ਪੱਤਰ ਪ੍ਰੇਰਕ,
ਟਾਂਡਾ ਉੜਮੁੜ, 29 ਫਰਵਰੀ
ਜਲੰਧਰ-ਪਠਾਨਕੋਟ ਰੇਲ ਮਾਰਗ ’ਤੇ ਪੈਂਦੇ ਪਿੰਡ ਪਲਾਂ ਚੱਕ ਦੇ 71 ਨੰਬਰ ਫਾਟਕ ਨੇੜੇ ਅੱਜ ਸਵੇਰੇ 11.30 ਵਜੇ ਦੇ ਧਮਾਕਾ ਹੋਇਆ ਜਿਸ ਕਾਰਨ ਰੇਲਵੇ ਅਤੇ ਟਾਂਡਾ ਪੁਲੀਸ ਨੂੰ ਭਾਜੜ ਪੈ ਗਈ| ਇਸ ਧਮਾਕੇ ’ਚ ਰੇਲਵੇ ਗੇਟਮੈਨ ਸੋਨੂ ਕੁਮਾਰ ਵਾਸੀ ਉੱਤਰ ਪ੍ਰਦੇਸ਼ ਮਾਮੂਲੀ ਜ਼ਖ਼ਮੀ ਹੋ ਗਿਆ ਹੈ| ਰੇਲਵੇ ਪੁਲੀਸ ਦੇ ਡੀਐੱਸਪੀ ਤੇਜ ਪਾਲ ਸਿੰਘ, ਆਰਕੇ ਗੁਪਤਾ ਅਤੇ ਟਾਂਡਾ ਪੁਲੀਸ ਦੇ ਡੀਐੱਸਪੀ ਹਰਜੀਤ ਸਿੰਘ ਰੰਧਾਵਾ ਨੇ ਮੁੱਢਲੀ ਜਾਂਚ ਤੋਂ ਬਾਅਦ ਦੱਸਿਆ ਕਿ ਇਹ ਧਮਾਕਾ ਬੇਹੱਦ ਹਲਕਾ ਸੀ ਅਤੇ ਗੰਧਕ ਪੁਟਾਸ਼ ਕਾਰਨ ਹੋਇਆ ਹੈ| ਇਸ ਦੌਰਾਨ ਸੁਰੱਖਿਆ ਕਾਰਨਾਂ ਕਾਰਨ ਜਲੰਧਰ ਪਠਾਨਕੋਟ ਰੇਲ ਮਾਰਗ ’ਤੇ ਸਵੇਰੇ 11:32 ਤੋਂ ਦੁਪਹਿਰ 1:46 ਵਜੇ ਤੱਕ ਰੇਲ ਆਵਾਜਾਈ ਬੰਦ ਰੱਖੀ ਗਈ| ਉਧਰ ਜ਼ਖ਼ਮੀ ਹੋਏ ਗੇਟਮੈਨ ਸੋਨੂ ਨੇ ਦੱਸਿਆ ਕਿ ਗੇਟ ਦੇ ਬਿਲਕੁਲ ਨੇੜੇ ਉਸਦਾ ਪੈਰ ਛੋਟੀ ਗੋਲਨੁਮਾ ਚੀਜ਼ ’ਤੇ ਟਿਕ ਗਿਆ ਜਿਸ ਕਾਰਨ ਧਮਾਕਾ ਹੋਇਆ ਅਤੇ ਉਹ ਡੇਢ ਮੀਟਰ ਦੂਰ ਜਾ ਕੇ ਡਿੱਗਿਆ|