ਦਲੇਰ ਸਿੰਘ ਚੀਮਾ
ਭੁਲੱੱਥ, 10 ਨਵੰਬਰ
ਸਬ-ਡਿਵੀਜ਼ਨ ਭੁਲੱਥ ਵਿੱਚ ਪੈਂਦੀ ਚੌਕ ਬਜਾਜ ਦੀ ਦਾਣਾ ਮੰਡੀ ਵਿੱਚ ਅੱਜ ਦੁਬਾਰਾ ਝੋਨੇ ਦੀ ਖਰੀਦ ਨੂੰ ਲੈ ਕੇ ਮੰਡੀਕਰਨ ਅਧਿਕਾਰੀਆਂ ਵੱਲੋਂ ਖ਼ਰੀਦ ਸਬੰਧੀ ਆਪਣੇ ਵਾਅਦੇ ’ਤੇ ਪੂਰੇ ਨਾ ਉਤਰਨ ’ਤੇ ਬਜਾਜ ਚੌਕ ਵਿੱਚ ਪੂਰੀ ਖਰੀਦ ਹੋਣ ਤੱਕ ਪੱਕਾ ਧਰਨਾ ਲਾ ਦਿੱਤਾ ਗਿਆ। ਇਸ ਸਬੰਧੀ ਦੁਆਬਾ ਕਿਸਾਨ ਯੂਨੀਅਨ ਦੇ ਹਰਦਿਆਲ ਸਿੰਘ ਬੁੱਟਰ ਨੇ ਦੱਸਿਆ ਕਿ ਦੋ ਦਿਨ ਪਹਿਲਾਂ ਕਿਸਾਨਾਂ ਨੇ ਏਜੰਸੀਆਂ ਵੱਲੋਂ ਝੋਨੇ ਦੀ ਖ਼ਰੀਦ ਨਾ ਕੀਤੇ ਜਾਣ ਵਿਰੁੱਧ ਧਰਨਾ ਲਾਇਆ ਗਿਆ ਸੀ। ਤਹਿਸੀਲਦਾਰ ਗੁਰਪ੍ਰੀਤ ਸਿੰਘ ਗਿੱਲ ਵੱਲੋਂ ਝੋਨਾ ਖ਼ਰੀਦਣ ਦੇ ਵਿਸ਼ਵਾਸ ਮਗਰੋਂ ਧਰਨਾ ਚੁੱਕ ਦਿੱਤਾ ਗਿਆ ਸੀ ਪ੍ਰੰਤੂ ਦੋ ਦਿਨ ਬੀਤਣ ਤੋਂ ਬਾਅਦ ਵੀ ਖਰੀਦ ਨਹੀਂ ਹੋ ਰਹੀ ਸੀ। ਉਨ੍ਹਾਂ ਦੱਸਿਆ ਕਿ ਆੜ੍ਹਤੀਆਂ ਵੱਲੋਂ ਝੋਨੇ ਦੀ ਤੁਲਾਈ ਕਰ ਕੇ ਭਰਾਈ ਕਰਵਾ ਕੇ ਤੋਲ ਦੀਆਂ ਕੱਚੀਆਂ ਪਰਚੀਆਂ ਦਿੱਤੀਆਂ ਗਈਆਂ ਸਨ ਪ੍ਰੰਤੂ ਏਜੰਸੀਆਂ ਵੱਲੋਂ ਖ਼ਰੀਦ ਨਹੀਂ ਪਾਈ ਜਾ ਰਹੀ। ਉਨ੍ਹਾਂ ਕਿਹਾ ਕਿ ਕਿਸਾਨਾਂ ਨਾਲ ਹੋ ਰਹੇ ਅਨਿਆਂ ਵਿਰੁੱਧ ਚੌਕ ਬਜਾਜ ਵਿੱਚ ਧਰਨਾ ਲਗਾ ਦਿੱਤਾ ਗਿਆ।
ਬਾਅਦ ਦੁਪਹਿਰ ਲੰਮੀਆਂ ਲਾਈਨਾਂ ਲੱਗਣ ’ਤੇ ਪ੍ਰਸ਼ਾਸਨ ਦੀ ਜਾਗ ਖੁੱਲ੍ਹੀ ਤੇ ਜ਼ਿਲ੍ਹਾ ਮੰਡੀ ਅਫ਼ਸਰ ਅਰਵਿੰਦਰ ਸਿੰਘ ਸ਼ਾਹੀ, ਸੈਕਟਰੀ ਮਾਰਕੀਟ ਕਮੇਟੀ ਸੁਖਦੀਪ ਸਿੰਘ, ਡੀਐੱਫਐੱਸਓ ਕੁਲਜੀਤ ਕੌਰ, ਪਨਸਪ, ਵੇਅਰਹਾਊਸਿੰਗ ਦੀ ਤਜਿੰਦਰ ਕੌਰ, ਤਹਿਸੀਲਦਾਰ ਗੁਰਪ੍ਰੀਤ ਸਿੰਘ ਗਿੱਲ ਪਹੁੰਚੇ। ਕਿਸਾਨ ਯੂਨੀਅਨ ਦੇ ਨੁਮਾਇੰਦਿਆਂ ਹਰਸਲਿੰਦਰ ਸਿੰਘ ਭੱਟੀ, ਬਲਵਿੰਦਰ ਸਿੰਘ ਮੱਲ੍ਹੀ ਨੰਗਲ ਤੇ ਹੋਰ ਨੇਤਾਵਾਂ ਵੱਲੋਂ ਅਧਿਕਾਰੀਆਂ ਨਾਲ ਗੱਲਬਾਤ ਕੀਤੀ ਗਈ। ਇਸ ਦੌਰਾਨ ਹਰਦਿਆਲ ਸਿੰਘ ਨੇ ਕਿਹਾ ਕਿ ਅਧਿਕਾਰੀ ਜਿੰਨਾ ਚਿਰ ਖ਼ਰੀਦ ਕਾਗਜ਼ਾਂ ਵਿੱਚ ਨਹੀਂ ਪਾਉਂਦੇ, ਉੱਨਾ ਚਿਰ ਪੱਕਾ ਧਰਨਾ ਲੱਗੇਗਾ। ਕਿਸਾਨਾਂ ਵੱਲੋਂ ਖ਼ਬਰ ਭੇਜਣ ਤੱਕ ਟੈਂਟ ਤੇ ਲੰਗਰ ਦਾ ਪ੍ਰਬੰਧ ਕੀਤਾ ਜਾ ਚੁੱਕਾ ਸੀ। ਅਧਿਕਾਰੀਆਂ ਵੱਲੋਂ ਧਰਨਾ ਚੁੱਕਣ ਦੀ ਅਪੀਲ ਕਰਨ ਦੇ ਜਵਾਬ ਵਿੱਚ ਕਿਸਾਨ ਖਰੀਦ ਹੋਣ ਤੋਂ ਬਾਅਦ ਹੀ ਧਰਨਾ ਚੁੱਕਣ ’ਤੇ ਅੜੇ ਹੋਏ ਸਨ।
ਕਿਸਾਨਾਂ ਨੇ ਖਰੀਦ ਹੋਣ ਤੋਂ ਬਿਨਾਂ ਧਰਨਾ ਚੁੱਕਣ ਤੋਂ ਕੀਤੀ ਨਾਂਹ
ਇੱਥੇ ਚੌਕ ਬਜਾਜ ਦੀ ਮੰਡੀ ਵਿੱਚ ਝੋਨੇ ਦੀ ਖਰੀਦ ਨੂੰ ਲੈ ਕੇ ਕਿਸਾਨਾਂ ਵੱਲੋਂ ਲਾਇਆ ਧਰਨਾ ਰਾਤ ਤੱਕ ਵੀ ਜਾਰੀ ਰਿਹਾ ਤੇ ਫ਼ੈਸਲਾ ਲਿਆ ਗਿਆ ਹੈ ਕਿ ਜਿੰਨਾ ਚਿਰ ਪ੍ਰਸ਼ਾਸਨ ਖ਼ਰੀਦ ਪਾ ਕੇ ਕਿਸਾਨਾਂ ਦੇ ਹੱਥਾਂ ਵਿੱਚ ਜੇ ਫ਼ਾਰਮ ਨਹੀਂ ਦਿੱਤੇ ਜਾਂਦੇ ਉੱਨਾ ਚਿਰ ਧਰਨਾ ਜਾਰੀ ਰਹੇਗਾ। ਇਸ ਮੌਕੇ ਕਿਸਾਨ ਰਮਨਦੀਪ ਸਿੰਘ ਨੇ ਦੱਸਿਆ ਕਿ ਆੜ੍ਹਤੀਆਂ ਵੱਲੋਂ ਉਸਦੇ ਛੇ ਹਜ਼ਾਰ ਕੱਟੇ ਦੀ ਤੁਲਾਈ ਪਿਛਲੇ ਦੋ ਹਫ਼ਤਿਆਂ ਤੋਂ ਤੁਲਾਈ ਕੀਤੀ ਗਈ ਹੈ ਪਰ ਖਰੀਦ ਨਹੀਂ ਪਾਈ ਜਾ ਰਹੀ। ਆੜ੍ਹਤੀਆਂ ਵਲੋਂ ਸ਼ੈਲਰ ਮਾਲਕਾਂ ਨਾਲ ਮਿਲਕੇ ਕਟੌਤੀ ਦੀ ਗੱਲ ਕੀਤੀ ਜਾ ਰਹੀ ਸੀ ਜਿਸ ਨਾਲ ਉਸਦਾ 9-10 ਲੱਖ ਰੁਪਏ ਦਾ ਸਿੱਧਾ ਨੁਕਸਾਨ ਹੋ ਰਿਹਾ ਹੈ। ਇਸ ਤਰ੍ਹਾਂ ਕਿਸਾਨ ਗੁਰਮੁਖ ਸਿੰਘ, ਕੁਲਦੀਪ ਸਿੰਘ, ਹਰਦੀਪ ਸਿੰਘ, ਸਾਬਕਾ ਸਰਪੰਚ ਸ਼ਮਸ਼ੇਰ ਸਿੰਘ, ਕੁਲਦੀਪ ਸਿੰਘ ਸਾਬੀ ਤੇ ਹੋਰ ਵੀ ਧਰਨੇ ਤੇ ਬੈਠੇ ਹੋਏ ਹਨ। ਭੁਲੱਥ ਸਬ ਡਿਵੀਜ਼ਨ ਦੇ ਐੱਸਡੀਐੱਮ ਡੇਵੀ ਗੋਇਲ ਨੇ ਇਸ ਸਬੰਧੀ ਗੱਲਬਾਤ ਕਰਦਿਆਂ ਕਿਹਾ ਭਲਕੇ ਖ਼ਰੀਦ ਏਜੰਸੀਆਂ ਦੇ ਅਧਿਕਾਰੀਆਂ, ਮਾਰਕਿਟ ਕਮੇਟੀ ਤੇ ਖੁਰਾਕ ਤੇ ਸਪਲਾਈ ਵਿਭਾਗ ਦੇ ਅਧਿਕਾਰੀਆਂ ਨੂੰ ਮੰਡੀ ਵਿੱਚ ਜਾ ਕੇ ਖ਼ਰੀਦ ਪਵਾਈ ਜਾਵੇਗੀ।