ਨਿੱਜੀ ਪੱਤਰ ਪ੍ਰੇਰਕ
ਕਪੂਰਥਲਾ, 17 ਜੁਲਾਈ
ਜ਼ਿਲ੍ਹੇ ਵਿੱਚ ਹਾਈਵੇਅ ’ਤੇ ਲੁੱਟ ਖੋਹ ਕਰਨ ਵਾਲੇ ਗੈਂਗ ਦੇ ਚਾਰ ਕਥਿਤ ਮੁਲਜ਼ਮਾਂ ਨੂੰ ਪੁਲੀਸ ਨੇ ਕਾਬੂ ਕੀਤਾ ਹੈ। ਐੱਸਪੀ ਡੀ ਰਮਨਿੰਦਰ ਸਿੰਘ ਨੇ ਦੱਸਿਆ ਕਿ ਮੁਲਜ਼ਮਾਂ ਨੇ 7 ਲੁੱਟਖੋਹ ਦੀਆਂ ਵਾਰਦਾਤਾਂ ਕਬੂਲੀਆਂ ਹਨ। ਲੁਟੇਰੇ ਨਸ਼ੇ ਦੀ ਪੂਰਤੀ ਲਈ ਵਾਰਦਾਤਾਂ ਕਰਦੇ ਰਹੇ। ਮੁਲਜ਼ਮਾਂ ਕੋਲੋਂ 1.70 ਲੱਖ ਦੀ ਨਗਦੀ, 8 ਲੱਖ ਦੇ ਗਹਿਣੇ, 2 ਮੋਟਰਸਾਈਕਲ ਅਤੇ 2 ਦਾਤਰ ਬਰਾਮਦ ਕੀਤੇ ਗਏ ਹਨ। ਉਨ੍ਹਾਂ ਦੱਸਿਆ ਕਿ ਐੱਸਪੀ ਡੀ ਬਰਜਿੰਦਰ ਸਿੰਘ ਅਤੇ ਸੀਆਈਏ ਸਟਾਫ ਇੰਚਾਰਜ ਜਰਨੈਲ ਸਿੰਘ ਦੀ ਅਗਵਾਈ ਵਿੱਚ 16 ਜੁਲਾਈ ਨੂੰ ਏਐੱਸਆਈ ਹਰਵੰਤ ਸਿੰਘ ਨੇ ਅੱਡਾ ਮਿਆਣੀ ਬਾਕਰਪੁਰ ਵਿੱਚ ਨਾਕੇ ਦੌਰਾਨ ਸੂਚਨਾ ਦੇ ਆਧਾਰ ’ਤੇ 4 ਮੁਲਜ਼ਮਾਂ ਨੂੰ ਕਾਬੂ ਕੀਤਾ। ਇਨ੍ਹਾਂ ਦੀ ਪਛਾਣ ਸਾਜਨ ਸਿੰਘ ਵਾਸੀ ਪਿੰਡ ਰਾਵਾਂ, ਸੁਰਿੰਦਰ ਸਿੰਘ ਉਰਫ ਯਾਦਾ ਵਾਸੀ ਪਿੰਡ ਤਲਵੰਡੀ ਕੂਕਾਂ, ਜਗਜੀਵਨ ਸਿੰਘ ਉਰਫ ਜੀਵਨ ਵਾਸੀ ਪਿੰਡ ਕੂਕਾਂ ਤਕੀਆ ਅਤੇ ਅਮਨਜੋਤ ਸਿੰਘ ਉਰਫ ਅਮਨ ਵਾਸੀ ਪਿੰਡ ਕੂਕਾਂ ਸ਼ਾਮਲ ਹਨ। ਚਾਰੋ ਮੁਲਜ਼ਮ ਤੇਜ਼ਧਾਰ ਹਥਿਆਰ ਦਿਖਾ ਕੇ ਹਾਈਵੇਅ, ਲਿੰਕ ਰੋਡ ਅਤੇ ਬੰਦ ਪਈਆਂ ਕੋਠੀਆਂ ਵਿੱਚ ਦਿਨ ਰਾਤ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੰਦੇ ਹਨ। ਪੁਲੀਸ ਨੇ ਇਨ੍ਹਾਂ ਦੀ ਨਿਸ਼ਾਨਦੇਹੀ ’ਤੇ ਸਾਮਾਨ ਵੀ ਬਰਾਮਦ ਕਰ ਲਿਆ। ਉਨ੍ਹਾਂ ਦੱਸਿਆ ਕਿ ਮੁਲਜ਼ਮਾਂ ਨੇ ਮੰਨਿਆ ਕਿ ਉਨ੍ਹਾਂ 29 ਜੂਨ ਨੂੰ ਬੇਗੋਵਾਲ ਵਿੱਚ ਦਾਤਰ ਮਾਰ ਕੇ ਦੁਕਾਨਦਾਰ ਕੋਲੋਂ 1.70 ਲੱਖ ਰੁਪਏ, 25 ਅਪਰੈਲ ਨੂੰ ਪਿੰਡ ਹੈਬਤਪੁਰ ਵਿੱਚ ਰਾਹਗੀਰ ਨੂੰ ਦਾਤਰ ਮਾਰ ਕੇ 96 ਹਜ਼ਾਰ ਅਤੇ 26 ਅਪਰੈਲ ਨੂੰ ਮੁਹੱਲਾ ਕੂਚਾ ਕੈਂਟ ਬਸਤੀ ਬਾਵਾਖੇਲ ਜਲੰਧਰ ਵਿਚੋਂ ਚੋਰੀ ਕਰਨ ਤੋਂ ਇਲਾਵਾ ਕਈ ਥਾਵਾਂ ਤੇ ਰਾਹਗੀਰ ਔਰਤਾਂ ਕੋਲੋਂ ਕੰਨਾਂ ਦੀਆਂ ਵਾਲੀਆਂ ਝਪਟੀਆਂ ਸਨ। ਕਥਿਤ ਲੁਟੇਰੇ ਅਮਨ ਨੇ ਤਾਂ ਆਪਣੇ ਤਾਏ ਬਲਵਿੰਦਰ ਸਿੰਘ ਵਾਸੀ ਪਿੰਡ ਕੂਕਾਂ ਦੇ ਘਰੋਂ ਹੀ ਢਾਈ ਲੱਖ ਰੁਪਏ ਅਤੇ ਗਹਿਣੇ ਚੋਰੀ ਕੀਤੇ ਸਨ।