ਪਾਲ ਸਿੰਘ ਨੌਲੀ
ਜਲੰਧਰ, 30 ਦਸੰਬਰ
ਖੱਟੀਆਂ-ਮਿੱਠੀਆਂ ਤੇ ਕੌੜੀਆਂ ਯਾਦਾਂ ਛੱਡਦਾ ਸਾਲ 2021 ਬੀਤ ਗਿਆ ਹੈ। ਇਸ ਸਾਲ ’ਚ ਬਹੁਤ ਸਾਰੀਆਂ ਸੁਨਹਿਰੀ ਯਾਦਾਂ ਜਲੰਧਰ ਸ਼ਹਿਰ ਨਾਲ ਵੀ ਜੁੜੀਆਂ ਹੋਈਆਂ ਹਨ।ਕਰੋਨਾ ਕਾਰਨ 2021 ’ਚ ਪ੍ਰੀਖਿਆ ਨਹੀਂ ਹੋ ਸਕੀਆਂ। ਕੋਵਿਡ ਦੀ ਦੂਜੀ ਲਹਿਰ ਨੇ ਦਹਿਸ਼ਤ ਮਚਾਈ ਰੱਖੀ। ਜਲੰਧਰ ਵਿਚ ਇਸ ਸਾਲ ਦੇ ਅੰਤ ਤੱਕ ਕਰੋਨਾ ਨਾਲ 1501 ਮੌਤਾਂ ਹੋਈਆਂ। ਸ਼ਹਿਰ ਦੇ ਨਾਮਵਰ ਪੇਂਟਰ ਅਮਿਤ ਜੋਸਫ ਦੀ ਉਦੋਂ ਮੌਤ ਹੋ ਗਈ ਜਦੋਂ ਉਹ ਪੇਂਟਿੰਗ ਬਣਾ ਰਿਹਾ ਸੀ। ਇਲਾਜ ਦੌਰਾਨ ਉਸ ਨੇ ਤਿੰਨ ਪੇਂਟਿੰਗਾਂ ਬਣਾ ਲਈਆਂ ਸਨ ਤੇ ਚੌਥੀ ਪੇਂਟਿੰਗ ਅਧੂਰੀ ਹੀ ਰਹਿ ਗਈ।
ਕਰੋਨਾ ਦੇ ਨਵੇਂ ਰੂਪ ਓਮੀਕਰੋਨ ਦਾ ਪਹਿਲਾ ਕੇਸ ਵੀ ਦੋਆਬੇ ਵਿਚ ਸਾਹਮਣੇ ਆਇਆ ਹੈ। ਇਹ ਕੇਸ ਬੰਗਾ ਨੇੜਲੇ ਮੁਕੰਦਪੁਰ ਪਿੰਡ ਦਾ ਦੱਸਿਆ ਜਾ ਰਿਹਾ ਹੈ। ਕੁਸਮ ਨਾਂ ਦੀ ਲੜਕੀ ਨੇ ਉਦੋਂ ਬਹਾਦਰੀ ਦਿਖਾਈ ਜਦੋਂ ਉਸ ਦਾ ਮੋਬਾਈਲ ਖੋਹ ਕੇ ਲੁਟੇਰੇ ਭੱਜ ਰਹੇ ਸਨ ਪਰ ਗੁੱਟ ਵੱਢੇ ਜਾਣ ਦੇ ਬਾਵਜੂਦ ਉਸ ਨੇ ਲੁਟੇਰਿਆਂ ਨੂੰ ਫੜ ਲਿਆ। ਭਾਰਤ ਸਰਕਾਰ ਨੇ ਉਸ ਨੂੰ ‘ਕੌਮੀ ਬਹਾਦਰੀ ਪੁਰਸਕਾਰ’ ਨਾਲ ਨਿਵਾਜਿਆ। ਅਨਾਥ ਧੀਆਂ ਨੂੰ ਸੰਭਾਲਣ ਵਾਲੀ ਬੀਬੀ ਪ੍ਰਕਾਸ਼ ਕੌਰ ਨੂੰ ਭਾਰਤ ਸਰਕਾਰ ਨੇ ਇਸ ਵਰ੍ਹੇ ‘ਪਦਮਸ੍ਰੀ’ ਨਾਲ ਸਨਮਾਨਤ ਕੀਤਾ। ਸਿਆਸੀ ਤੌਰ ’ਤੇ ਸਾਲ 2021 ਜਲੰਧਰ ਲਈ ਤੋਹਫਾ ਲੈ ਕੇ ਆਇਆ ਜਦੋਂ ਸਾਬਕਾ ਓਲੰਪੀਅਨ ਪਰਗਟ ਸਿੰਘ ਨੂੰ ਮੰਤਰੀ ਮੰਡਲ ’ਚ ਸ਼ਾਮਲ ਕੀਤਾ ਗਿਆ। ਇਸ ਦੇ ਨਾਲ ਕਪੂਰਥਲਾ ਤੋਂ ਵਿਧਾਇਕ ਰਾਣਾ ਗੁਰਜੀਤ ਸਿੰਘ ਨੂੰ ਪੰਜਾਬ ਕੈਬਨਿਟ ਵਿੱਚ ਮੁੜ ਸ਼ਾਮਲ ਕਰ ਲਿਆ ਗਿਆ ਹੈ। ਭੁਲੱਥ ਤੋਂ ਆਪ ਦੇ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਕਾਂਗਰਸ ਵਿੱਚ ਮੁੜ ਸ਼ਮੂਲੀਅਤ ਕੀਤੀ ਪਰ ਉਨ੍ਹਾਂ ਨੂੰ ਜੇਲ੍ਹ ਜਾਣਾ ਪਿਆ। ਖੇਤੀ ਕਾਨੂੰਨਾਂ ਦੀ ਵਾਪਸੀ ਤੱਕ ਭਾਜਪਾ ਆਗੂਆਂ ਨੂੰ ਲੋਕਾਂ ਨੇ ਜਨਤਕ ਤੌਰ ’ਤੇ ਵਿਚਰਨ ਨਹੀਂ ਦਿੱਤਾ। ਦੋਆਬੇ ਵਿਚੋਂ ਕਿਸਾਨ ਜਥੇਬੰਦੀਆਂ ਨੇ ਅੰਦੋਲਨ ਵਿਚ ਵੱਡੀ ਭੂਮਿਕਾ ਨਿਭਾਈ।
ਜਲੰਧਰ ਦੇ ਹਾਕੀ ਖਿਡਾਰੀਆਂ ਦੀ ਦੁਨੀਆਂ ਭਰ ’ਚ ਰਹੀ ਚੜ੍ਹਤ
ਮਿੱਠਾਪੁਰ ਤੇ ਖੁਸਰੋਪੁਰ ਪਿੰਡਾਂ ਦੇ ਚਾਰ ਹਾਕੀ ਖਿਡਾਰੀਆਂ ਨੇ 5 ਅਗਸਤ 2021 ਨੂੰ ਉਦੋਂ ਇਤਿਹਾਸ ਸਿਰਜਣ ਵਿੱਚ ਵੱਡਾ ਯੋਗਦਾਨ ਪਾਇਆ ਜਦੋਂ ਹਾਕੀ ਵਿੱਚ ਦਹਾਕਿਆਂ ਬਾਅਦ ਕਾਂਸੀ ਦਾ ਤਗਮਾ ਜਿੱਤਿਆ। ਮਿੱਠਾਪੁਰ ਦੇ ਖਿਡਾਰੀਆਂ ਵਿੱਚ ਕਪਤਾਨ ਮਨਪ੍ਰੀਤ ਸਿੰਘ, ਮਨਦੀਪ ਸਿੰਘ ਤੇ ਵਰਣ ਸ਼ਾਮਲ ਸਨ ਜਦਕਿ ਹਾਰਦਿਕ ਸਿੰਘ ਖੁਸਰੋਪੁਰ ਦਾ ਰਹਿਣ ਵਾਲਾ ਹੈ। ਨਵੰਬਰ ਵਿੱਚ ਹਾਕੀ ਕਪਤਾਨ ਮਨਪ੍ਰੀਤ ਸਿੰਘ ਦਾ ਘਰ ਉਦੋਂ ਕਿਲਕਾਰੀਆਂ ਨਾਲ ਗੂੰਜ ਉਠਿਆ ਜਦੋਂ ਉਸ ਦੇ ਘਰ ਧੀ ਨੇ ਜਨਮ ਲਿਆ। ਮਨਪ੍ਰੀਤ ਨੂੰ ਇਸੇ ਸਾਲ ਹੀ ‘ਮੇਜਰ ਧਿਆਨ ਚੰਦ ਖੇਲ ਪੁਰਸਕਾਰ’ ਵੀ ਮਿਲਿਆ ਹੈ। ਜਲੰਧਰ ਦੇ ਹੀ ਰਹਿਣ ਵਾਲੇ ਫਿਰਕੀ ਗੇਂਦਬਾਜ਼ ਹਰਭਜਨ ਸਿੰਘ ਭੱਜੀ ਨੇ ਇਸੇ ਸਾਲ ਕ੍ਰਿਕਟ ਨੂੰ ਅਲਵਿਦਾ ਕਿਹਾ ਹੈ। ਪੈਰਾ ਓਲੰਪਿਕ ਵਿੱਚ ਜਲੰਧਰ ਦੀ ਹੀ 19 ਸਾਲਾ ਲੜਕੀ ਪਲਕ ਕੋਹਲੀ ਤਗਮਾ ਜਿੱਤ ਕੇ ਦੇਸ਼ ਦੀ ਸਭ ਤੋਂ ਛੋਟੀ ਉਮਰ ਦੀ ਖਿਡਾਰਨ ਬਣੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਕ ਸਮਾਗਮ ਵਿਚ ਉਸ ਦੀ ਉਚੇਚੀ ਤਾਰੀਫ ਵੀ ਕੀਤੀ।