ਜਗਜੀਤ ਸਿੰਘ
ਮੁਕੇਰੀਆਂ, 12 ਜੁਲਾਈ
ਗੜ੍ਹਦੀਵਾਲਾ ਪੁਲੀਸ ਨੇ ਪਿਓ-ਪੁੱਤਰ ਨੂੰ 1 ਕਿਲੋ ਨਸ਼ੀਲੇ ਪਦਾਰਥ, 25 ਨਸ਼ੀਲੇ ਟੀਕਿਆਂ ਅਤੇ 4900 ਰੁਪਏ ਦੀ ਡਰੱਗ ਮਨੀ ਸਮੇਤ ਕਾਬੂ ਕੀਤਾ ਹੈ। ਇੱਕ ਹੋਰ ਮਾਮਲੇ ਵਿੱਚ ਗੜ੍ਹਦੀਵਾਲਾ ਪੁਲੀਸ ਨੇ 13 ਨਸ਼ੀਲੇ ਟੀਕਿਆਂ ਅਤੇ 600 ਗ੍ਰਾਮ ਨਸ਼ੀਲੇ ਪਦਾਰਥ ਸਮੇਤ ਦੋ ਮੋਟਰਸਾਈਕਲ ਸਵਾਰਾਂ ਨੂੰ ਵੀ ਕਾਬੂ ਕੀਤਾ ਹੈ। ਪੁਲੀਸ ਵੱਲੋਂ ਚਾਰੇ ਮੁਲਜ਼ਮਾਂ ਖਿਲਾਫ਼ ਕੇਸ ਦਰਜ ਕਰ ਕੇ ਪੁੱਛਗਿੱਛ ਲਈ ਰਿਮਾਂਡ ਹਾਸਲ ਕਰਨ ਵਾਸਤੇ ਮੁਲਜ਼ਮਾਂ ਨੂੰ ਅਦਾਲਤ ਵਿੱਚ ਪੇਸ਼ ਕੀਤਾ ਜਾ ਰਿਹਾ ਹੈ।
ਐੱਸਐੱਚਓ ਗੜ੍ਹਦੀਵਾਲਾ ਸਬ-ਇੰਸਪੈਕਟਰ ਮਲਕੀਤ ਸਿੰਘ ਨੇ ਦੱਸਿਆ ਕਿ ਸਬ-ਇੰਸਪੈਕਟਰ ਅਜੀਤ ਸਿੰਘ, ਏਐੱਸਆਈ ਬਲਵਿੰਦਰ ਸਿੰਘ ਦੀ ਅਗਵਾਈ ਵਾਲੀ ਪੁਲੀਸ ਪਾਰਟੀ ਵੱਲੋਂ ਗੜਦੀਵਾਲਾ ਤੋਂ ਮਾਛੀਆਂ, ਖੁਰਦਾਂ ਵੱਲ ਕੀਤੀ ਜਾ ਰਹੀ ਗਸ਼ਤ ਦੌਰਾਨ ਖੁਰਦਾਂ ਮੌੜ ਕੋਲ ਸ਼ੱਕ ਦੇ ਆਧਾਰ ’ਤੇ ਇੱਕ ਇਨੋਵਾ ਗੱਡੀ ਪੀਬੀ-08-ਸੀਪੀ 5855 ਨੂੰ ਰੋਕਿਆ ਗਿਆ। ਜਦੋਂ ਪੁਲੀਸ ਨੇ ਕਾਰ ਸਵਾਰਾਂ ਦੀ ਤਲਾਸ਼ੀ ਲਈ ਤਾਂ ਉਨ੍ਹਾਂ ਕੋਲੋਂ 25 ਨਸ਼ੀਲੇ ਟੀਕਿਆਂ ਅਤੇ ਇੱਕ ਕਿਲੋ ਨਸ਼ੀਲੇ ਪਦਾਰਥ ਸਮੇਤ 4900 ਰੁਪਏ ਦੀ ਡਰੱਗ ਮਨੀ ਬਰਾਮਦ ਹੋਈ। ਮੁਲਜ਼ਮਾਂ ਦੀ ਪਛਾਣ ਸੁਖਰਾਜ ਸਿੰਘ ਉਰਫ਼ ਰਾਜਾ ਅਤੇ ਸੱਤਪਾਲ ਸਿੰਘ ਉਰਫ ਸਾਬੀ ਦੋਵੇਂ ਵਾਸੀ ਖੁਰਦਾਂ ਥਾਣਾ ਗੜ੍ਹਦੀਵਾਲਾ ਵਜੋਂ ਹੋਈ ਹੈ। ਪੁਲੀਸ ਅਧਿਕਾਰੀ ਨੇ ਦੱਸਿਆ ਕਿ ਨਸ਼ੇ ਦੇ ਮਾਮਲੇ ਵਿੱਚ ਫੜੇ ਗਏ ਦੋਵੇਂ ਮੁਲਜ਼ਮ ਪਿਓ ਪੁੱਤਰ ਹਨ ਅਤੇ ਉਕਤਾਨ ਖਿਲਾਫ਼ ਕੇਸ ਦਰਜ ਕਰਕੇ ਕਾਰਵਾਈ ਆਰੰਭ ਕਰ ਦਿੱਤੀ ਗਈ ਹੈ। ਇੱਕ ਹੋਰ ਮਾਮਲੇ ਵਿੱਚ ਗੜ੍ਹਦੀਵਾਲਾ ਪੁਲੀਸ ਨੇ ਦੋ ਮੋਟਰਸਾਈਕਲ ਸਵਾਰਾਂ ਨੂੰ 600 ਗ੍ਰਾਮ ਨਸ਼ੀਲੇ ਪਦਾਰਥ ਅਤੇ 13 ਟੀਕਿਆਂ ਸਮੇਤ ਗ੍ਰਿਫ਼ਤਾਰ ਕੀਤਾ ਹੈ। ਐੱਸਐੱਚਓ ਸਬ-ਇੰਸਪੈਕਟਰ ਮਲਕੀਤ ਸਿੰਘ ਨੇ ਦੱਸਿਆ ਕਿ ਗੜ੍ਹਦੀਵਾਲਾ ਤੋਂ ਮੱਲੇਵਾਲ ਪਿੰਡਾਂ ਨੂੰ ਗਸ਼ਤ ਦੌਰਾਨ ਮੋਟਰਸਾਈਕਲ ਸਵਾਰ ਹਰਪ੍ਰੀਤ ਸਿੰਘ ਵਾਸੀ ਪੰਡੋਰੀ ਮੱਲੀਆਂ ਅਤੇ ਸੁਭਾਸ਼ ਸਿੰਘ ਵਾਸੀ ਬਗਵਾਨੀਪੁਰ ਜਿਲਾ ਪੂਰਨੀਆਂ ਬਿਹਾਰ ਹਾਲ ਵਾਸੀ ਮੁਹੱਲਾ ਸਤਨਾਮਪੁਰਾ ਫਗਵਾੜਾ ਕੋਲੋਂ ਤਲਾਸ਼ੀ ਦੌਰਾਨ 13 ਨਸ਼ੀਲੇ ਟੀਕਿਆਂ ਸਮੇਤ 100 ਗ੍ਰਾਮ ਨਸ਼ੀਲਾ ਪਦਾਰਥ ਬਰਾਮਦ ਹੋਇਆ ਹੈ। ਪੁਲੀਸ ਨੇ ਮੁਲਜ਼ਮਾਂ ਖਿਲਾਫ਼ ਕੇਸ ਦਰਜ ਕਰ ਕੇ ਕਾਰਵਾਈ ਆਰੰਭ ਕਰ ਦਿੱਤੀ ਹੈ।