੀਪਤ ਤੋਂ ਸਿੰਘੂ ਬਾਰਡਰ ਤੱਕ ਪੈਦਲ ਮਾਰਚ ’ਚ ਦੀਆਂ ਤਿਆਰੀਆਂ
ਜਲੰਧਰ (ਪਾਲ ਸਿੰਘ ਨੌਲੀ): ਕੁੱਲ ਹਿੰਦ ਕਿਸਾਨ ਸਭਾ, ਕੁੱਲ ਹਿੰਦ ਖੇਤ ਮਜ਼ਦੂਰ ਯੂਨੀਅਨ ਅਤੇ ਸੀਪੀਆਈ (ਐੱਮ) ਜ਼ਿਲ੍ਹਾ ਜਲੰਧਰ-ਕਪੂਰਥਲਾ ਦੇ ਸਾਥੀਆਂ ਦੀ ਸਾਂਝੀ ਮੀਟਿੰਗ ਨੂਰਮਹਿਲ ਦਫਤਰ ’ਚ ਪੰਜਾਬ ਕਿਸਾਨ ਸਭਾ ਪੰਜਾਬ ਦੇ ਪ੍ਰਧਾਨ ਕਾਮਰੇਡ ਗੁਰਚੇਤਨ ਸਿੰਘ ਬਾਸੀ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਦੌਰਾਨ 23 ਮਾਰਚ ਨੂੰ ਸੰਯੁਕਤ ਕਿਸਾਨ ਮੋਰਚੇ ਵੱਲੋਂ ਦਿੱਲੀ ਬਾਰਡਰਾਂ ’ਤੇ ਸ਼ਹੀਦ ਭਗਤ ਸਿੰਘ ਤੇ ਸਾਥੀਆਂ ਦੀ ਸ਼ਹੀਦੀ ਦਿਵਸ ਮਨਾਉਣ ਸਬੰਧੀ ਵਿਚਾਰਾਂ ਕਰਕੇ ਐਕਸ਼ਨ ਸਫਲ ਕਰਨ ਲਈ ਪ੍ਰੋਗਰਾਮ ਤੈਅ ਕੀਤਾ ਗਿਆ। ਮੀਟਿੰਗ ਵਿੱਚ ਹੋਏ ਫੈਸਲਿਆਂ ਬਾਰੇ ਜਾਣਕਾਰੀ ਦਿੰਦਿਆਂ ਸੀਪੀਆਈ (ਐੱਮ) ਜ਼ਿਲ੍ਹਾ ਜਲੰਧਰ-ਕਪੂਰਥਲਾ ਦੇ ਸਕੱਤਰ ਕਾਮਰੇਡ ਲਹਿੰਬਰ ਸਿੰਘ ਤੱਗੜ ਨੇ ਦੱਸਿਆ ਕਿ ਜ਼ਿਲ੍ਹੇ ਵਿੱਚੋਂ 300 ਤੋਂ ਵੱਧ ਵਾਲੰਟੀਅਰ ਕਿਸਾਨਾਂ ਦਾ ਜਥਾ 19 ਮਾਰਚ ਨੂੰ ਸਵੇਰੇ 9 ਵਜੇ ਸੂਬਾ ਪ੍ਰਧਾਨ ਕਾਮਰੇਡ ਗੁਰਚੇਤਨ ਸਿੰਘ ਬਾਸੀ ਦੀ ਅਗਵਾਈ ਵਿੱਚ ਖਟਕੜ ਕਲਾਂ ’ਚ ਸ਼ਹੀਦੀ ਯਾਦਗਾਰ ’ਤੇ ਨਤਮਸਤਕ ਹੋ ਕੇ ਚੱਲੇਗਾ। ਜੋ 11 ਵਜੇ ਸ਼ੰਭੂ ਬਾਰਡਰ ’ਤੇ ਅਤੇ ਸ਼ਾਮ 5 ਵਜੇ ਪਾਣੀਪਤ ਪੁੱਜੇਗਾ। 20 ਮਾਰਚ ਸਵੇਰੇ 10 ਵਜੇ ਪਾਣੀਪਤ ਤੋਂ ਪੈਦਲ ਮਾਰਚ ਸ਼ੁਰੂ ਹੋਵੇਗਾ ਜੋ 22 ਮਾਰਚ ਰਾਤ ਸਿੰਘੂ ਬਾਰਡਰ ’ਤੇ ਪੁੱਜੇਗਾ। ਮੀਟਿੰਗ ਵਿੱਚ ਕਿਸਾਨ ਆਗੂ ਕਾਮਰੇਡ ਸੁਖਪ੍ਰੀਤ ਸਿੰਘ ਜੌਹਲ, ਸੁਖਦੇਵ ਬਾਸੀ, ਵਿਜੈ ਧਰਨੀ, ਕਾਮਰੇਡ ਮੇਲਾ ਸਿੰਘ ਰੁੜਕਾ, ਮਾਸਟਰ ਮੂਲ ਚੰਦ ਸਰਹਾਲੀ, ਗੁਰਪਰਮਜੀਤ ਕੌਰ ਤੱਗੜ, ਪ੍ਰਕਾਸ਼ ਕਲੇਰ, ਤਹਿਸੀਲ ਸਕੱਤਰ ਮਾਸਟਰ ਪ੍ਰਸ਼ੋਤਮ ਬਿਲਗਾ, ਮੋਹਨ ਸਿੰਘ ਬਿਲਗਾ, ਸੁਖਵਿੰਦਰ ਸਿੰਘ ਨਾਗੀ, ਸੁਰਿੰਦਰ ਖੀਵਾ ਤੇ ਹੋਰ ਪਾਰਟੀ ਆਗੂ ਵਿਸ਼ੇਸ਼ ਤੌਰ ’ਤੇ ਹਾਜ਼ਰ ਸਨ।