ਪਾਲ ਸਿੰਘ ਨੌਲੀ
ਜਲੰਧਰ, 25 ਜੂਨ
ਝੋਨੇ ਦੇ ਸੀਜ਼ਨ ਦੌਰਾਨ ਕਿਸਾਨਾਂ ਨੂੰ ਅੱਠ ਘੰਟੇ ਨਿਰਵਿਘਨ ਬਿਜਲੀ ਨਾ ਮਿਲਣ ਕਰਕੇ ਉਨ੍ਹਾਂ ਨੇ ਅਤਿ ਦੀ ਗਰਮੀ ਵਿਚ ਪਾਵਰਕੌਮ ਦੇ ਉੱਤਰੀ ਜ਼ੋਨ ਦੇ ਦਫਤਰ ਸ਼ਕਤੀ ਸਦਨ ਨੂੰ ਦੋ ਘੰਟਿਆਂ ਤੱਕ ਘੇਰੀ ਰੱਖਿਆ। ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਦੀ ਜਥੇਬੰਦੀ ਨੇ ਸ਼ਕਤੀ ਸਦਨ ਅੱਗੇ ਧਰਨਾ ਲਾ ਕੇ ਪੰਜਾਬ ਸਰਕਾਰ ਤੇ ਪਾਵਰਕੌਮ ਵਿਰੁੱਧ ਨਾਅਰੇਬਾਜ਼ੀ ਕੀਤੀ।
ਧਰਨੇ ਨੂੰ ਦੇਖਦਿਆਂ ਪੁਲੀਸ ਨੇ ਪਾਵਰਕੌਮ ਦੇ ਚੀਫ ਇੰਜੀਨੀਅਰ ਦੇ ਦਫਤਰ ਦੇ ਗੇਟ ਨੂੰ ਬੰਦ ਕਰ ਦਿੱਤਾ ਤੇ ਬਾਹਰ ਮਨੁੱਖੀ ਕੜੀ ਬਣਾ ਕੇ ਉਦੋਂ ਤੱਕ ਖੜ੍ਹੇ ਰਹੇ ਜਿੰਨੀ ਦੇਰ ਕਿਸਾਨਾਂ ਦਾ ਧਰਨਾ ਚੱਲਦਾ ਰਿਹਾ। ਇਸ ਧਰਨੇ ਨੂੰ ਸੰਬੋਧਨ ਕਰਨ ਵਾਲੇ ਬੁਲਾਰਿਆਂ ਨੇ ਚਿਤਾਵਨੀ ਦਿੱਤੀ ਕਿ ਜੇ ਝੋਨੇ ਦੇ ਸੀਜ਼ਨ ਦੌਰਾਨ ਅੱਠ ਘੰਟੇ ਬਿਜਲੀ ਨਾ ਦਿੱਤੀ ਗਈ ਤਾਂ ਉਹ ਆਉਣ ਵਾਲੇ ਦਿਨਾਂ ਵਿੱਚ ਨੈਸ਼ਨਲ ਹਾਈਵੇਅ ਜਾਮ ਕਰਨਗੇ। ਕਈ ਬੁਲਾਰਿਆਂ ਨੇ ਤਾਂ ਇਥੋਂ ਤੱਕ ਕਹਿ ਦਿੱਤਾ ਕਿ ਕੁਝ ਮਹੀਨਿਆਂ ਬਾਅਦ ਵਿਧਾਨ ਸਭਾ ਦੀਆਂ ਚੋਣਾਂ ਆਉਣ ਵਾਲੀਆਂ ਹਨ ਤੇ ਕਾਂਗਰਸੀ ਆਗੂਆਂ ਨੂੰ ਪਿੰਡਾਂ ਵਿਚ ਵੜਨ ਨਾ ਦਿੱਤਾ ਜਾਵੇ। ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਦੇ ਮੁੱਖ ਬੁਲਾਰੇ ਕਸ਼ਮੀਰ ਸਿੰਘ ਜੰਡਿਆਲਾ ਨੇ ਦੋਸ਼ ਲਾਇਆ ਕਿ ਕੈਪਟਨ ਸਰਕਾਰ ਅੱਠ ਘੰਟੇ ਨਿਰਵਿਘਨ ਬਿਜਲੀ ਦੇਣ ਦੀ ਡੌਂਡੀ ਪਿੱਟ ਰਹੀ ਹੈ ਪਰ ਪਾਵਰਕੌਮ ਵੱਲੋਂ ਰੋਜ਼ਾਨਾ ਦੋ ਤੋਂ ਚਾਰ ਘੰਟੇ ਤੱਕ ਲੰਬੇ ਕੱਟ ਲਾਏ ਜਾ ਰਹੇ ਹਨ। ਜਥੇਬੰਦੀ ਦੇ ਯੂਥ ਵਿੰਗ ਦੇ ਪ੍ਰਧਾਨ ਅਮਰਜੋਤ ਸਿੰਘ ਨੇ ਦੱਸਿਆ ਕਿ ਕੱਟ ਲੱਗਣ ਤੋਂ ਬਾਅਦ ਝੋਨੇ ਨੂੰ ਜਨਰੇਟਰ ਚਲਾ ਕੇ ਪਾਣੀ ਲਾਉਣਾ ਪੈਂਦਾ ਹੈ, ਜਿਸ ਕਰਕੇ ਇਕ ਘੰਟੇ ਵਿਚ 500 ਦਾ ਡੀਜ਼ਲ ਲੱਗ ਜਾਂਦਾ ਹੈ।ਕਿਸਾਨਾਂ ਨੇ ਚੀਫ ਇੰਜੀਨੀਅਰ ਨੂੰ ਦਿੱਤੇ ਮੰਗ ਪੱਤਰ ਵਿਚ ਕਿਹਾ ਕਿ ਲੰਬੇ ਲਾਏ ਜਾ ਰਹੇ ਕੱਟ ਬੰਦ ਕੀਤੇ ਜਾਣ।ਇਸ ਮੌਕੇ ਚੀਫ ਇੰਜੀਨੀਅਰ ਨੇ ਕਿਸਾਨਾਂ ਨੂੰ ਭਰੋਸਾ ਦਿੱਤਾ ਕਿ ਸਮੱਸਿਆ ਦਾ ਜਲਦੀ ਹੱਲ ਕਰ ਦਿੱਤਾ ਜਾਵੇਗਾ। ਇਸ ਮੌਕੇ ਬਲਬੀਰ ਸਿੰਘ, ਪਾਲਾ ਸਿੰਘ ਸਿੰਘਪੁਰ ਦੋਨਾ, ਮੋਹਣ ਸਿੰਘ ਜਮਸ਼ੇਰ, ਜਰਨੈਲ ਸਿੰਘ, ਮਨਜਿੰਦਰ ਸਿੰਘ ਜੌਹਲ, ਬਲਰਾਜ ਸਿੰਘ, ਸੁਖਬੀਰ ਸਿੰਘ, ਸ਼ਰਨਜੀਤ ਸਿੰਘ, ਸੁਖਵਿੰਦਰ ਸਿੰਘ, ਅਮਰੀਕ ਸਿੰਘ ਤੇ ਰਣਜੀਤ ਸਿੰਘ ਸਮੇਤ ਵੱਡੀ ਗਿਣਤੀ ਵਿਚ ਕਿਸਾਨ ਹਾਜ਼ਰ ਸਨ।