ਪੱਤਰ ਪ੍ਰੇਰਕ
ਸ਼ਾਹਕੋਟ, 5 ਜੁਲਾਈ
ਥਾਣਾ ਲੋਹੀਆਂ ਖਾਸ ਅਧੀਨ ਆਉਂਦੇ ਪਿੰਡ ਗਿੱਦੜਪਿੰਡੀ ਦੇ ਵਾਸੀਆਂ ਨੇ ਚੋਰ ਗਰੋਹ ਦੇ 5 ਮੈਂਬਰਾਂ ਨੂੰ ਚੋਰੀ ਦੇ ਸਾਮਾਨ ਸਮੇਤ ਕਾਬੂ ਕੀਤਾ। ਪਿੰਡ ਦੇ ਸਰਪੰਚ ਕੁਲਵੰਤ ਸਿੰਘ ਨੇ ਦੱਸਿਆ ਕਿ ਪਿਛਲੇ ਕੁਝ ਸਮੇਂ ਤੋਂ ਇਲਾਕੇ ਦੇ ਕਈ ਪਿੰਡਾਂ ਦੇ ਘਰਾਂ ਵਿੱਚੋਂ ਕੀਮਤੀ ਸਾਮਾਨ ਅਤੇ ਕਿਸਾਨਾਂ ਦੀਆਂ ਮੋਟਰਾਂ ਤੋਂ ਬਿਜਲੀ ਦੀਆਂ ਤਾਰਾਂ, ਇੰਜਣ, ਅਤੇ ਹੋਰ ਸਾਮਾਨ ਲਗਾਤਾਰ ਚੋਰੀ ਹੋ ਰਿਹਾ ਸੀ। ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਪਿੰਡ ਦੇ ਨਜ਼ਦੀਕ ਦਰਿਆ ਸਤਲੁਜ ਉੱਪਰ ਅਤੇ ਰਾਸ਼ਟਰੀ ਹਾਈਵੇ ਉੱਪਰ ਸੜਕ ਦੇ ਦੋਵੇਂ ਪਾਸਿਆਂ ’ਤੇ ਲੱਗੇ ਹੋਏ ਡਿਵਾਈਡਰਾਂ ਤੋਂ ਲੋਹਾ ਤੇ ਹੋਰ ਕੀਮਤੀ ਸਾਮਾਨ ਉੱਪਰ ਵੀ ਚੋਰ ਲਗਾਤਾਰ ਹੱਥ ਸਾਫ ਕਰਦੇ ਆ ਰਹੇ ਸਨ। ਇਨ੍ਹਾਂ ਘਟਨਾਵਾਂ ਨੂੰ ਲੈ ਕੇ ਇਲਾਕਾ ਵਾਸੀ ਬਹੁਤ ਜ਼ਿਆਦਾ ਚਿੰਤਤ ਰਹਿੰਦੇ ਸਨ। ਵਧ ਰਹੀਆਂ ਚੋਰੀ ਦੀਆਂ ਵਾਰਦਾਤਾਂ ਨੂੰ ਧਿਆਨ ਵਿਚ ਰੱਖਦੇ ਹੋਏ ਉਨ੍ਹਾਂ ਨੇ ਕੁਲਵਿੰਦਰ ਸਿੰਘ ਜੰਮੂ, ਲਖਵਿੰਦਰ ਲਹਿਰੀ, ਮੁਖਤਿਆਰ ਸਿੰਘ, ਅਤੇ ਕੁਤਬੀਵਾਲ ਦੇ ਨੰਬਰਦਾਰ ਬਲਕਾਰ ਸਿੰਘ ਆਦਿ ਨੇ ਸਾਂਝਾ ਫੈਸਲਾ ਕਰਦਿਆਂ ਪਿੰਡਾਂ ਤੇ ਮੋਟਰਾਂ ਉੱਤੇ ਚੌਕਸੀ ਰੱਖਣ ਦਾ ਫੈਸਲਾ ਕੀਤਾ। ਉਨ੍ਹਾਂ ਕਿਹਾ ਕਿ ਐਤਵਾਰ ਤੇ ਸੋਮਵਾਰ ਦੀ ਦਰਮਿਆਨੀ ਰਾਤ ਨੂੰ ਪਿੰਡ ਦੇ ਛੱਪੜ ’ਤੇ ਪਾਈ ਹੋਈ ਭਰਤੀ ’ਚ ਇਕ ਮਿੰਨੀ ਟਰੱਕ ਨੰਬਰ ਪੀ ਬੀ 32 ਈ 5243 ਖੁੱਭਾ ਹੋਇਆ ਦੇਖਿਆ ਗਿਆ। ਉਸ ਦੇ ਆਸ ਪਾਸ ਕੁੱਝ ਸ਼ੱਕੀ ਵਿਅਕਤੀ ਵੀ ਘੁੰਮਦੇ ਦੇਖੇ ਗਏ। ਚੌਕਸੀ ਰੱਖ ਰਹੇ ਕੁੱਝ ਵਿਅਕਤੀਆਂ ਨੇ ਇਸ ਸਬੰਧੀ ਹੋਰਨਾਂ ਪਿੰਡ ਵਾਸੀਆਂ ਨੂੰ ਸੂਚਿਤ ਕੀਤਾ। ਪਿੰਡ ਵਾਸੀਆਂ ਨੂੰ ਇਕੱਠੇ ਹੁੰਦੇ ਦੇਖ ਕੇ ਚੋਰ ਗਰੋਹ ਦੇ ਕੁਝ ਮੈਂਬਰ ਗੋਲੀ ਚਲਾਉਣ ਦੀਆਂ ਧਮਕੀਆਂ ਦਿੰਦੇ ਹੋਏ ਭੱਜਣ ਲੱਗੇ। ਪਿੰਡ ਵਾਸੀਆਂ ਨੇ ਹੌਸਲਾ ਕਰਕੇ 5 ਕਥਿਤ ਚੋਰਾਂ ਨੂੰ ਕਾਬੂ ਕਰਕੇ ਇਸ ਦੀ ਸੂਚਨਾ ਪੁਲੀਸ ਨੂੰ ਦਿੱਤੀ। ਏ.ਐਸ.ਆਈ ਸਰਬਜੀਤ ਸਿੰਘ ਘਟਨਾ ਸਥਾਨ ਉੱਤੇ ਪਹੁੰਚ ਕੇ ਚੋਰ ਗਰੋਹ ਦੇ ਮੈਂਬਰਾਂ ਨੂੰ ਕਾਬ ਕਰਕੇ ਥਾਣਾ ਲੋਹੀਆਂ ਖਾਸ ਵਿਖੇ ਲੈ ਕੇ ਆਏ। ਐੱਸ.ਐੱਚ.ਓ ਬਲਵਿੰਦਰ ਸਿੰਘ ਭੁੱਲਰ ਨੇ ਕਿਹਾ ਕਿ ਕਾਬੂ ਕੀਤੇ ਮੁਲਜ਼ਮਾਂ ਦੇ ਖਿਲਾਫ ਮੁਕੱਦਮਾ ਦਰਜ ਕਰਕੇ ਅਗਲੀ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਮੁਲਜ਼ਮਾਂ ਦੇ ਖਿਲਾਫ ਪਹਿਲਾ ਹੀ ਜ਼ਿਲ੍ਹਾ ਕਪੂਰਥਲਾ ਦੇ ਵੱਖ-ਵੱਖ ਥਾਣਿਆਂ ਵਿਚ ਕਈ ਮੁਕੱਦਮੇ ਦਰਜ ਹਨ।