ਨਿੱਜੀ ਪੱਤਰ ਪ੍ਰੇਰਕ
ਜਲੰਧਰ, 30 ਅਪਰੈਲ
ਕਮਿਸ਼ਨਰੇਟ ਪੁਲੀਸ ਨੇ ਅੱਜ ਸੋਢਲ ਰੋਡ ਦੇ ਫਾਇਨਾਂਸਰ ਗੁਰਮੀਤ ਸਿੰਘ ਟਿੰਕੂ ਦੇ ਕਤਲ ਕੇਸ ਦੀ ਗੁੱਥੀ ਨੂੰ ਸੁਲਝਾਉਂਦਿਆਂ ਅਪਰਾਧ ’ਚ ਸ਼ਾਮਲ ਦੋ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮਾਂ ਦੀ ਪਛਾਣ ਹਰਪ੍ਰੀਤ ਸਿੰਘ ਉਰਫ਼ ਹੈਪੀ ਮੱਲ ਵਾਸੀ ਪਿੰਡ ਈਸੇਵਾਲ ਅਤੇ ਸੁਰਿੰਦਰ ਸਿੰਘ ਮਮਦੋਟ ਜ਼ਿਲ੍ਹਾ ਫਿਰੋਜ਼ਪੁਰ ਵਜੋਂ ਹੋਈ ਹੈ। ਪੁਲੀਸ ਨੇ ਮੁਲਾਜ਼ਮਾਂ ਵੱਲੋਂ .32 ਬੋਰ ਦਾ ਪਿਸਤੌਲ ਅਤੇ ਤਿੰਨ ਕਾਰਤੂਸ ਬਰਾਮਦ ਕੀਤੇ ਹਨ।
ਪੁਲੀਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਨੇ ਦੱਸਿਆ ਕਿ ਗੁਰਮੀਤ ਸਿੰਘ ਟਿੰਕੂ ਵੱਲੋਂ ਪ੍ਰੀਤ ਨਗਰ ਸੋਢਲ ਰੋਡ ਵਿੱਚ ਪੀਵੀਸੀ ਫਾਈਨਾਂਸ ਨਾਂ ’ਤੇ ਕਾਰੋਬਾਰ ਚਲਾਇਆ ਜਾ ਰਿਹਾ ਸੀ ਅਤੇ 6 ਮਾਰਚ ਨੂੰ ਅਮਨ ਨਗਰ ਦੇ ਪੁਨੀਤ ਸ਼ਰਮਾ ਅਤੇ ਨਿਊ ਗੋਬਿੰਦ ਨਗਰ ਜ਼ਿਲ੍ਹਾ ਜਲੰਧਰ ਦੇ ਨਰਿੰਦਰ ਸ਼ਾਰਦਾ ਵੱਲੋਂ ਕੁਝ ਅਣਪਛਾਤੇ ਲੋਕਾਂ ਨਾਲ ਮਿਲ ਕੇ ਟਿੰਕੂ ’ਤੇ ਹਮਲਾ ਕਰਦਿਆਂ ਗੋਲੀਆਂ ਮਾਰ ਕੇ ਮੌਕੇ ਤੋਂ ਫਰਾਰ ਹੋ ਗਏ ਸਨ। ਉਨ੍ਹਾਂ ਦੱਸਿਆ ਕਿ ਤਕਨੀਕੀ ਜਾਂਚ, ਸੀਸੀਟੀਵੀ ਫੁਟੇਜ ਅਤੇ ਖੁਫੀਆ ਢੰਗ ਨਾਲ ਸੀਆਈਏ ਅਤੇ ਥਾਣਾ ਡਿਵੀਜ਼ਨ ਨੰਬਰ 8 ਦੀ ਟੀਮ ਵੱਲੋਂ ਇਸ ਕੇਸ ਵਿੱਚ ਸ਼ਾਮਲ ਦੋ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਸ੍ਰੀ ਭੁੱਲਰ ਨੇ ਦੱਸਿਆ ਕਿ ਮੁੱਢਲੀ ਪੁੱਛਗਿੱਛ ਵਿੱਚ ਮੁਲਜ਼ਮਾਂ ਨੇ ਦੱਸਿਆ ਕਿ ਗੁਰਮੀਤ ਨੇ ਘਰ ’ਤੇ ਹਮਲਾ ਕਰਕੇ ਪੁਨੀਤ ਸ਼ਰਮਾ ਦੀ ਕਾਰ ਨੂੰ ਤੋੜ ਦਿੱਤਾ ਸੀ, ਜਿਸ ’ਤੇ ਗੁਰਮੀਤ ਅਤੇ ਹੋਰਨਾਂ ’ਤੇ ਕੇਸ ਦਰਜ ਕੀਤਾ ਗਿਆ ਸੀ।
ਕਮਿਸ਼ਨਰ ਪੁਲੀਸ ਨੇ ਦੱਸਿਆ ਕਿ ਇਸੇ ਪੁਰਾਣੀ ਰੰਜਿਸ਼ ਦੇ ਚੱਲਦਿਆਂ ਪੁਨੀਤ ਸ਼ਰਮਾ ਅਤੇ ਨਰਿੰਦਰ ਸ਼ਾਰਦਾ ਵੱਲੋਂ ਗੁਰਮੀਤ ਨੂੰ ਖ਼ਤਮ ਕਰਨ ਦੀ ਸਾਜ਼ਿਸ਼ ਰਚੀ ਗਈ ਅਤੇ ਇਸ ਵਿੱਚ ਉਨ੍ਹਾਂ ਨੇ ਹੈਪੀ ਮੱਲ, ਜੋ ਪਟਿਆਲਾ ਜੇਲ੍ਹ ਵਿੱਚ ਬੰਦ ਸੀ, ਦੀ ਸਹਾਇਤਾ ਲਈ ਸੀ। ਦੋਵੇਂ ਪੁਨੀਤ ਅਤੇ ਮੱਲ ਇਕ ਦੂਜੇ ਨੂੰ ਜਾਣਦੇ ਸਨ ਕਿਉਂਕਿ ਉਹ ਜੇਲ੍ਹ ਵਿੱਚ ਮਿਲ ਚੁੱਕੇ ਸਨ। ਪੁਲੀਸ ਕਮਿਸ਼ਨਰ ਨੇ ਦੱਸਿਆ ਕਿ ਮੱਲ ਵੱਲੋਂ ਪੁਨੀਤ ਅਤੇ ਸ਼ਾਰਦਾ ਦੀ ਹੈਪੀ ਭੁੱਲਰ (ਜੋ ਕਿ ਖਰੜ ਕਤਲ ਕੇਸ ਵਿੱਚ ਪੀਓ ਹੈ), ਜੀਤਾ ਖਿਲਚੀ ਅਤੇ ਸੁਰਿੰਦਰ ਸਿੰਘ ਮਮਦੋਟ ਨਾਲ ਕਤਲ ਨੂੰ ਅੰਜ਼ਾਮ ਦੇਣ ਲਈ ਮੀਟਿੰਗ ਕਰਵਾਈ ਗਈ।
ਮੁਲਜ਼ਮਾਂ ਖ਼ਿਲਾਫ਼ ਪਹਿਲਾਂ ਵੀ ਕਈ ਕੇਸ ਦਰਜ
ਪੁਲੀਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਨੇ ਦੱਸਿਆ ਕਿ ਹਰਪ੍ਰੀਤ ਅਤੇ ਸੁਰਿੰਦਰ ਨੂੰ ਪਟਿਆਲਾ ਅਤੇ ਫਿਰੋਜ਼ਪੁਰ ਜੇਲ੍ਹ ਤੋਂ ਲਿਆਉਣ ਉਪਰੰਤ ਗ੍ਰਿਫ਼ਤਾਰ ਕੀਤਾ ਗਿਆ ਹੈ। ਹਰਪ੍ਰੀਤ ਪੰਜਾਬ ਦੇ ਵੱਖ-ਵੱਖ ਪੁਲੀਸ ਥਾਣਿਆਂ ਵਿੱਚ ਪੰਜ ਅਪਰਾਧਿਕ ਮਾਮਲਿਆਂ ਦਾ ਸਾਹਮਣਾ ਕਰ ਰਿਹਾ ਹੈ ਅਤੇ ਸੁਰਿੰਦਰ ਸਿੰਘ ਦੇ ਖਿਲਾਫ਼ ਸੱਤ ਕੇਸ ਦਰਜ ਹਨ।