ਜਸਬੀਰ ਸਿੰਘ ਚਾਨਾ
ਫਗਵਾੜਾ, 28 ਮਈ
ਦਿੱਲੀ ਦੀਆਂ ਬਰੂਹਾਂ ’ਤੇ ਚੱਲ ਰਹੇ ਕਿਸਾਨ ਸੰਘਰਸ਼ ਨੂੰ ਹੁਲਾਰਾ ਦੇਣ ਲਈ ਭਾਰਤੀ ਕਿਸਾਨ ਯੂਨੀਅਨ ਦੋਆਬਾ ਦਾ ਕਾਫ਼ਲਾ ਅੱਜ ਜਨਰਲ ਸਕੱਤਰ ਸਤਨਾਮ ਸਿੰਘ ਸਾਹਨੀ ਤੇ ਮੀਤ ਪ੍ਰਧਾਨ ਕ੍ਰਿਪਾਲ ਸਿੰਘ ਮੁਸਾਪੂਰ ਦੀ ਅਗਵਾਈ ਹੇਠ ਮੌਲੀ ਲੰਗਰ ਤੋਂ ਰਵਾਨਾ ਹੋਇਆ ਜਿਸ ’ਚ 100 ਤੋਂ ਵੱਧ ਗੱਡੀਆਂ ਰਵਾਨਾ ਹੋਈਆਂ। ਸ੍ਰੀ ਸਾਹਨੀ ਨੇ ਸੰਬੋਧਨ ਕਰਦਿਆਂ ਕਿਹਾ ਕਿ ਲੋਕਾਂ ’ਚ ਖੇਤੀ ਕਾਨੂੰਨਾਂ ਖਿਲਾਫ਼ ਰੋਸ ਪੂਰੀ ਤਰ੍ਹਾਂ ਬਰਕਰਾਰ ਹੈ। ਉਨ੍ਹਾਂ ਕਿਹਾ ਕਿ 26 ਮਈ ਨੂੰ ਕਾਲੇ ਝੰਡੇ ਲਗਾਉਣ ਦੇ ਸੱਦੇ ’ਤੇ ਲੋਕਾਂ ਨੂੰ ਭਾਰੀ ਉਤਸ਼ਾਹ ਦਿਖਾਇਆ ਹੈ। ਇਸ ਮੌਕੇ ਕੁਲਦੀਪ ਸਿੰਘ ਰਾਏਪੁਰ, ਮਨਜੀਤ ਸਿੰਘ ਲੱਲੀਆ, ਮੁਖਤਿਆਰ ਸਿੰਘ, ਗੁਰਪਾਲ ਸਿੰਘ ਮੌਲੀ, ਮੇਜਰ ਸਿੰਘ ਆਠੋਲੀ, ਸੰਤੋਖ ਸਿੰਘ ਲੱਖਪੁਰ, ਰਣਜੀਤ ਜੀਤੀ ਖੇੜਾ, ਬਲਜੀਤ ਸਿੰਘ ਹਰਦਾਸਪੁਰ ਵੀ ਸ਼ਾਮਲ ਸਨ।
ਟਾਂਡਾ(ਸੁਰਿੰਦਰ ਸਿੰਘ ਗੁਰਾਇਆ): ਅੱਜ ਚੌਲਾਂਗ ਟੌਲ ਪਲਾਜ਼ਾ ਤੋਂ ਦਿੱਲੀ ਅੰਦੋਲਨ ਲਈ ਦੋਆਬਾ ਕਿਸਾਨ ਕਮੇਟੀ ਵੱਲੋਂ ਟਾਂਡਾ ਅਤੇ ਦਸੂਹਾ ਖੇਤਰ ਦੇ ਕਿਸਾਨਾਂ ਦਾ ਵੱਡਾ ਜੱਥਾ ਰਵਾਨਾ ਕੀਤਾ ਗਿਆ। ਇਸ ਮੌਕੇ ਇਕੱਠੇ ਹੋਏ ਕਿਸਾਨਾਂ ਨੇ ਮੋਦੀ ਸਰਕਾਰ ਖਿਲਾਫ ਜ਼ੋਰਦਾਰ ਨਾਅਰੇਬਾਜ਼ੀ ਕੀਤੀ। ਜਥੇ ਨੂੰ ਰਵਾਨਾ ਕਰਨ ਸਮੇਂ ਦੋਆਬਾ ਕਿਸਾਨ ਕਮੇਟੀ ਦੇ ਪ੍ਰਧਾਨ ਜੰਗਵੀਰ ਸਿੰਘ ਚੌਹਾਨ, ਰਣਜੀਤ ਸਿੰਘ ਬਾਜਵਾ, ਸਤਪਾਲ ਸਿੰਘ ਮਿਰਜ਼ਾਪੁਰ, ਪ੍ਰਿਤਪਾਲ ਸਿੰਘ ਗੁਰਾਇਆ, ਹਰਦੀਪ ਖੁੱਡਾ, ਰਤਨ ਸਿੰਘ ਖੋਖਰ, ਦਵਿੰਦਰ ਸਿੰਘ ਮੂਨਕਾਂ ਅਤੇ ਅਮਰਜੀਤ ਸਿੰਘ ਕੁਰਾਲਾ ਨੇ ਸੰਬੋਧਨ ਕੀਤਾ। ਇਸ ਮੌਕੇ ਭੁਪਿੰਦਰ ਸਿੰਘ ਘੁੰਮਣ, ਮਨਜੋਤ ਸਿੰਘ ਤਲਵੰਡੀ, ਅਜੀਤ ਸਿੰਘ, ਸਵਰਨ ਸਿੰਘ ਤੇ ਜਗਤਾਰ ਸਿੰਘ ਬੱਸੀ ਵੀ ਮੌਜੂਦ ਸਨ।
ਗੁਰਦਾਸਪੁਰ(ਜਤਿੰਦਰ ਬੈਂਸ): ਖੇਤੀ ਕਾਨੂੰਨਾਂ ਖਿਲਾਫ਼ ਇਲਾਕੇ ਦੇ ਪਿੰਡਾਂ ਅੰਦਰ ਬੀਬੀਆਂ ਲਾਮਬੰਦ ਹੋਣ ਲੱਗੀਆਂ ਹਨ। ਪਿੰਡ ਬਾਠਾਂਵਾਲਾ ਵਿੱਚ ਮਹਿਲਾ ਸਰਪੰਚ ਮੀਨੂੰ ਬਾਲਾ ਨੇ ਘਰ-ਘਰ ਪਹੁੰਚ ਕਰਕੇ ਲੋਕਾਂ ਨੂੰ ਦਿੱਲੀ ਮੋਰਚੇ ਵਿੱਚ ਸ਼ਾਮਲ ਹੋਣ ਦਾ ਹੋਕਾ ਦਿੱਤਾ ਹੈ। ਆਸ਼ਾ ਵਰਕਰਜ਼ ਅਤੇ ਫੈਸਲੀਟੇਟਰਜ਼ ਯੂਨੀਅਨ ਬਹਿਰਾਮਪੁਰ ਬਲਾਕ ਦੀ ਜਨਰਲ ਸਕੱਤਰ ਪਰਮਜੀਤ ਕੌਰ ਬਾਠਾਂਵਾਲਾ ਨੇ ਕਿਹਾ ਕਿ ਡੈਮੋਕ੍ਰੇਟਿਕ ਮੁਲਾਜ਼ਮ ਫੈਡਰੇਸ਼ਨ ਪੰਜਾਬ ਦੇ ਦਿੱਲੀ ਸੱਦੇ ਨੂੰ ਲਾਗੂ ਕਰਨ ਹਿੱਤ ਘਰ-ਘਰ ਜਾ ਕੇ ਲੰਗਰ ਲਈ ਰਸਦ ਇੱਕਠੀ ਕਰਨਗੀਆਂ। ਕਿਰਸਾਨੀ ਇਨਕਲਾਬ ਦੇ ਜਰਨੈਲ ਬਾਬਾ ਬੰਦਾ ਸਿੰਘ ਬਹਾਦਰ ਦੇ ਜਨਮ ਦਿਹਾੜੇ ਮੌਕੇ 9 ਜੂਨ ਨੂੰ ਸੰਯੁਕਤ ਕਿਸਾਨ ਮੋਰਚਾ ਵੱਲੋਂ ਉਲੀਕੇ ਪ੍ਰੋਗਰਾਮ ਦੀ ਸਫ਼ਲਤਾ ਲਈ ਪ੍ਰੇਰਿਤ ਕੀਤਾ ਗਿਆ ਹੈ।