ਜਗਜੀਤ ਸਿੰਘ
ਮੁਕੇਰੀਆਂ, 25 ਫਰਵਰੀ
ਮਹਿਤਾਬਪੁਰ ਵਿੱਚ ਗੰਨਾ ਕਿਸਾਨਾਂ ਨਾਲ ਮੀਟਿੰਗ ਉਪਰੰਤ ਕਿਸਾਨ ਮਜ਼ਦੂਰ ਹਿੱਤਕਾਰੀ ਸਭਾ ਦੇ ਪ੍ਰਧਾਨ ਬਾਪੂ ਬਲਕਾਰ ਸਿੰਘ ਤੇ ਜਨਰਲ ਸਕੱਤਰ ਉਂਕਾਰ ਸਿੰਘ ਪੁਰਾਣਾ ਭੰਗਾਲਾ ਨੇ ਦੱਸਿਆ ਕਿ ਸ਼ੂਗਰ ਮਿੱਲ ਮੁਕੇਰੀਆਂ ਵਲੋਂ ਇਲਾਕੇ ਦੇ ਕਿਸਾਨਾਂ ਨੂੰ ਸਮੇਂ ਸਿਰ ਪਰਚੀ ਨਾ ਦੇਣ ਕਰਕੇ ਵੱਡੀ ਗਿਣਤੀ ਕਿਸਾਨਾਂ ਦਾ ਮੁੱਢਾ ਗੰਨਾ ਹਾਲੇ ਵੀ ਖੜ੍ਹਾ ਹੈ ਪਰ ਮਿੱਲ ਦੇ ਚਹੇਤਿਆਂ ਸਮੇਤ ਬਾਹਰਲੇ ਖੇਤਰ ਦੇ ਲੈਰੇ ਗੰਨੇ ਨੂੰ ਵੀ ਤਰਜੀਹੀ ਤੌਰ ’ਤੇ ਖਰੀਦਿਆ ਜਾ ਰਿਹਾ ਹੈ। ਦੂਜੇ ਪਾਸੇ ਮਾਮਲੇ ਦੀ ਗੰਭੀਰਤਾ ਨੂੰ ਦੇਖਦਿਆਂ ਕਿਸਾਨ ਮਜ਼ਦੂਰ ਹਿੱਤਕਾਰੀ ਸਭਾ ਨੇ ਮਹਿਤਾਬਪੁਰ ਵਿਚ 26 ਨੂੰ ਮੁਕੇਰੀਆਂ ਪਠਾਨਕੋਟ ਕੌਮੀ ਮਾਰਗ ‘ਤੇ ਭੰਗਾਲਾ ਵਿਖੇ ਚੱਕਾ ਜਾਮ ਕਰਨ ਦਾ ਐਲਾਨ ਕੀਤਾ ਹੈ। ਪਿੰਡ ਮਹਿਤਾਬਪੁਰ, ਛੰਨੀ ਨੰਦ ਸਿੰਘ, ਗੁਰਦਾਸਪੁਰ, ਨੁਸ਼ਹਿਰਾ ਪੱਤਣ, ਕੋਲੀਆਂ, ਕਲੋਤਾ ਸਮੇਤ ਲਗਪਗ ਹਰ ਪਿੰਡ ਵਿੱਚ ਕਿਸਾਨਾਂ ਦਾ ਮੋਢਾ ਗੰਨਾ ਖੜ੍ਹਾ ਹੈ, ਜਦੋਂ ਕਿ ਸੀਜ਼ਨ ਆਖਰੀ ਦੌਰ ਵਿੱਚ ਚੱਲ ਰਿਹਾ ਹੈ।
ਕਿਸਾਨ ਵੱਲੋਂ ਅੱਗ ਲਾਉਣ ਦੀ ਚਿਤਾਵਨੀ
ਸ਼ੂਗਰ ਮਿੱਲ ਮੁਕੇਰੀਆਂ ਵਲੋਂ ਪਰਚੀਆਂ ਨਾ ਮਿਲਣ ਤੋਂ ਦੁਖੀ ਪਿੰਡ ਮਹਿਤਾਬਪੁਰ ਦੇ ਕਿਸਾਨ ਬਹਾਦਰ ਸਿੰਘ ਨੇ ਦੱਸਿਆ ਕਿ ਉਸ ਦਾ ਕਰੀਬ 15 ਏਕੜ ਗੰਨਾ ਖੜ੍ਹਾ ਹੈ ਅਤੇ ਜੇਕਰ ਰੋਜ਼ ਵੀ ਪਰਚੀ ਮਿਲੇ ਤਾਂ ਉਸ ਦਾ ਗੰਨਾ ਸਹੀ ਸਮੇਂ ਨਹੀਂ ਪੀੜਿਆ ਜਾ ਸਕਦਾ। ਉਹ ਦੁਖੀ ਹੋ ਚੁੱਕਾ ਹੈ ਅਤੇ ਆਪਣੇ ਗੰਨੇ ਸਮੇਤ ਖੁਦ ਨੂੰ ਅੱਗ ਲਗਾ ਲਵੇਗਾ। ਸਹਾਇਕ ਕੇਨ ਕਮਿਸ਼ਨਰ ਅਮਰਜੀਤ ਸਿੰਘ ਨੇ ਕਿਹਾ ਕਿ ਉਨ੍ਹਾਂ ਦੀ ਚੋਣ ਡਿਊਟੀ ਲੱਗੀ ਹੋਣ ਕਾਰਨ ਕੁਝ ਖਾਮੀਆਂ ਰਹੀਆਂ ਹੋ ਸਕਦੀਆਂ ਹਨ ਅਤੇ ਪਰਚੀਆਂ ਵਿੱਚ ਪਾਰਦਰਸ਼ਤਾ ਲਈ ਮਿੱਲ ਅਧਿਕਾਰੀਆਂ ਨੂੰ ਪੱਤਰ ਲਿਖ ਕੇ ਰਿਕਾਰਡ ਮੰਗਿਆ ਗਿਆ ਹੈ। ਖੰਡ ਮਿੱਲ ਦੇ ਮੁੱਖ ਗੰਨਾ ਮੈਨੇਜਰ ਸੰਜੇ ਸਿੰਘ ਨੇ ਕਿਹਾ ਕਿ ਕਿਸਾਨਾਂ ਦਾ ਮਸਲਾ ਹੱਲ ਕੀਤਾ ਜਾ ਰਿਹਾ ਹੈ।