ਪਾਲ ਸਿੰਘ ਨੌਲੀ
ਜਲੰਧਰ, 25 ਜੁਲਾਈ
ਅੱਜ ਸੰਗੋਵਾਲ ਮੰਡ ਨਾਲ ਸਬੰਧਤ ਕਿਸਾਨਾਂ ਦਾ ਗੁੱਸਾ ਫੁੱਟ ਕੇ ਸੜਕਾਂ ’ਤੇ ਉੱਤਰ ਆਇਆ ਜਦੋਂ ਹਰ ਰੋਜ਼ ਖੇਤਾਂ ਵਿੱਚ ਕੰਮ ਧੰਦਿਆਂ ਲਈ ਜਾਣ ਵਾਲੇ ਕਿਸਾਨਾਂ ਨੂੰ ਕਰੋਨਾ ਦੇ ਨਾਂ ਹੇਠ ਪੁਲੀਸ ਵੱਲੋਂ ਤੰਗ ਪ੍ਰੇਸ਼ਾਨ ਕੀਤਾ ਜਾ ਰਿਹਾ ਸੀ। ਅੱਜ ਵੱਡੀ ਗਿਣਤੀ ਵਿੱਚ ਟੌਲ ਪਲਾਜ਼ਾ ਸੰਗੋਵਾਲ ਉੱਪਰ ਕਿਸਾਨਾਂ ਨੇ ਨਾਅਰੇਬਾਜ਼ੀ ਕਰਦਿਆਂ ਮੰਗ ਕੀਤੀ ਕਿ ਮਹਿਤਪੁਰ ਥਾਣੇ ਦੀ ਪੁਲੀਸ ਵੱਲੋਂ ਆਏ ਦਿਨ ਖੇਤਾਂ ਵਿਚ ਜਾਣ ਵਾਲੇ ਕਿਸਾਨਾਂ ਦੇ ਚਲਾਨ ਕੀਤੇ ਜਾ ਰਹੇ ਹਨ। ਪੁਲੀਸ ਵੱਲੋਂ ਕਈ ਵਾਰ ਕੁੱਟ-ਮਾਰ ਵੀ ਕੀਤੀ ਜਾਂਦੀ ਹੈ। ਐੱਸਐੱਚਓ ਲਖਵੀਰ ਸਿੰਘ ਵੱਲੋਂ ਇਨਸਾਫ਼ ਦਾ ਭਰੋਸਾ ਦੁਆਉਣ ’ਤੇ ਇਕ ਵਫ਼ਦ ਕਿਰਤੀ ਕਿਸਾਨ ਯੂਨੀਅਨ ਦੇ ਪ੍ਰਧਾਨ ਸੰਤੋਖ ਸਿੰਘ ਸੰਧੂ ਦੀ ਅਗਵਾਈ ਹੇਠ ਐੱਸਐੱਚਓ ਨੂੰ ਮਿਲਿਆ। ਵਫਦ ਵਿਚ ਯੂਨੀਅਨ ਦੇ ਆਗੂ ਰਜਿੰਦਰ ਸਿੰਘ, ਸਰਪੰਚ ਹਰਮੇਸ਼ ਸਿੰਘ ਬੀਹਲਾ, ਸਰਪੰਚ ਮਹਿੰਦਰ ਸਿੰਘ, ਸਰਪੰਚ ਕੁਲਵੰਤ ਸਿੰਘ, ਸਾਬਕਾ ਸਰਪੰਚ ਲਛਮਣ ਸਿੰਘ, ਸਾਬਕਾ ਸਰਪੰਚ ਬਲਵੀਰ ਸਿੰਘ, ਸਾਬਕਾ ਸਰਪੰਚ ਦਲਵੀਰ ਸਿੰਘ, ਗੁਰਮੀਤ ਸਿੰਘ ਪੰਚ, ਮਲਕੀਤ ਸਿੰਘ ਪੰਚ, ਕਿਸਾਨ ਆਗੂ ਮੱਖਣ ਸਿੰਘ, ਰਤਨ ਸਿੰਘ, ਬਖਸ਼ੀਸ਼, ਸੁਖਵਿੰਦਰ ਕੌਰ ਤੇ ਸੁਰਿੰਦਰ ਕੌਰ ਆਦਿ ਹਾਜ਼ਰ ਸਨ।