ਪਾਲ ਸਿੰਘ ਨੌਲੀ
ਜਲੰਧਰ, 5 ਜਨਵਰੀ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਰੈਲੀ ਵਿਚ ਜਾਣ ਵਾਲੇ ਭਾਜਪਾਈਆਂ ਨੂੰ ਕਿਸਾਨ ਜਥੇਬੰਦੀਆਂ ਨੇ ਵਰ੍ਹਦੇ ਮੀਂਹ ਵਿਚ ਰੋਕ ਕੇ ਵਾਪਸ ਘਰਾਂ ਨੂੰ ਭੇਜਿਆ। ਵਿਰੋਧ ਕਰ ਰਹੇ ਕਿਸਾਨਾਂ ਦਾ ਕਹਿਣਾ ਸੀ ਕਿ ਕੇਂਦਰ ਸਰਕਾਰ ਵੱਲੋਂ ਅਜੇ ਤੱਕ ਐੱਮਐੱਸਪੀ ਬਾਰੇ ਕੋਈ ਗਰੰਟੀ ਕਾਨੂੰਨ ਨਹੀਂ ਬਣਾਇਆ ਗਿਆ ਹੈ ਅਤੇ ਨਾ ਹੀ ਸਮਝੌਤੇ ਤਹਿਤ ਇਸ ਦਾ ਫੈਸਲਾ ਕਰਨ ਲਈ ਕਮੇਟੀ ਬਣਾਈ ਗਈ ਹੈ। ਲਖੀਮਪੁਰ ਖੀਰੀ ਦੀ ਘਟਨਾ ’ਚ ਸ਼ਾਮਲ ਕੇਂਦਰੀ ਗ੍ਰਹਿ ਰਾਜ ਮੰਤਰੀ ਅਜੈ ਮਿਸ਼ਰਾ ਨੂੰ ਵੀ ਬਰਖਾਸਤ ਨਹੀਂ ਕੀਤਾ ਗਿਆ। ਕਿਸਾਨੀ ਅੰਦੋਲਨ ਵਿਚ ਸ਼ਹੀਦ ਹੋਏ ਪਰਿਵਾਰਾਂ ਨੂੰ ਨਾ ਤਾਂ ਪੰਜ-ਪੰਜ ਲੱਖ ਰੁਪਏ ਦੀ ਗ੍ਰਾਂਟ ਦਿੱਤੀ ਗਈ ਹੈ ਅਤੇ ਨਾ ਹੀ ਨੌਕਰੀ ਦਾ ਵਾਅਦਾ ਨਿਭਾਇਆ ਜਾ ਰਿਹਾ ਹੈ। ਇਹ ਮੰਗਾਂ ਨਾ ਮੰਨਣ ’ਤੇ ਕਿਸਾਨ ਜਥੇਬੰਦੀਆਂ ਨੇ ਆਪਣੇ ਪਹਿਲਾਂ ਤੋਂ ਕੀਤੇ ਐਲਾਨ ਅਨੁਸਾਰ ਪ੍ਰਧਾਨ ਮੰਤਰੀ ਦੀ ਰੈਲੀ ਦਾ ਵਿਰੋਧ ਕੀਤਾ। ਆਗੂਆਂ ਨੇ ਸਰਕਾਰ ਨੂੰ ਚਿਤਾਵਨੀ ਦਿੱਤੀ ਕਿ ਜੇਕਰ ਉਨ੍ਹਾਂ ਦੀਆਂ ਮੰਗਾਂ ਨਹੀਂ ਮੰਨੀਆਂ ਜਾਂਦੀਆਂ ਤਾਂ 8 ਜਨਵਰੀ ਨੂੰ ਮੰਤਰੀਆਂ ਦੀਆ ਕੋਠੀਆਂ ਦਾ ਘਿਰਾਓ ਕੀਤਾ ਜਾਵੇਗਾ। ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਵੱਲੋਂ ਜ਼ਿਲ੍ਹਾ ਪ੍ਰਧਾਨ ਸਲਵਿੰਦਰ ਸਿੰਘ ਜਾਣੀਆਂ ਅਤੇ ਜ਼ਿਲ੍ਹਾ ਸਕੱਤਰ ਗੁਰਮੇਲ ਸਿੰਘ ਰੇੜਵਾਂ ਦੀ ਅਗਵਾਈ ਵਿੱਚ ਸਤਲੁਜ ਦਰਿਆ ਦੇ ਪੁਲ ’ਤੇ ਰੋਸ ਪ੍ਰਦਰਸ਼ਨ ਕੀਤਾ ਗਿਆ। ਇਸੇ ਦੌਰਾਨ ਪ੍ਰਧਾਨ ਮੰਤਰੀ ਮੋਦੀ ਦਾ ਪੁਤਲਾ ਫੂਕਿਆ ਗਿਆ ਅਤੇ ਰੈਲੀ ’ਤੇ ਜਾਣ ਵਾਲਿਆਂ ਨੂੰ ਕਾਲੀਆਂ ਝੰਡੀਆਂ ਦਿਖਾਈਆਂ ਗਈਆਂ ਤੇ ਵਾਪਸ ਘਰਾਂ ਨੂੰ ਭੇਜਿਆ ਗਿਆ।
ਸ੍ਰੀ ਗੋਇੰਦਵਾਲ ਸਾਹਿਬ (ਜਤਿੰਦਰ ਸਿੰਘ ਬਾਵਾ): ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਫਿਰੋਜ਼ਪੁਰ ਰੈਲੀ ਦਾ ਵਿਰੋਧ ਕਰਨ ਲਈ ਰਵਾਨਾ ਹੋਏ ਕਿਸਾਨਾਂ ਦੇ ਜਥਿਆਂ ਨੂੰ ਪੁਲੀਸ ਨੇ ਇੱਥੇ ਕਪਰੂਥਲਾ ਚੌਕ ਵਿਖੇ ਰੋਕ ਲਿਆ। ਇਸ ਦੌਰਾਨ ਕਿਸਾਨਾਂ ਅਤੇ ਪੁਲੀਸ ਵਿਚਾਲੇ ਤਲਖੀ ਭਰਿਆ ਮਾਹੌਲ ਵੀ ਬਣਿਆ। ਕਿਸਾਨ ਆਗੂ ਬਿਆਸ ਪੁਲ ਨੂੰ ਬੰਦ ਕਰਨ ਦੀ ਮੰਗ ਕਰ ਰਹੇ ਸਨ।
ਇਸ ਦੌਰਾਨ ਪੁਲੀਸ ਵੱਲੋਂ ਕਿਸਾਨਾਂ ਨੂੰ ਅੱਗੇ ਵਧਣ ਤੋਂ ਰੋਕਣ ਦੀ ਕੋਸ਼ਿਸ ਕੀਤੀ ਗਈ। ਉਪਰੰਤ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੇ ਆਗੂਆਂ ਵੱਲੋਂ ਕਪਰੂਥਲਾ ਚੌਕ ਵਿੱਚ ਪ੍ਰਧਾਨ ਮੰਤਰੀ ਦਾ ਪੁਤਲਾ ਵੀ ਫੂਕਿਆ ਗਿਆ।
ਕਿਸਾਨ ਮਜ਼ਦੂਰ ਅਤੇ ਭਾਜਪਾਈ ਦੋ ਵਾਰ ਹੋਏ ਆਹਮੋ-ਸਾਹਮਣੇ
ਸਾਹਕੋਟ (ਗੁਰਮੀਤ ਸਿੰਘ ਖੋਸਲਾ): ਇੱਥੇ ਅੱਜ ਵਰ੍ਹਦੇ ਮੀਂਹ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਫਿਰੋਜ਼ਪੁਰ ਰੈਲੀ ਵਿਚ ਜਾਣ ਵਾਲੇ ਭਾਰਤੀ ਜਨਤਾ ਪਾਰਟੀ ਅਤੇ ਵਿਰੋਧ ਕਰ ਰਹੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਕਾਰਕੁਨਾਂ ਦਰਮਿਆਨ ਦੋ ਵਾਰ ਟਕਰਾਅ ਦੀ ਸਥਿਤੀ ਪੈਦਾ ਹੋਈ ਪਰ ਪੁਲੀਸ ਦੀ ਮੁਸਤੈਦੀ ਕਾਰਨ ਕਿਸੇ ਅਣਸੁਖਾਵੀਂ ਘਟਨਾ ਤੋਂ ਬਚਾਅ ਰਿਹਾ। ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਜ਼ਿਲ੍ਹਾ ਜਲੰਧਰ ਦੇ ਪ੍ਰਧਾਨ ਸਲਵਿੰਦਰ ਸਿੰਘ ਜਾਣੀਆਂ, ਸਕੱਤਰ ਗੁਰਮੇਲ ਸਿੰਘ ਰੇੜ੍ਹਵਾਂ ਅਤੇ ਪ੍ਰੈਸ ਸਕੱਤਰ ਹਰਪ੍ਰੀਤ ਸਿੰਘ ਕੋਟਲੀ ਦੀ ਅਗਵਾਈ ਵਿਚ ਇਕੱਠੇ ਹੋਏ ਕਿਸਾਨਾਂ ਨੇ ਇੱਥੋਂ ਦੇ ਰਾਮਗੜ੍ਹੀਆ ਚੌਕ ਵਿਚ ਫਿਰੋਜ਼ਪੁਰ ਨੂੰ ਜਾਣ ਵਾਲੇ ਭਾਜਪਾ ਦੇ ਕਾਫਲੇ ਦਾ ਵਿਰੋਧ ਕੀਤਾ। ਐੱਸਐੱਚਓ ਸ਼ਾਹਕੋਟ ਸੁਰਿੰਦਰ ਕੁਮਾਰ ਨੇ ਪੁਲੀਸ ਫੋਰਸ ਨਾਲ ਮੌਕੇ ’ਤੇ ਪਹੁੰਚ ਕੇ ਦੋਵੇਂ ਧਿਰਾਂ ਨਾਲ ਗੱਲ ਕਰ ਕੇ ਮਸਲਾ ਸੁਲਝਾ ਲਿਆ। ਉਪਰੰਤ ਕਿਸਾਨਾਂ ਨੇ ਸ਼ਾਹਕੋਟ ਤੋਂ ਲੈ ਕੇ ਦਰਿਆ ਸਤਲੁਜ ਤੱਕ ਮੁਜ਼ਾਹਰਾ ਕਰਦਿਆਂ ਪੁਲ ਨੇੜੇ ਟੌਲ ਪਲਾਜਾ ’ਤੇ ਟਰੈਫਿਕ ਜਾਮ ਕਰ ਦਿੱਤਾ। ਜਾਮ ਵਿਚ ਫਸੇ ਭਾਜਪਾਈਆਂ ਦੀ ਮੁੜ ਕਿਸਾਨਾਂ ਨਾਲ ਤਿੱਖੀ ਬਹਿਸ ਅਤੇ ਤਕਰਾਰ ਹੋਈ ਪਰ ਡੀਐੱਸਪੀ ਤੇ ਐੱਸਐੱਚਓ ਦੀ ਮੁਸਤੈਦੀ ਕਾਰਨ ਵੱਡੀ ਘਟਨਾ ਵਾਪਰਨ ਤੋਂ ਬਚਾਅ ਹੋ ਗਿਆ। ਇੱਥੇ ਹੀ ਕਿਸਾਨਾਂ ਨੇ ਮੋਦੀ ਦਾ ਪੁਤਲਾ ਫੂਕਿਆ ਅਤੇ ਰੈਲੀ ਵਿਚ ਜਾ ਰਹੇ ਭਾਜਪਾਈਆਂ ਨੂੰ ਕਾਲੀਆਂ ਝੰਡੀਆਂ ਵੀ ਦਿਖਾਈਆਂ।