ਪਾਲ ਸਿੰਘ ਨੌਲੀ
ਜਲੰਧਰ, 23 ਅਪਰੈਲ
ਮੰਡੀਆਂ ਵਿੱਚ ਕਣਕ ਨੂੰ ਮੀਂਹ ਤੋਂ ਬਚਾਉਣ ਲਈ ਸਰਕਾਰ ਵੱਲੋਂ ਕੀਤੇ ਪ੍ਰਬੰਧ ਨਿਗੂਣੇ ਸਾਬਤ ਹੋ ਰਹੇ ਹਨ ਤੇ ਕਿਸਾਨਾਂ ਵਿੱਚ ਗੁੱਸਾ ਸਿਖਰਾਂ ’ਤੇ ਹੈ। ਜਲੰਧਰ ਸਮੇਤ ਆਲੇ ਦੁਆਲੇ ਦੀਆਂ ਮੰਡੀਆਂ ਵਿੱਚ ਕਿਸਾਨ ਅਤੇ ਆੜ੍ਹਤੀਏ ਬਾਰਦਾਨਾ ਨਾ ਪਹੁੰਚਣ ਤੋਂ ਔਖੇ ਹਨ। ਜਿਹੜੀ ਕਣਕ ਖਰੀਦੀ ਵੀ ਗਈ ਹੈ ਉਹ ਮੰਡੀਆਂ ਦੇ ਫੜ੍ਹਾਂ ਵਿੱਚ ਭਿੱਜ ਗਈ ਹੈ। ਕਣਕਾਂ ਦੇ ਲੱਹੇ ਬੋਹਲਾਂ ਹੇਠਾਂ ਵੀ ਮੀਂਹ ਦਾ ਪਾਣੀ ਫਿਰ ਗਿਆ ਹੈ। ਕਿਸਾਨਾਂ ਨੇ ਦੱਸਿਆ ਕਿ ਪ੍ਰਸ਼ਾਸਨ ਭਾਵੇੇਂ ਪ੍ਰਬੰਧਾਂ ਦੇ ਜੋ ਮਰਜ਼ੀ ਦਾਅਵੇ ਕਰੀ ਜਾਵੇ ਪਰ ਅਸਲ ਸਥਿਤੀ ਤਾਂ ਮੰਡੀਆਂ ਵਿੱਚ ਆ ਕੇ ਪਤਾ ਚੱਲਦੀ ਹੈ। ਕਿਸਾਨਾਂ ਤੇ ਆੜ੍ਹਤੀਆਂ ਨੇ ਦੱਸਿਆ ਕਿ ਜਿਹੜੀਆਂ ਤਰਪਾਲਾਂ ਦਿੱਤੀਆਂ ਗਈਆਂ ਹਨ ਉਹ ਏਨੀਆਂ ਮਾੜੀਆਂ ਹਨ ਕਿ ਜਦੋਂ ਉਨ੍ਹਾਂ ਨੂੰ ਖਿੱਚ ਕੇ ਬੋਰੀਆਂ ’ਤੇ ਪਾਉਣ ਲੱਗਦੇ ਹਾਂ ਤਾਂ ਤਰਪਾਲਾਂ ਪਾਟ ਜਾਂਦੀਆਂ ਹਨ। ਮੀਂਹ ਨਾਲ ਭਿੱਜੀਆਂ ਕਣਕ ਦੀਆਂ ਬੋਰੀਆਂ ਉਂਝ ਹੀ ਉਥੋਂ ਚੁੱਕੀਆਂ ਜਾ ਰਹੀਆਂ ਹਨ। ਉਧਰ ਖੇਤੀਬਾੜੀ ਵਿਭਾਗ ਨੇ ਦੱਸਿਆ ਕਿ ਜਲੰਧਰ ਵਿੱਚ 10 ਐੱਮਐੱਮ, ਨਕੋਦਰ ਵਿਚ 6 ਐੱਮਐੱਮ, ਫਿਲੌਰ ਵਿਚ 4.1 ਐੱਮਐੱਮ ਅਤੇ ਸ਼ਾਹਕੋਟ ਵਿਚ 2.5 ਐੱਮਐੱਮ ਮੀਂਹ ਪਿਆ ਹੈ।
ਇਸੇ ਤਰ੍ਹਾਂ ਜਲੰਧਰ ਦੇ ਨਾਲ ਲੱਗਦੇ ਕਾਲਾ ਸੰਘਿਆਂ ਕਸਬੇ ਦੀ ਮੰਡੀ ਵਿਚ ਕਣਕ ਭਿੱਜ ਗਈ। ਕਿਸਾਨ ਹਰਪ੍ਰੀਤ ਸਿੰਘ ਨੇ ਦੱਸਿਆ ਕਿ ਕਈ ਦਿਨਾਂ ਤੋਂ ਬਾਰਦਾਨਾ ਨਾ ਆਉਣ ਕਰਕੇ ਮੰਡੀ ਵਿਚ ਕਣਕ ਦੇ ਢੇਰ ਲੱਗੇ ਹੋਏ ਹਨ। ਜਿਹੜੀਆਂ ਬੋਰੀਆਂ ਭਰੀਆਂ ਪਈਆਂ ਹਨ ਉਹ ਅਜੇ ਤੱਕ ਨਹੀਂ ਚੁੱਕੀਆਂ ਗਈਆਂ। ਮੰਡੀ ਵਿਚ ਹੋਰ ਕਣਕ ਲਿਆਉਣ ਲਈ ਕਿਤੇ ਥਾਂ ਨਹੀਂ ਬਚੀ। ਉਨ੍ਹਾਂ ਦੱਸਿਆ ਕਿ ਮੰਡੀ ਨੀਵੇਂ ਥਾਂ ਹੋਣ ਕਰਕੇ ਸੜਕ ਦਾ ਪਾਣੀ ਵੀ ਮੰਡੀ ਵਿਚ ਆ ਜਾਂਦਾ ਹੈ।
ਸੁਲਤਾਨਪੁਰ ਲੋਧੀ ਦੀ ਮੰਡੀ ਵਿਚ ਮੀਂਹ ਹਟਣ ਤੋਂ ਬਾਅਦ ਪਾਣੀ ਕੱਢਣ ਵਿਚ ਲੱਗੇ ਮਜ਼ਦੂਰਾਂ ਤੇ ਕਿਸਾਨਾਂ ਨੇ ਦੱਸਿਆ ਕਿ ਸਰਕਾਰ ਵੱਲੋਂ ਕਣਕ ਖਰੀਦਣ ਦੇ ਕੀਤੇ ਜਾ ਰਹੇ ਦਾਅਵੇ ਝੂਠੇ ਸਾਬਤ ਹੋਏ ਹਨ। ਕਿਸਾਨ ਬਲਵਿੰਦਰ ਸਿੰਘ, ਜਿਹੜਾ ਕਿ ਦਿੱਲੀ ਮੋਰਚੇ ਵਿਚੋਂ ਕਣਕ ਦੀ ਵਾਢੀ ਲਈ ਵਾਪਸ ਆਇਆ ਸੀ, ਨੇ ਦੱਸਿਆ ਕਿ ਜ਼ਿਲ੍ਹੇ ਦੀਆਂ ਸਾਰੀਆਂ ਮੰਡੀਆਂ ਵਿਚ ਕਣਕ ਨੂੰ ਸੰਭਾਲਣ ਦੇ ਪੁਖਤਾ ਪ੍ਰਬੰਧ ਨਹੀਂ ਹਨ।
ਪਠਾਨਕੋਟ (ਐੱਨਪੀ ਧਵਨ): ਬਾਰਸ਼ ਕਾਰਨ ਮੰਡੀਆਂ ਵਿੱਚ ਕਣਕ ਅਤੇ ਖੇਤਾਂ ਵਿੱਚ ਖੜ੍ਹੀ ਫਸਲ ਨੁਕਸਾਨੀ ਗਈ ਹੈ। ਭੋਆ ਵਿਧਾਨ ਸਭਾ ਹਲਕੇ ਅੰਦਰ ਆਉਂਦੀ ਤਾਰਾਗੜ੍ਹ ਦੀ ਮੰਡੀ ਵਿੱਚ ਫਸਲ ਭਿੱਜਣ ਨਾਲ ਆੜ੍ਹਤੀਆਂ ਤੇ ਕਿਸਾਨਾਂ ਨੂੰ ਭਾਰੀ ਨੁਕਸਾਨ ਹੋਇਆ ਹੈ। ਆੜ੍ਹਤੀ ਪ੍ਰੇਮਨਾਥ ਨੇ ਦੱਸਿਆ ਕਿ ਅਨਾਜ ਮੰਡੀ ਵਿੱਚ ਬਾਰਸ਼ ਦੇ ਪਾਣੀ ਦਾ ਵਹਾਅ ਉਸ ਦੇ ਕੱਚੇ ਫੜ੍ਹ ਵੱਲ ਆਉਂਦਾ ਹੈ ਅਤੇ ਉਥੇ ਬਾਰਦਾਨੇ ਵਿੱਚ ਪੈਕ ਕਰਕੇ ਲਿਫਟ ਕਰਨ ਲਈ ਰੱਖੀ ਗਈ ਕਣਕ ਭਿੱਜ ਗਈ ਹੈ। ਇਸ ਸਬੰਧੀ ਜਦੋਂ ਵੇਅਰਹਾਊਸ ਖਰੀਦ ਏਜੰਸੀ ਦੇ ਇੰਸਪੈਕਟਰ ਮੁਨੀਸ਼ ਮਹਾਜਨ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਕਿ ਮੰਡੀ ਵਿੱਚ ਖਰੀਦੀ ਗਈ 1490 ਕੁਇੰਟਲ ਕਣਕ ਦੀ ਲਿਫਟਿੰਗ ਹੋ ਚੁੱਕੀ ਹੈ ਜਦਕਿ ਮੰਡੀ ਵਿੱਚ ਆਈ ਕਣਕ ਦੀ ਦੇਖਰੇਖ ਅਤੇ ਸੰਭਾਲ ਦੀ ਜਿੰਮੇਵਾਰੀ ਆੜ੍ਹਤੀਆਂ ਦੀ ਹੁੰਦੀ ਹੈ। ਉਨ੍ਹਾਂ ਕਿਸਾਨਾਂ ਅਤੇ ਆੜ੍ਹਤੀਆਂ ਨੂੰ ਅਪੀਲ ਕੀਤੀ ਕਿ ਭਿੱਜੀ ਹੋਈ ਫਸਲ ਨੂੰ ਸੁਕਾਉਣ ਬਾਅਦ ਹੀ ਪੈਕ ਕੀਤਾ ਜਾਵੇ।
ਹੁਸ਼ਿਆਰਪੁਰ (ਹਰਪ੍ਰੀਤ ਕੌਰ): ਮੀਂਂਹ ਤੇ ਝੱਖੜ ਨੇ ਜਿੱਥੇ ਕਣਕਾਂ ਦੀ ਬਰਬਾਦੀ ਕੀਤੀ ਹੈ, ਉੱਥੇ ਜਨ ਸੰਪਤੀ ਦਾ ਵੀ ਨੁਕਸਾਨ ਹੋਇਆ ਹੈ। ਸ਼ਹਿਰ ਤੇ ਆਸਪਾਸ ਦੇ ਇਲਾਕਿਆਂ ’ਚ ਥਾਂ-ਥਾਂ ’ਤੇ ਬਿਜਲੀ ਦੇ ਖੰਭੇ, ਦਰੱਖਤ ਅਤੇ ਫਲੈਕਸ ਆਦਿ ਢਹਿ-ਢੇਰੀ ਹੋ ਗਏ ਹਨ। ਕਈ ਇਲਾਕਿਆਂ ਵਿਚ ਪੂਰੀ ਰਾਤ ਬਿਜਲੀ ਦੀ ਸਪਲਾਈ ਬੰਦ ਰਹੀ। ਪਾਵਰਕੌਮ ਦਾ ਸਟਾਫ਼ ਦੇਰ ਤੱਕ ਮੁਰੰਮਤ ਕਾਰਜਾਂ ’ਚ ਲੱਗਿਆ ਰਿਹਾ। ਬਿਜਲੀ ਬੰਦ ਹੋਣ ਕਾਰਨ ਕਈ ਮੁਹੱਲਿਆਂ ’ਚ ਪਾਣੀ ਦੀ ਵੀ ਸਮੱਸਿਆ ਬਣੀ ਰਹੀ।
ਖੇਤਾਂ ਵਿੱਚ ਕਣਕ ਦੀ ਫਸਲ ਵਿਛੀ; ਅੰਨਦਾਤਾ ਪ੍ਰੇਸ਼ਾਨ
ਤਰਨ ਤਾਰਨ (ਗੁਰਬਖਸ਼ਪੁਰੀ): ਇਲਾਕੇ ਵਿੱਚ ਮੀਂਹ ਨੇ ਕਣਕ ਦੀ ਫਸਲ ਦਾ ਭਾਰੀ ਨੁਕਸਾਨ ਕੀਤਾ ਹੈ ਜਦੋਂਕਿ ਪਹਿਲਾਂ ਹੀ ਕਣਕ ਦੀਆਂ ਵਾਢੀਆਂ ਲੇਟ ਹਨ| ਇਸੇ ਦੌਰਾਨ ਡਿਪਟੀ ਕਮਿਸ਼ਨਰ ਕੁਲਵੰਤ ਸਿੰਘ ਨੇ ਫਸਲਾਂ ਦੇ ਨੁਕਸਾਨ ਤੋਂ ਇਨਕਾਰ ਕਰਦਿਆਂ ਕਿਹਾ ਹੈ ਕਿ ਇਸ ਹਾਲਤ ਵਿੱਚ ਵਿਸ਼ੇਸ਼ ਗਿਰਦਾਵਰੀ ਕਰਵਾਏ ਜਾਣ ਦੀ ਜ਼ਰੂਰਤ ਨਹੀਂ ਹੈ| ਤਰਨ ਤਾਰਨ ਜ਼ਿਲ੍ਹੇ ਦੇ ਝਬਾਲ, ਗੋਹਲਵੜ੍ਹ, ਪੰਡੋਰੀ ਸਿਧਵਾਂ, ਮੰਨਣ, ਸੁਰਸਿੰਘ, ਖਾਲੜਾ, ਵਲਟੋਹਾ, ਖੇਮਕਰਨ, ਰਾਜੋਕੇ, ਸਰਹਾਲੀ, ਨੌਸ਼ਹਿਰਾ ਪੰਨੂੰਆਂ, ਰੱਤਾਗੁੱਦਾ, ਏਕਲਗੱਡਾ, ਗੰਡੀਵਿੰਡ, ਖੇਮਕਰਨ ਵਿੱਚ ਬਾਰਸ਼ ਤੇ ਤੇਜ਼ ਹਵਾਵਾਂ ਕਾਰਨ ਕਣਕਾਂ ਲੰਬੀਆਂ ਪੈ ਗਈਆਂ ਹਨ| ਪਿੰਡ ਰਸੂਲਪੁਰ ਦੇ ਕਿਸਾਨ ਤੇਜਿੰਦਰਪਾਲ ਸਿੰਘ ਨੇ ਦੱਸਿਆ ਕਿ ਕਣਕਾਂ ਦੇ ਖੇਤ ਗਿੱਲੇ ਹਨ ਜਿਨ੍ਹਾਂ ਨੂੰ ਸੁੱਕਣ ਲਈ ਦੋ ਦਿਨ ਲੱਗ ਜਾਣਗੇ| ਬਾਬਾ ਸਿਧਾਣਾ ਝਬਾਲ ਇਲਾਕੇ ਦੇ ਕਿਸਾਨ ਬਲਜੀਤ ਸਿੰਘ ਨੇ ਦੱਸਿਆ ਕਿ ਕਣਕਾਂ ਦਾ 40 ਫੀਸਦ ਤੱਕ ਦਾ ਨੁਕਸਾਨ ਹੋ ਗਿਆ ਹੈ| ਚੰਬਾ ਪਿੰਡ ਦੇ ਕਿਸਾਨ ਪਰਗਟ ਸਿੰਘ ਕਿਹਾ ਕਿ ਬਾਰਸ਼ ਨਾਲ ਵਾਢੀ ਤਿੰਨ ਦਿਨ ਲਈ ਲੇਟ ਹੋ ਗਈ ਹੈ|