ਨਿੱਜੀ ਪੱਤਰ ਪ੍ਰੇਰਕ
ਜਲੰਧਰ, 10 ਅਗਸਤ
ਇਥੇ ਵਾਤਾਵਰਨ ਪ੍ਰੇਮੀ ਸੰਤ ਬਲਬੀਰ ਸਿੰਘ ਸੀਚੇਵਾਲ ਵੱਲੋਂ ਪੰਜਾਬ ਨੂੰ ਹਰਿਆ-ਭਰਿਆ ਬਣਾਉਣ ਦੀ ਮੁਹਿੰਮ ਹੋਰ ਤੇਜ਼ ਕਰਨ ਲਈ ਡਿਜ਼ੀਟਲ ਵੀ ਕਰ ਦਿੱਤਾ ਗਿਆ ਹੈ। ਸੰਤ ਅਵਤਾਰ ਸਿੰਘ ਯਾਦਗਾਰੀ ਨਰਸਰੀ ਸੀਚੇਵਾਲ ਵਿੱਚ ਮੁਫ਼ਤ ਬੂਟੇ ਪ੍ਰਾਪਤ ਕਰਨ ਲਈ ‘ਰੁੱਖ’ ਨਾਂ ਦੀ ਐਪ ਲਾਂਚ ਕੀਤੀ ਗਈ ਹੈ। ਪੰਜਾਬ ਨੂੰ ਹਰਿਆ-ਭਰਿਆ ਬਣਾਉਣ ਲਈ ਚਲਾਈ ਗਈ ਇਸ ਮੁਹਿੰਮ ਨੂੰ ਲੋਕਾਂ ਨੇ ਭਰਵਾਂ ਹੁੰਗਾਰਾ ਦਿੱਤਾ ਹੈ। ਹੁਣ ਤੱਕ ਇਸ ਐਪ ਰਾਹੀਂ 20 ਹਜ਼ਾਰ ਤੋਂ ਵੱਧ ਬੂਟੇ ਬੁੱਕ ਹੋ ਚੁੱਕੇ ਹਨ ਤੇ ਇਨ੍ਹਾਂ ਵਿੱਚੋਂ 10 ਹਜ਼ਾਰ ਦੇ ਕਰੀਬ ਬੂਟੇ ਵੰਡੇ ਵੀ ਜਾ ਚੁੱਕੇ ਹਨ। ਨੌਜਵਾਨਾਂ ਵਿੱਚ ਇਸ ਐਪ ਨੂੰ ਡਾਊਨਲੋਡ ਕਰਨ ਦਾ ਰੁਝਾਨ ਵੀ ਵਧਿਆ ਹੈ। ਰੁੱਖ ਨਾਂ ਦੀ ਇਹ ਐਪ ਇੱਕ ਹਜ਼ਾਰ ਤੋਂ ਵੱਧ ਡਾਊਨਲੋਡ ਹੋ ਚੁੱਕੀ ਹੈ।
‘ਰੁੱਖ’ ਅਪਣਾਓ-ਪੰਜਾਬ ਹਰਿਆ-ਭਰਿਆ ਬਣਾਓ’ ਦੇ ਨਾਅਰੇ ਨਾਲ ਇਸ ਦਾ ਪ੍ਰਚਾਰ ਤੇ ਪ੍ਰਸਾਰ ਕੀਤਾ ਜਾ ਰਿਹਾ ਹੈ। ਇਸ ਐਪ ਰਾਹੀਂ ਪਹਿਲਾਂ ਰਜਿਸਟ੍ਰੇਸ਼ਨ ਕਰਨੀ ਪੈਂਦੀ ਹੈ। ਉਸ ਤੋਂ ਬਾਅਦ ਬੂਟਿਆਂ ਦੀਆਂ ਕਿਸਮਾਂ ਅਨੁਸਾਰ ਬੂਟੇ ਬੁੱਕ ਕਰਨੇ ਪੈਂਦੇ ਹਨ। ਅਜਿਹਾ ਕਰਨ ਨਾਲ ਮੋਬਾਈਲ ’ਤੇ ਇੱਕ ਸੁਨੇਹਾ ਮਿਲਦਾ ਹੈ ਕਿ ਕਦੋਂ ਤੇ ਕਿੰਨੇ ਬੂਟੇ ਮਿਲ ਸਕਦੇ ਹਨ। ਇਸ ਸੁਨੇਹੇ ਵਿੱਚ ਇਹ ਦੱਸਿਆ ਜਾਂਦਾ ਹੈ ਕਿ ਕਿਸ ਨਰਸਰੀ ਵਿੱਚੋਂ ਬੂਟੇ ਪ੍ਰਾਪਤ ਕਰਨੇ ਹਨ। ਸੰਤ ਅਵਤਾਰ ਸਿੰਘ ਯਾਦਗਾਰੀ ਨਰਸਰੀ ਵਿੱਚ ਇਸ ਵੇਲੇ ਸਾਢੇ ਪੰਜ ਲੱਖ ਦੇ ਕਰੀਬ ਬੂਟੇ ਤਿਆਰ ਪਏ ਹਨ। ਇਨ੍ਹਾਂ ਬੂਟਿਆਂ ਨੂੰ ਹਾਸਲ ਕਰਨ ਵਾਲੀਆਂ ਸੰਸਥਾਵਾਂ ਤੇ ਵਿਅਕਤੀਗਤ ਰੂਪ ਵਿੱਚ ਬੂਟੇ ਲਗਾਉਣ ਦੀ ਥਾਂ ਬਾਰੇ ਵੀ ਜਾਣਕਾਰੀ ਦੇਣੀ ਪੈਂਦੀ ਹੈ ਕਿ ਇੱਥੋਂ ਪ੍ਰਾਪਤ ਕੀਤੇ ਗਏ ਬੂਟੇ ਕਿੱਥੇ-ਕਿੱਥੇ ਲਗਾਏ ਗਏ ਹਨ।
ਇਸ ਐਪ ਬਾਰੇ ਜਾਣਕਾਰੀ ਦਿੰਦਿਆਂ ਸੇਵਾਦਾਰ ਗੁਰਵਿੰਦਰ ਸਿੰਘ ਬੋਪਾਰਾਏ ਨੇ ਦੱਸਿਆ ਕਿ ਇਸ ਐਪ ਵਿੱਚ ਇੱਕ ਮੁਹਿੰਮ ‘ਮੇਰੀ ਨਰਸਰੀ’ ਨਾਂ ਹੇਠ ਚਲਾਈ ਜਾ ਰਹੀ ਹੈ। ਹਰ ਪਿੰਡ ’ਚ ਬੂਟੇ ਲਾਉਣ ਵਾਲਿਆਂ ਦਾ ਰਿਕਾਰਡ ਵੀ ਇਸ ਐਪ ਰਾਹੀਂ ਸੰਭਾਲਿਆ ਜਾਵੇਗਾ। ਬੂਟੇ ਤਿਆਰ ਕਰਨ, ਲਗਾਉਣ, ਵੰਡਣ ਤੋਂ ਲੈ ਕੇ ਸੰਭਾਲਣ ਤੱਕ ਦੀ ਜਾਣਕਾਰੀ ਇਸ ਐਪ ਰਾਹੀਂ ਮਿਲੇਗੀ।