ਸਰਬਜੀਤ ਗਿੱਲ
ਫਿਲੌਰ, 8 ਸਤੰਬਰ
ਸਥਾਨਕ ਪੁਲੀਸ ਨੇ ਪਿੰਡ ਸੇਲਕਿਆਣਾ ਦੇ ਸਰਪੰਚ ਗੁਰਦਾਵਰ ਸਿੰਘ ’ਤੇ ਹਮਲੇ ਦੇ ਮਾਮਲੇ ਵਿੱਚ ਪੰਜ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਹੈ। ਮੁਲਜ਼ਮ ਸੁੱਖੀ ਉਰਫ ਮੱਤੋ ਦੀ ਗ੍ਰਿਫਤਾਰੀ ਨਾਲ ਗੰਨਾ ਪਿੰਡ ਵਿੱਚ ਚੱਲ ਰਹੇ ਨਸ਼ਾ ਤਸਕਰੀ ਦੇ ਨੈੱਟਵਰਕ ਦਾ ਵੀ ਪਰਦਾਫਾਸ਼ ਹੋਇਆ ਹੈ। ਇਸ ਸਬੰਧੀ ਡੀਐੱਸਪੀ ਫਿਲੌਰ ਸਰਵਣ ਸਿੰਘ ਬੱਲ ਨੇ ਦੱਸਿਆ ਕਿ ਫੜੇ ਗਏ ਮੁਲਜ਼ਮਾਂ ਦੀ ਪਛਾਣ ਤਰਨਜੀਤ ਸਿੰਘ ਪੁੱਤਰ ਬਿਕਰਮਜੀਤ ਸਿੰਘ ਵਾਸੀ ਘਰਖਾਨਾ ਜ਼ਿਲ੍ਹਾ ਲੁਧਿਆਣਾ, ਗੁਰਿੰਦਰ ਸਿੰਘ ਵਾਸੀ ਲੁਧਿਆਣਾ, ਮਨੀ ਭਾਟੀਆ, ਗੁਰਵਿੰਦਰ ਸਿੰਘ ਅਤੇ ਅੰਮ੍ਰਿਤਪਾਲ ਸਿੰਘ ਵਜੋਂ ਹੋਈ ਹੈ।
ਉਨ੍ਹਾਂ ਦੱਸਿਆ ਕਿ ਇਸ ਕਾਰਵਾਈ ਨੇ ਨਾ ਸਿਰਫ਼ ਸਰਪੰਚ ’ਤੇ ਹਮਲੇ ਦਾ ਮਾਮਲਾ ਸੁਲਝਾਇਆ ਸਗੋਂ ਡਰੱਗ ਰੈਕੇਟ ਦਾ ਵੀ ਪਰਦਾਫਾਸ਼ ਕੀਤਾ ਹੈ। ਥਾਣਾ ਫਿਲੌਰ ਦੇ ਐੱਸਐੱਚਓ ਸੁਖਦੇਵ ਸਿੰਘ ਦੀ ਨਿਗਰਾਨੀ ਹੇਠ ਚਲਾਈ ਇਸ ਮੁਹਿੰਮ ਨਾਲ ਪੁਲੀਸ ਨੂੰ ਇਹ ਕਾਮਯਾਬੀ ਮਿਲੀ ਹੈ। ਮੁਲਜ਼ਮਾਂ ਨੇ ਪਿੰਡ ਸੇਲਕੀਆਣਾ ਵਿੱਚ ਗੁਰਦਾਵਰ ਸਿੰਘ ’ਤੇ ਉਸ ਦੀ ਰਿਹਾਇਸ਼ ’ਤੇ ਹਿੰਸਕ ਹਮਲਾ ਕਰ ਦਿੱਤਾ ਸੀ, ਜਿਸ ਨਾਲ ਉਹ ਗੰਭੀਰ ਜ਼ਖ਼ਮੀ ਹੋ ਗਿਆ ਸੀ। ਤੇਜ਼ਧਾਰ ਹਥਿਆਰਾਂ ਨਾਲ ਲੈਸ ਹਮਲਾਵਰਾਂ ਨੇ ਉਸ ਦੇ ਘਰ ਦੀ ਭੰਨਤੋੜ ਕੀਤੀ ਅਤੇ ਉਸ ਦੀ ਬੇਟੀ ਨੂੰ ਅਗਵਾ ਕਰ ਲਿਆ ਸੀ। ਜਾਂਚ ਤੋਂ ਬਾਅਦ ਪੁਲੀਸ ਨੇ ਪੰਜ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ, ਜੋ ਕਿ ਗੰਨਾਪਿੰਡ ਵਿੱਚ ਨਸ਼ਾ ਤਸਕਰੀ ਦੀ ਕਾਰਵਾਈ ਵਿੱਚ ਵੀ ਸ਼ਾਮਲ ਸਨ।
ਛਾਪੇ ਦੌਰਾਨ ਪੁਲੀਸ ਨੇ ਨਸ਼ੀਲੇ ਪਦਾਰਥਾਂ, ਡਰੱਗ ਮਨੀ ਅਤੇ ਤਸਕਰੀ ਲਈ ਵਰਤੇ ਜਾਂਦੇ ਦੋ ਵਾਹਨ ਵੀ ਬਰਾਮਦ ਕੀਤੇ ਹਨ। ਮੁਢਲੀ ਜਾਂਚ ਦੌਰਾਨ ਇਹ ਗੱਲ ਸਾਹਮਣੇ ਆਈ ਹੈ ਕਿ ਫੜੇ ਗਏ ਮੁਲਜ਼ਮਾਂ ਖ਼ਿਲਾਫ਼ ਪਹਿਲਾ ਵੀ ਕਈ ਕੇਸ ਦਰਜ ਹਨ। ਡੀਐੱਸਪੀ ਨੇ ਕਿਹਾ ਕਿ ਗ੍ਰਿਫਤਾਰ ਵਿਅਕਤੀਆਂ ਨੂੰ ਸਥਾਨਕ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ।