ਲਾਜਵੰਤ ਸਿੰਘ
ਨਵਾਂਸ਼ਹਿਰ, 4 ਜਨਵਰੀ
ਖੇਤੀ ਕਾਨੂੰਨਾਂ ਅਤੇ ਬਿਜਲੀ ਬਿੱਲ 2020 ਨੂੰ ਰੱਦ ਕਰਵਾਉਣ ਲਈ ਕਿਰਤੀ ਕਿਸਾਨ ਯੂਨੀਅਨ ਦਾ ਨਵਾਂਸ਼ਹਿਰ ਵਿਚ ਰਿਲਾਇੰਸ ਕੰਪਨੀ ਦੇ ਸਟੋਰ ਅੱਗੇ ਚੱਲ ਰਿਹਾ ਦਿਨ ਰਾਤ ਦਾ ਧਰਨਾ 101ਵੇਂ ਦਿਨ ਵਿਚ ਪ੍ਰਵੇਸ਼ ਕਰ ਚੁੱਕਾ ਹੈ, ਧਰਨਾਕਾਰੀਆਂ ਦਾ ਜਜ਼ਬਾ ਅਤੇ ਰੋਹ ਪੂਰੀ ਤਰ੍ਹਾਂ ਬਰਕਰਾਰ ਹੈ। ਠੰਢ ਵੀ ਧਰਨਾਕਾਰੀਆਂ ਦੇ ਹੌਸਲੇ ਠੰਢੇ ਨਹੀਂ ਪਾ ਸਕੀ।
ਪ੍ਰਾਪਤ ਜਾਣਕਾਰੀ ਅਨੁਸਾਰ ਇਸ ਧਰਨੇ ਤੋਂ ਪਹਿਲਾਂ ਅੰਬਾਨੀ ਦੇ ਇਸ ਸੁਪਰ ਸਟੋਰ ਦੀ ਰੋਜ਼ਾਨਾ ਦੀ ਵਿਕਰੀ 24 ਲੱਖ ਰੁਪਏ ਸੀ, ਜੋ ਹੁਣ ਬੰਦ ਹੈ। ਇਸ ਧਰਨੇ ਵਿਚ ਕਿਰਤੀ ਕਿਸਾਨ ਯੂਨੀਅਨ ਦੇ ਵਰਕਰਾਂ ਤੋਂ ਇਲਾਵਾ ਧਾਰਮਿਕ ਅਤੇ ਸਮਾਜਿਕ ਜਥੇਬੰਦੀਆਂ ਦੇ ਲੋਕ, ਲੇਖਕ, ਨੌਜਵਾਨ, ਵਿਦਿਆਰਥੀ, ਮੁਲਾਜ਼ਮ, ਸੇਵਾਮੁਕਤ ਮੁਲਾਜ਼ਮ, ਡਾਕਟਰ, ਪਰਵਾਸੀ ਭਾਰਤੀ, ਮਜ਼ਦੂਰ ਜਥੇਬੰਦੀਆਂ, ਭੱਠਾ ਮਜ਼ਦੂਰ, ਪਰਵਾਸੀ ਮਜਦੂਰ, ਰੇਹੜੀ ਵਰਕਰ ਆਦਿ ਵੀ ਹਿੱਸਾ ਪਾ ਰਹੇ ਹਨ। ਗੁਰਦੁਆਰਾ ਟਾਹਲੀ ਸਾਹਿਬ, ਗੁਰਦੁਆਰਾ ਮੰਜੀ ਸਾਹਿਬ, ਗੁਰਦੁਆਰਾ ਸਿੰਘ ਸਭਾ ਨਵਾਂਸ਼ਹਿਰ, ਗੁਰਦੁਆਰਾ ਸਾਹਿਬ ਬਰਨਾਲਾ ਕਲਾਂ ਅਤੇ ਹੋਰ ਧਾਰਮਿਕ ਸਥਾਨ ਲੰਗਰ ਦੀ ਸੇਵਾ ਜਾਰੀ ਹੈ। ਇਸਤਰੀ ਜਾਗ੍ਰਿਤੀ ਮੰਚ ਦੀ ਅਗਵਾਈ ਤਹਿਤ ਸ਼ਹਿਰ ਵਿਚ ਔਰਤਾਂ ਨੇ ਮੁਜ਼ਾਹਰਾ ਵੀ ਕੱਢਿਆ। ਡਾ. ਸਾਹਿਬ ਸਿੰਘ ਵਲੋਂ ਨਾਟਕ ਦੀ ਪੇਸ਼ਕਾਰੀ ਵੀ ਕੀਤੀ ਗਈ। ਗੁਰਦੀਪ ਸਿੰਘ ਉੜਾਪੜ ਦੇ ਢਾਡੀ ਜਥੇ ਨੇ ਵਾਰਾਂ ਗਾਈਆਂ। ਮੋਮਬੱਤੀ ਮਾਰਚ ਕਰ ਕੇ ਸ਼ਹੀਦ ਕਿਸਾਨਾਂ ਨੂੰ ਸ਼ਰਧਾਂਜਲੀਆਂ ਭੇਟ ਕੀਤੀਆਂ ਗਈਆਂ।
ਕਿਰਤੀ ਕਿਸਾਨ ਯੂਨੀਅਨ ਨੇ ਮੁੱਖ ਮੰਤਰੀ ਦਾ ਪੁਤਲਾ ਫੂਕਿਆ
ਨਵਾਂਸ਼ਹਿਰ: ਸੰਗਰੂਰ ਪੁਲੀਸ ਵੱਲੋਂ ਕੱਲ੍ਹ ਕਿਸਾਨਾਂ ਉੱਤੇ ਕੀਤੇ ਲਾਠੀਚਾਰਜ ਦੇ ਵਿਰੋਧ ਵਿਚ ਕਿਰਤੀ ਕਿਸਾਨ ਯੂਨੀਅਨ ਵੱਲੋਂ ਨਵਾਂਸ਼ਹਿਰ ਵਿਚ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਦਾ ਪੁਤਲਾ ਫੂਕਿਆ ਗਿਆ।
ਕਿਰਤੀ ਕਿਸਾਨ ਯੂਨੀਅਨ ਦੇ ਸੂਬਾ ਕਮੇਟੀ ਮੈਂਬਰ ਮਾਸਟਰ ਭੁਪਿੰਦਰ ਸਿੰਘ ਵੜੈਚ, ਗੁਰਬਖਸ਼ ਕੌਰ ਸੰਘਾ, ਪਰਮਜੀਤ ਸ਼ਹਾਬਪੁਰ, ਪਾਖਰ ਸਿੰਘ ਅਸਮਾਨ ਪੁਰ ਨੇ ਆਖਿਆ ਕਿ ਘਿਰਾਓ ਕਰਨਾ ਜਥੇਬੰਦੀਆਂ ਦਾ ਸੰਵਿਧਾਨਕ ਹੱਕ ਹੈ। ਕਿਸਾਨ ਸੰਗਰੂਰ ਪਹੁੰਚੇ ਭਾਜਪਾ ਦੇ ਸੂਬਾ ਪ੍ਰਧਾਨ ਅਸ਼ਵਨੀ ਕੁਮਾਰ ਸ਼ਰਮਾ ਦਾ ਘਿਰਾਓ ਕਰ ਰਹੇ ਸਨ ਪਰ ਪੁਲੀਸ ਨੇ ਕਿਸਾਨਾਂ ’ਤੇ ਲਾਠੀਚਾਰਜ ਕਰ ਦਿੱਤਾ। ਉਨ੍ਹਾਂ ਕਿਹਾ ਕਿ ਇਸ ਲਾਠੀਚਾਰਜ ਨੇ ਸਾਬਤ ਕਰ ਦਿੱਤਾ ਹੈ ਕਿ ਕੈਪਟਨ ਸਰਕਾਰ ਵੀ ਕੇਂਦਰ ਦੀ ਮੋਦੀ ਸਰਕਾਰ ਤੇ ਹਰਿਆਣਾ ਦੀ ਖੱਟਰ ਸਰਕਾਰ ਦੇ ਰਾਹ ਉੱਤੇ ਤੁਰ ਪਈ ਹੈ। ਉਨ੍ਹਾਂ ਕਿਹਾ ਕਿ ਕਿਸਾਨਾਂ ਨੂੰ ਜਬਰ ਦੇ ਸਹਾਰੇ ਦਬਾਇਆ ਨਹੀਂ ਜਾ ਸਕਦਾ। ਉਨ੍ਹਾਂ ਕਿਹਾ ਕਿ ਹੁਸ਼ਿਆਰਪੁਰ ਵਿਚ ਭਾਜਪਾ ਆਗੂ ਤੀਕਸ਼ਣ ਸੂਦ ਦੇ ਘਰ ਗਏ ਕਿਸਾਨਾਂ ਉੱਤੇ ਪੁਲੀਸ ਵਲੋਂ ਧਾਰਾ 307 ਤਹਿਤ ਕੇਸ ਦਰਜ ਕਰਨਾ ਵੀ ਪੰਜਾਬ ਸਰਕਾਰ ਦੀ ਸੋਚ ਨੂੰ ਸਪੱਸ਼ਟ ਕਰਦਾ ਹੈ।
ਤਲਵਾੜਾ (ਦੀਪਕ ਠਾਕੁਰ): ਕੁੱਲ ਹਿੰਦ ਕਿਸਾਨ ਸਭਾ ਵੱਲੋਂ ਪਿੰਡ ਪੱਲੀ ਵਿਚ ਕੇਂਦਰ ਸਰਕਾਰ ਦਾ ਪੁਤਲਾ ਫੂਕ ਰੋਸ ਪ੍ਰਦਰਸ਼ਨ ਕੀਤਾ ਗਿਆ। ਇਸ ਮੌਕੇ ਮਦਨ ਲਾਲ, ਮਲਕੀਤ ਸਿੰਘ, ਆਸ਼ਾਨੰਦ, ਸੁਰਜੀਤ ਸਿੰਘ ਬਾੜੀ, ਬਲਵੀਰ ਸਿੰਘ ਤੇ ਗੁਰਮੇਲ ਸਿੰਘ ਨੇ ਮੋਦੀ ਸਰਕਾਰ ਨੂੰ ਮਾਰੂ ਕਾਨੂੰਨ ਰੱਦ ਕਰਨ ਦੀ ਮੰਗ ਕੀਤੀ।
ਗੁਰਦਾਸਪੁਰ (ਜਤਿੰਦਰ ਬੈਂਸ): ਖੇਤੀ ਕਾਨੂੰਨਾਂ ਨੂੰ ਲੈ ਕੇ ਸਥਾਨਕ ਰੇਲਵੇ ਸਟੇਸ਼ਨ ’ਤੇ ਪਹਿਲੀ ਅਕਤੂਬਰ ਤੋਂ ਚੱਲ ਰਿਹਾ ਰੋਸ ਧਰਨਾ ਅੱਜ 96ਵੇਂ ਦਿਨ ਵਿਚ ਪੁੱਜ ਗਿਆ ਹੈ। ਕਿਸਾਨਾਂ ਦੇ ਜੋਸ਼ ਵਿੱਚ ਕੋਈ ਕਮੀ ਨਹੀਂ ਆਈ ਹੈ ਅਤੇ ਕਿਸਾਨ ਰਾਤ ਦਿਨ ਧਰਨੇ ਉੱਤੇ ਡਟੇ ਹੋਏ ਹਨ। ਧਰਨੇ ’ਚ ਸ਼ੁਰੂ ਕੀਤੀ ਲੜੀਵਾਰ ਭੁੱਖ ਹੜਤਾਲ ਨੂੰ ਵੀ ਅੱਜ 13ਵਾਂ ਦਿਨ ਹੈ। ਧਰਨੇ ਦੌਰਾਨ ਮੋਗਾ ਵਿਚ ਕਿਸਾਨਾਂ ਉੱਤੇ ਲਾਠੀਚਾਰਜ ਦੀ ਨਿਖੇਧੀ ਕੀਤੀ ਗਈ। ਉਨ੍ਹਾਂ ਕਿਹਾ ਕਿ ਜਦੋਂ ਤੱਕ ਖੇਤੀ ਕਾਨੂੰਨ ਰੱਦ ਨਹੀਂ ਹੋ ਜਾਂਦੇ ਕਿਸਾਨ ਸੰਘਰਸ਼ ਤੋਂ ਪਿੱਛੇ ਹਟਣ ਵਾਲੇ ਨਹੀਂ ਹਨ ਅਤੇ ਹਰ ਕੁਰਬਾਨੀ ਦੇਣ ਲਈ ਤਿਆਰ ਹਨ।
ਭਿੱਖੀਵਿੰਡ (ਨਰਿੰਦਰ ਸਿੰਘ): ਦਿੱਲੀ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ’ਤੇ ਨੌਸ਼ਹਿਰਾ ਪੰਨੂੰਆਂ ਵਿੱਚ 5-5 ਕਿਸਾਨ ਭੁੱਖ ਹੜਤਾਲ ’ਤੇ ਬੈਠ ਰਹੇ ਹਨ। ਕਿਸਾਨ ਆਗੂ ਇਕਬਾਲ ਸਿੰਘ ਮੈਣੀ ਨੇ ਦੱਸਿਆ ਕਿ ਜੋ ਕਿਸਾਨ ਦਿੱਲੀ ਸੰਘਰਸ਼ ਵਿਚ ਨਹੀਂ ਜਾ ਸਕਦੇ, ਉਹ ਇੱਥੇ ਸੰਘਰਸ਼ ਵਿਚ ਸ਼ਾਮਲ ਹੋ ਰਹੇ ਹਨ। ਉਨ੍ਹਾਂ ਕਿਹਾ ਕਿ ਜਦੋਂ ਤੱਕ ਸਰਕਾਰ ਇਹ ਕਾਨੂੰਨ ਵਾਪਸ ਨਹੀਂ ਲੈਂਦੀ ਸੰਘਰਸ਼ ਇਸੇ ਤਰ੍ਹਾਂ ਜਾਰੀ ਰਹੇਗਾ। ਉਨ੍ਹਾਂ ਬਾਕੀ ਪਾਰਟੀਆਂ ਨੂੰ ਚਿਤਾਵਨੀ ਦਿੱਤੀ ਕਿ ਉਹ ਖੇਤੀ ਕਾਨੂੰਨ ਵਾਪਿਸ ਲੈਣ ਲਈ ਕੇਂਦਰ ਸਰਕਾਰ ‘ਤੇ ਦਬਾਅ ਬਣਾਉਣ ਨਹੀਂ ਤਾਂ ਲੋਕ ਉਨ੍ਹਾਂ ਨੂੰ ਪਿੰਡਾਂ ਵਿਚ ਨਹੀਂ ਵੜਨ ਦੇਣਗੇ।
ਮੀਟਿੰਗ ਬੇਸਿੱਟਾ ਰਹਿਣ ’ਤੇ ਖੇਤ ਮਜ਼ਦੂਰਾਂ ਨੇ ਫੂਕਿਆ ਮੋਦੀ ਦਾ ਪੁਤਲਾ
ਜਲੰਧਰ (ਪਾਲ ਸਿੰਘ ਨੌਲੀ): ਕਿਸਾਨ ਜਥੇਬੰਦੀਆਂ ਦੀ ਮੀਟਿੰਗ ਬੇਸਿੱਟਾ ਰਹਿਣ ਦਾ ਪਤਾ ਲੱਗਣ ’ਤੇ ਦੇਰ ਰਾਤ ਰੋਹ ਵਿੱਚ ਆਏ ਕਿਰਤੀਆਂ ਨੇ ਪਿੰਡਾਂ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਪੁਤਲਾ ਫੂਕਿਆ। ਪੰਜਾਬ ਖੇਤ ਮਜ਼ਦੂਰ ਯੂਨੀਅਨ ਦੀ ਅਗਵਾਈ ਪਿੰਡ ਮਾਲੜੀ ਵਿੱਚ ਮੋਦੀ ਦਾ ਪੁਤਲਾ ਫੂਕਣ ਵਾਲਿਆਂ ਵਿੱਚ ਪਿੰਡ ਦੀਆਂ ਔਰਤਾਂ ’ਤੇ ਬੱਚਿਆਂ ਨੇ ਵੀ ਹਿੱਸਾ ਲਿਆ ਤੇ ਕੇਂਦਰ ਸਰਕਾਰ ਵਿਰੁੱਧ ਨਾਅਰੇਬਾਜ਼ੀ ਕੀਤੀ। ਜਥੇਬੰਦੀ ਦੇ ਵਿੱਤ ਸਕੱਤਰ ਹਰਮੇਸ਼ ਮਾਲੜੀ ਨੇ ਕਿਹਾ ਕਿ 39 ਦਿਨਾਂ ਤੋਂ ਦਿੱਲੀ ਦੀਆਂ ਬਰੂਹਾਂ ’ਤੇ ਚੱਲ ਰਹੇ ਕਿਸਾਨੀ ਘੋਲ ਦੌਰਾਨ ਮੋਦੀ ਸਰਕਾਰ ਦੇ ਅੜੀਅਲ ਵਤੀਰੇ ਕਾਰਨ 70 ਕਿਸਾਨ ਸ਼ਹੀਦ ਹੋ ਚੁੱਕੇ ਹਨ। ਕਿਸਾਨਾਂ ਦੀਆਂ ਸ਼ਾਹਦਤਾਂ ਕੇਂਦਰ ਸਰਕਾਰ ਦੇ ਮੱਥੇ ’ਤੇ ਕਲੰਕ ਹਨ। ਉਨ੍ਹਾਂ ਐਲਾਨ ਕੀਤਾ ਕਿ 7 ਜਨਵਰੀ ਨੂੰ ਪੰਜਾਬ ਵਿੱਚੋਂ ਜਥੇਬੰਦੀ ਦੀ ਅਗਵਾਈ ’ਚ ਵੱਡੀ ਪੱਧਰ ’ਤੇ ਮਜ਼ਦੂਰ ਦਿੱਲੀ ਵੱਲ ਚਾਲੇ ਪਾਉਣਗੇ। ਸ੍ਰੀ ਮਾਲੜੀ ਨੇ ਕਿਹਾ ਕਿ ਖੇਤੀ ਕਾਨੂੰਨ ਬੇਜ਼ਮੀਨੇ ਦਲਿਤਾਂ ਲਈ ਵੀ ਓਨੇ ਹੀ ਘਾਤਕ ਹਨ ਜਿੰਨੇ ਕਿਸਾਨਾਂ ਲਈ। ਉਨ੍ਹਾਂ ਕਿਹਾ ਕਿ ਸਰਕਾਰੀ ਖ਼ਰੀਦ ਦਾ ਪ੍ਰਬੰਧ ਖ਼ਤਮ ਹੋਣ ਨਾਲ ਜਨਤਕ ਵੰਡ ਪ੍ਰਣਾਲੀ ਖ਼ਤਮ ਹੋ ਜਾਵੇਗੀ। ਰੋਜ਼ਾਨਾ ਵਰਤੋਂ ਦੀਆਂ ਚੀਜ਼ਾਂ ਦੀ ਮਹਿੰਗਾਈ ਵਧ ਜਾਵੇਗੀ।
ਕਿਸਾਨਾਂ ਖ਼ਿਲਾਫ਼ ਦਰਜ ਕੇਸ ਰੱਦ ਕਰਵਾਉਣ ਲਈ ਧਰਨਾ
ਹੁਸ਼ਿਆਰਪੁਰ (ਹਰਪ੍ਰੀਤ ਕੌਰ): ਕਿਸਾਨੀ ਅੰਦੋਲਨ ਬਾਰੇ ਭਾਜਪਾ ਦੇ ਸੀਨੀਅਰ ਆਗੂ ਤੀਕਸ਼ਨ ਸੂਦ ਦੇ ਪਿਕਨਕ ਮਨਾਉਣ ਵਾਲੇ ਬਿਆਨ ਪ੍ਰਤੀ ਰੋਸ ਪ੍ਰਗਟਾਉਣ ਗਏ ਕਿਸਾਨ ਹਿਤੈਸ਼ੀਆਂ ਖ਼ਿਲਾਫ਼ ਦਰਜ ਕੀਤੇ ਕੇਸ ਰੱਦ ਕਰਾਉਣ ਦੀ ਮੰਗ ਨੂੰ ਲੈ ਕੇ ਅੱਜ ਕਿਸਾਨ ਜਥੇਬੰਦੀਆਂ ਦੇ ਨੁਮਾਇੰਦਿਆਂ ਨੇ ਸੰਯੁਕਤ ਕਿਸਾਨ ਮੋਰਚੇ ਦੇ ਬੈਨਰ ਹੇਠ ਮਿਨੀ ਸਕੱਤਰੇਤ ਦੇ ਬਾਹਰ ਪੰਜ ਘੰਟੇ ਧਰਨਾ ਦਿੱਤਾ। ਕਿਸਾਨ ਆਗੂਆਂ ਨੇ ਪੁਲੀਸ ਕਾਰਵਾਈ ਦੀ ਨਿਖੇਧੀ ਕੀਤੀ ਅਤੇ ਚਿਤਾਵਨੀ ਦਿੱਤੀ ਕਿ ਜੇ ਦਰਜ ਕੇਸ ਵਾਪਸ ਨਾ ਲਿਆ ਗਿਆ ਤਾਂ ਤਿੱਖਾ ਸੰਘਰਸ਼ ਕੀਤਾ ਜਾਵੇਗਾ। ਬੁਲਾਰਿਆਂ ਨੇ ਭਾਜਪਾ ਆਗੂ ਦੇ ਉਸ ਬਿਆਨ ਦੀ ਵੀ ਨਿਖੇਧੀ ਕੀਤੀ ਜਿਸ ਵਿਚ ਉਨ੍ਹਾਂ ਕਿਹਾ ਸੀ ਕਿ ‘ਦਿੱਲੀ ’ਚ ਜ਼ਿਆਦਾਤਰ ਲੋਕ ਪਿਕਨਕ ਮਨਾਉਣ ਗਏ ਹੋਏ ਹਨ’। ਉਨ੍ਹਾਂ ਕਿਹਾ ਕਿ ਕਿਸਾਨ ਕੜਾਕੇ ਦੀ ਠੰਢ ’ਚ ਜਾਨ ਤਲੀ ’ਤੇ ਰੱਖ ਕੇ ਹੱਕਾਂ ਦੀ ਲੜਾਈ ਲੜ ਰਹੇ ਹਨ। ਇਸ ਦੌਰਾਨ ਕਈ ਕਿਸਾਨਾਂ ਦੀ ਮੌਤ ਵੀ ਹੋ ਗਈ ਹੈ ਪਰ ਭਾਜਪਾ ਆਗੂ ਉਨ੍ਹਾਂ ’ਤੇ ਤਨਜ ਕਸ ਰਹੇ ਹਨ। ਕਿਸਾਨਾਂ ਦੇ ਰੋਹ ਨੂੰ ਦੇਖਦਿਆਂ ਪੁਲੀਸ ਅਧਿਕਾਰੀਆਂ ਵਲੋਂ ਕਿਸਾਨ ਆਗੂਆਂ ਨੂੰ ਗੱਲਬਾਤ ਲਈ ਅੰਦਰ ਸੱਦਿਆ ਗਿਆ। ਕਿਸਾਨਾਂ ਦੇ ਵਫ਼ਦ ਦੀ ਐੱਸਐੱਸਪੀ ਨਵਜੋਤ ਸਿੰਘ ਮਾਹਲ ਨਾਲ ਗੱਲਬਾਤ ਹੋਈ। ਐੱਸਐੱਸਪੀ ਨੇ ਦੱਸਿਆ ਕਿ ਐਫਆਈਆਰ ’ਚੋਂ ਧਾਰਾ 307 ਪਹਿਲਾਂ ਹੀ ਹਟਾਈ ਜਾ ਚੁੱਕੀ ਹੈ। ਉਨ੍ਹਾਂ ਦੱਸਿਆ ਕਿ ਬਾਕੀ ਦੋਸ਼ਾਂ ਦੀ ਜਾਂਚ ਲਈ ਵਿਸ਼ੇਸ਼ ਜਾਂਚ ਟੀਮ ਬਣਾ ਦਿੱਤੀ ਗਈ ਹੈ ਜਿਸ ਦੀ ਰਿਪੋਰਟ ਤੋਂ ਬਾਅਦ ਬਣਦੀ ਕਾਰਵਾਈ ਕੀਤੀ ਜਾਵੇਗੀ। ਐੱਸਐੱਸਪੀ ਦੇ ਭਰੋਸੇ ਤੋਂ ਬਾਅਦ ਕਿਸਾਨਾਂ ਨੇ ਧਰਨਾ ਚੁੱਕ ਲਿਆ। ਪੁਲੀਸ ਨੇ ਸੂਦ ਦੀ ਕੋਠੀ ਨੂੰ ਜਾਂਦੇ ਰਸਤੇ ਸੀਲ ਕਰ ਕੇ ਭਾਰੀ ਸੰਖਿਆ ’ਚ ਸੁਰੱਖਿਆ ਕਰਮੀ ਤਾਇਨਾਤ ਕਰ ਦਿੱਤੇ ਸਨ।
ਆਰਐੱਮਪੀਆਈ ਵੱਲੋਂ ਕੇਂਦਰ ਸਰਕਾਰ ਦੀ ਨਿਖੇਧੀ
ਜਲੰਧਰ: ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ (ਆਰਐੱਮਪੀਆਈ) ਦੀ ਪੰਜਾਬ ਸੂਬਾ ਕਮੇਟੀ ਦੀ ਮੀਟਿੰਗ ਸਾਥੀ ਰਤਨ ਸਿੰਘ ਰੰਧਾਵਾ ਦੀ ਪ੍ਰਧਾਨਗੀ ਹੇਠ ਹੋਈ। ਪਾਰਟੀ ਦੇ ਜਨਰਲ ਸਕੱਤਰ ਮੰਗਤ ਰਾਮ ਪਾਸਲਾ ਮੀਟਿੰਗ ਵਿੱਚ ਉਚੇਚੇ ਸ਼ਾਮਲ ਹੋਏ। ਮੀਟਿੰਗ ਵਿੱਚ ਕਿਸਾਨ ਸੰਗਰਾਮ ਖਿਲਾਫ਼, ਮੋਦੀ ਸਰਕਾਰ ਦੀ ਪਹੁੰਚ ਨੂੰ ਬੇਪਰਦ ਕਰਨ ਅਤੇ ਘੋਲ ਦੇ ਹੱਕ ਵਿੱਚ ਵਿਆਪਕ ਲਾਮਬੰਦੀ ਕਰਨ ਹਿੱਤ ਜ਼ੋਰਦਾਰ ਮੁਹਿੰਮ ਚਲਾਉਣ ਦਾ ਫ਼ੈਸਲਾ ਕੀਤਾ ਗਿਆ। ਹਰਕੰਵਲ ਸਿੰਘ ਨੇ ਦੱਸਿਆ ਕਿ 10 ਜਨਵਰੀ ਨੂੰ ਦਿਹਾਤੀ ਮਜ਼ਦੂਰ ਸਭਾ ਤੇ ਜਮਹੂਰੀ ਕਿਸਾਨ ਸਭਾ ਦੇ ਤਿੰਨ ਸੌ ਟਰੈਕਟਰ-ਟਰਾਲੀਆਂ ਵਾਲੇ ਕਾਫ਼ਲੇ ‘ਦਿੱਲੀ ਕੂਚ’ ਕਰਨਗੇ। ਉਨ੍ਹਾਂ ਕਿਹਾ ਕਿ ਇਹ ਰੋਟੀ ਦਾ ਸੰਘਰਸ਼ ਹੈ ਸਾਰੇ ਵਰਗਾਂ ਨੂੰ ਇਸ ਮੋਰਚੇ ਵਿਚ ਸ਼ਮੂਲੀਅਤ ਕਰਨੀ ਚਾਹੀਦੀ ਹੈ। ਸੰਘਰਸ਼ ਦੇ ਸ਼ਹੀਦਾਂ ਤੇ ਸੀਪੀਆਈ (ਐੱਮ) ਆਗੂ ਰਘੁਨਾਥ ਸਿੰਘ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ।